ਵਿਨੇਸ਼ ਆਪਣੇ ਫੈਸਲੇ ’ਤੇ ਮੁੜ ਗੌਰ ਕਰੇ: ਬਬੀਤਾ
ਨਵੀਂ ਦਿੱਲੀ:
ਰਾਸ਼ਟਰਮੰਡਲ ਖੇਡਾਂ ਵਿਚ ਸੋਨ ਤਗ਼ਮਾ ਜੇਤੂ ਮਹਿਲਾ ਪਹਿਲਵਾਨ ਬਬੀਤਾ ਫੋਗਾਟ ਨੇ ਆਪਣੀ ਚਚੇਰੀ ਭੈਣ ਵਿਨੇਸ਼ ਫੋਗਾਟ ਨੂੰ ਸਲਾਹ ਦਿੱਤੀ ਹੈ ਕਿ ਉਹ ਕੁਸ਼ਤੀ ਤੋਂ ਸੰਨਿਆਸ ਲੈਣ ਦੇ ਆਪਣੇ ਫੈਸਲੇ ’ਤੇ ਮੁੜ ਗੌਰ ਕਰੇ। ਬਬੀਤਾ ਨੇ ਕਿਹਾ ਕਿ ਪੂਰਾ ਦੇਸ਼ ਵਿਨੇਸ਼ ਦੇ ਇਸ ਫੈਸਲੇ ਤੋਂ ਉਦਾਸ ਹੈ ਤੇ ਆਸ ਕਰਦੇ ਹਾਂ ਕਿ ਉਹ ਆਪਣੇ ਫੈਸਲੇ ’ਤੇ ਗੌਰ ਕਰਦਿਆਂ 2028 ਲਾਸ ਏਂਜਲਸ ਖੇਡਾਂ ਲਈ ਤਿਆਰੀ ਕਰੇਗੀ। ਟੋਕੀਓ ਓਲੰਪਿਕ ਵਿਚ ਕਾਂਸੀ ਦਾ ਤਗ਼ਮਾ ਜੇਤੂ ਪਹਿਲਵਾਨ ਬਜਰੰਗ ਪੂਨੀਆ ਨੇ ਕਿਹਾ ਕਿ ਵਿਨੇਸ਼ ਹਾਰੀ ਨਹੀਂ, ਉਸ ਨੂੰ ਹਰਾਇਆ ਗਿਆ ਹੈ। ਪੂਨੀਆ ਨੇ ਕਿਹਾ, ‘‘ਵਿਨੇਸ਼ ਤੁਹਾਡੇ ਜਿਹੀ ਬੇਟੀ ਰੱਬ ਹਰ ਘਰ ਵਿਚ ਦੇਵੇ, ਤੁਸੀਂ ਹਮੇਸ਼ਾ ਕੁਸ਼ਤੀ ਦੇ ਲੀਜੈਂਡ ਵਜੋਂ ਜਾਣੇ ਜਾਓਗੇ।’’ ਸਾਕਸ਼ੀ ਮਲਿਕ ਨੇ ਕਿਹਾ, ‘‘ਵਿਨੇਸ਼ ਤੁਸੀਂ ਇਕੱਲੇ ਨਹੀਂ ਹਾਰੇ ਹੋ। ਇਹ ਦੇਸ਼ ਦੀ ਹਰ ਉਸ ਧੀ ਦੀ ਹਾਰ ਹੈ, ਜਿਸ ਲਈ ਤੁਸੀਂ ਲੜੇ।’’ ਦਰੋਣਾਚਾਰੀਆ ਐਵਾਰਡੀ ਕੋਚ ਮਹਾਵੀਰ ਫੋਗਾਟ ਨੇ ਕਿਹਾ ਕਿ ਵਿਨੇਸ਼ ਨੇ ਇਹ ਫੈਸਲਾ ਸ਼ਾਇਦ ਤੈਸ਼ ਵਿਚ ਆ ਕੇ ਲੈ ਲਿਆ। ਉਨ੍ਹਾਂ ਕਿਹਾ ਕਿ ਵਿਨੇਸ਼ ਨੂੰ 2028 ਲਾਸ ਏਂਜਲਸ ਓਲੰਪਿਕ ਖੇਡਣ ਲਈ ਹੱਲਾਸ਼ੇਰੀ ਦੇਵਾਂਗੇ। ਸਾਬਕਾ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌਰ ਨੇ ਕਿਹਾ ਕਿ ਜੋ ਕੁਝ ਹੋਇਆ ਉਹ ‘ਦੁਖਦਾਈ ਤੇ ਦਿਲ ਤੋੜਨ’ ਵਾਲਾ ਹੈ। ਉਨ੍ਹਾਂ ਮਹਿਲਾ ਪਹਿਲਵਾਨ ਨਾਲ ਇਕਮੁੱਠਤਾ ਜ਼ਾਹਿਰ ਕੀਤੀ। -ਪੀਟੀਆਈ