ਚੋਣ ਜ਼ਾਬਤੇ ਦੀ ਉਲੰਘਣਾ: ਪੁਲੀਸ ਵੱਲੋਂ ਅੱਠ ਮੈਰਿਜ ਪੈਲੇਸਾਂ ਨੂੰ ਨੋਟਿਸ ਜਾਰੀ
ਇਕਬਾਲ ਸਿੰਘ ਸ਼ਾਂਤ
ਲੰਬੀ, 29 ਮਾਰਚ
ਥਾਣਾ ਮੰਡੀ ਕਿੱਲਿਆਂਵਾਲੀ ਨੇ ਆਦਰਸ਼ ਚੋਣ ਜ਼ਾਬਤੇ ਦੇ ਹਵਾਲੇ ਨਾਲ ਮੈਰਿਜਾਂ ਪੈਲੇਸਾਂ ’ਚ ਉੱਚੀ ਆਵਾਜ਼ ਅਤੇ ਦੇਰ ਰਾਤ ਤੱਕ ਚੱਲਦੇ ਡੀ.ਜੇ. ਸਾਊਂਡ ਦੇ ਸ਼ੋਰ ਪ੍ਰਦੂਸ਼ਣ ਬਾਰੇ ਸਖ਼ਤ ਰੁਖ਼ ਅਪਣਾਇਆ ਹੈ। ਪੁਲੀਸ ਨੇ ਕਸਬੇ ਦੇ ਅੱਠ ਮੈਰਿਜ ਪੈਲੇਸਾਂ ਨੂੰ ਨੋਟਿਸ ਜਾਰੀ ਕੀਤੇ ਹਨ। ਨੋਟਿਸ ਮੁਤਾਬਕ ਮੈਰਿਜ ਪੈਲੇਸਾਂ ’ਚ ਡੀਜੇ ਸਾਊਂਡ ਚਲਾਉਣ ਲਈ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਤੋਂ ਮਨਜ਼ੂਰੀ ਲਿਆਉਣ ਹੋਵੇਗੀ ਤੇ ਇਸ ਮਨਜ਼ੂਰੀ ਮੁਤਾਬਕ ਨਿਰਧਾਰਤ ਪੈਰਾ-ਮੀਟਰ ਅਤੇ ਨਿਰਧਾਰਤ ਸਮੇਂ ਤਹਿਤ ਡੀ.ਜੇ. ਚਲਾਇਆ ਜਾ ਸਕੇਗਾ।
ਨੋਟਿਸ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਲੋਕ ਸਭਾ ਚੋਣਾਂ-2024 ਲਈ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਚੁੱਕਾ ਹੈ। ਮੈਰੇਜਾਂ ਪੈਲਸਾਂ ਵਿੱਚ ਚੱਲਦੇ ਤੇਜ਼ ਆਵਾਜ਼ ਡੀ.ਜੇ. ਕਾਰਨ ਬਹੁਤ ਜ਼ਿਆਦਾ ਸ਼ੋਰ ਪ੍ਰਦੂਸ਼ਣ ਹੋ ਰਿਹਾ ਹੈ। ਅਜਿਹੇ ਵਿੱਚ ਚੋਣ ਕਮਿਸ਼ਨ ਵੱਲੋਂ ਸਮੇਂ-ਸਮੇਂ ’ਤੇ ਜਾਰੀ ਹੋਣ ਵਾਲੀਆਂ ਸੂਚਨਾਵਾਂ ਦੀ ਮੁਨਿਆਦੀ ਦੀ ਆਵਾਜ਼ ਆਮ ਜਨਤਾ ਤੱਕ ਨਹੀਂ ਪਹੁੰਚਦੀ। ਪੁਲੀਸ ਦਾ ਪੱਖ ਹੈ ਕਿ ਡੀ.ਜੇ. ਦੇ ਸ਼ੋਰ ਪ੍ਰਦੂਸ਼ਣ ਕਾਰਨ ਚੋਣ ਅਮਲੇ ਨੂੰ ਆਪਣੇ ਫਰਜ਼ ਨਿਭਾਉਣ ਅਤੇ ਜਨਤਾ ਤੱਕ ਹਦਾਇਤਾਂ ਪਹੁੰਚਾਉਣ ਵਿੱਚ ਦਿੱਕਤ ਆ ਰਹੀ ਹੈ।
ਥਾਣਾ ਕਿਲਿਆਂਵਾਲੀ ਦੇ ਮੁਖੀ ਬਲਰਾਜ ਸਿੰਘ ਨੇ ਕਿਹਾ ਨੋਟਿਸ ਦੀ ਉਲੰਘਣਾ ਹੋਣ ਅਤੇ ਡੀਜੇ ਦੇ ਸ਼ੋਰ ਪ੍ਰਦੂਸ਼ਣ ਦੀ ਸ਼ਿਕਾਇਤ/ਸੂਚਨਾ ਆਉਣ ’ਤੇ ਮੈਰਿਸ ਪੈਲੇਸਾਂ ’ਤੇ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।