ਵਿਨੇਸ਼ ਨੂੰ ਹਾਲੇ ਰਾਜਨੀਤੀ ’ਚ ਨਹੀਂ ਆਉਣਾ ਚਾਹੀਦਾ ਸੀ: ਮਹਾਵੀਰ ਫੋਗਾਟ
ਚੰਡੀਗੜ੍ਹ, 10 ਸਤੰਬਰ
Haryana Elections: ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਦੇ ਤਾਇਆ ਅਤੇ ਮਸ਼ਹੂਰ ਕੁਸ਼ਤੀ ਕੋਚ ਮਹਾਵੀਰ ਫੋਗਾਟ ਨੇ ਕਿਹਾ ਕਿ ਉਨ੍ਹਾਂ ਦੀ ਭਤੀਜੀ ਨੂੰ ਹਾਲੇ ਰਾਜਨੀਤੀ ਵਿਚ ਨਹੀਂ ਆਉਣ ਚਾਹੀਦਾ ਸੀ ਅਤੇ 2028 ਦੀਆਂ ਓਲੰਪਿਕ ਖੇਡਾਂ ਵਿਚ ਸੋਨ ਤਗ਼ਮਾ ਜਿੱਤਣ ਲਈ ਧਿਆਨ ਕੇਂਦਰਿਤ ਕਰਨਾ ਚਾਹੀਦਾ ਸੀ।
ਕਾਂਗਰਸ ਪਾਰਟੀ ਵੱਲੋਂ ਵਿਨੇਸ਼ ਫੋਗਾਟ ਨੂੰ ਹਰਿਆਣਾ ਵਿਧਾਨ ਸਭਾ ਚੋਣਾਂ ਵਿਚ ਜੁਲਾਨਾ ਤੋਂ ਉਮੀਦਵਾਰ ਬਣਾਏ ਜਾਣ ਤੋਂ ਬਾਅਦ ਮਹਾਵੀਰ ਫੋਗਾਟ ਦੀ ਇਹ ਟਿੱਪਣੀ ਸਾਹਮਣੇ ਆਈ ਹੈ।
ਮਹਾਂਵੀਰ ਫੋਗਾਟ ਨੇ ਵਿਸ਼ਵਾਸ ਜਤਾਇਆ ਕਿ ਭਾਰਤੀ ਜਨਤਾ ਪਾਰਟੀ ਲਗਾਤਾਰ ਤੀਜੀ ਵਾਰ ਹਰਿਆਣਾ ਵਿੱਚ ਸੱਤਾ ’ਚ ਆਵੇਗੀ। ਜ਼ਿਕਰਯੋਗ ਹੈ ਕਿ ਮਹਾਵੀਰ ਫੋਗਾਟ ਦੀ ਧੀ ਬਬੀਤਾ ਫੋਗਾਟ 2018 ਵਿਚ ਭਾਜਪਾ ਵਿਚ ਸ਼ਾਮਲ ਹੋ ਗਈ ਸੀ, ਜੋ ਕਿ 2019 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਦਾਦਰੀ ਤੋਂ ਹਾਰ ਗਈ ਸੀ।
ਮਹਾਂਵੀਰ ਫੋਗਾਟ ਨੇ ਇਸ ਖਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਦਾ ਫ਼ੈਸਲਾ ਹੈ, ਅੱਜ ਕੱਲ ਬੱਚੇ ਆਪਣੇ ਫੈਸਲੇ ਖੁਦ ਲੈਂਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਜਦੋਂ ਉਨ੍ਹਾਂ ਨੇ ਵਿਨੇਸ਼ ਨਾਲ ਹਾਲ ਹੀ ’ਚ ਗੱਲਬਾਤ ਕੀਤੀ ਸੀ ਤਾਂ ਉਸਦਾ ਰਾਜਨੀਤੀ ਆਉਣ ਦਾ ਕੋਈ ਇਰਾਦਾ ਨਹੀਂ ਸੀ। ਉਨ੍ਹਾਂ ਕਿਹਾ ਕਿ ਮੇਰੀ ਇੱਛਾ ਸੀ ਕਿ ਉਹ ਆਪਣੀ ਖੇਡ ’ਤੇ ਧਿਆਨ ਦੇਵੇ ਅਤੇ 2028 ਵਿਚ ਸੋਨ ਤਗ਼ਮਾ ਜਿੱਤੇ। -ਪੀਟੀਆਈ
#Vinesh Phogat #Mahavir Singh Phogat #Haryana Elections