For the best experience, open
https://m.punjabitribuneonline.com
on your mobile browser.
Advertisement

ਓਲੰਪੀਅਨਾਂ ਦੀ ਓਲੰਪੀਅਨ ਪਹਿਲਵਾਨ ਵਿਨੇਸ਼ ਫੋਗਾਟ

07:42 AM Aug 25, 2024 IST
ਓਲੰਪੀਅਨਾਂ ਦੀ ਓਲੰਪੀਅਨ ਪਹਿਲਵਾਨ ਵਿਨੇਸ਼ ਫੋਗਾਟ
Advertisement

ਪ੍ਰਿੰ. ਸਰਵਣ ਸਿੰਘ

ਵਿਨੇਸ਼ ਫੋਗਾਟ ਹਰਿਆਣੇ ਦਾ ਮਾਣ ਤੇ ਭਾਰਤ ਦੀ ਸ਼ਾਨ ਹੈ। ਉਹ ਰਾਸ਼ਟਰਮੰਡਲ ਖੇਡਾਂ, ਏਸ਼ਿਆਈ ਚੈਂਪੀਅਨਸ਼ਿਪਾਂ ਤੇ ਵਿਸ਼ਵ ਚੈਂਪੀਅਨਸ਼ਿਪਾਂ ’ਚੋਂ 5 ਸੋਨੇ,
3 ਚਾਂਦੀ ਤੇ 7 ਕਾਂਸੀ ਦੇ ਤਗ਼ਮਿਆਂ ਸਣੇ ਭਾਰਤ ਲਈ 15 ਮੈਡਲ ਜਿੱਤ ਚੁੱਕੀ ਹੈ।

Advertisement

ਵਿਨੇਸ਼ ਫੋਗਾਟ ਓਲੰਪਿਕ ਚੈਂਪੀਅਨ ਬਣ ਰਹੀ ਸੀ। ਅਫ਼ਸੋਸ ਕਿ ਬਣਦੀ ਬਣਦੀ ਰਹਿ ਗਈ। ਸੈਮੀਫਾਈਨਲ ਜਿੱਤ ਕੇ ਵੀ ਉਸ ਨੂੰ ਕੋਈ ਤਗ਼ਮਾ ਨਾ ਮਿਲਿਆ। ਉਹਦੇ ਨਾਲ ਜੱਗੋਂ ਤੇਰ੍ਹਵੀਂ ਹੋਈ। ਦੇਸ਼ ਵਾਸੀ ਤਾਂ ਕੀ ਵਿਦੇਸ਼ੀ ਵੀ ਕਹਿੰਦੇ ਹਨ ਕਿ ਵਿਨੇਸ਼ ਨਾਲ ਡਾਹਢਾ ਅਨਿਆਂ ਹੋਇਆ। ਕੋਈ ਇਸ ਪਿੱਛੇ ਸਾਜ਼ਿਸ਼ ਦੱਸ ਰਿਹਾ ਹੈ, ਕੋਈ ਉਹਦੇ ਵੱਲੋਂ ਲੜੇ ਜੁਝਾਰੂ ਸੰਘਰਸ਼ ਦਾ ਬਦਲਾ। ਆਮ ਲੋਕਾਂ ਦੀਆਂ ਨਜ਼ਰਾਂ ’ਚ ਉਹ ਫਿਰ ਵੀ ਓਲੰਪੀਅਨਾਂ ਦੀ ਓਲੰਪੀਅਨ ਤੇ ਚੈਂਪੀਅਨਾਂ ਦੀ ਚੈਂਪੀਅਨ ਹੈ। ਇਹ ਵੱਖਰੀ ਗੱਲ ਹੈ ਕਿ 50 ਕਿਲੋ ਤੋਂ 100 ਗਰਾਮ ਵੱਧ ਨਹੀਂ, ਸਿਰਫ਼ 50 ਗਰਾਮ ਵਾਧੂ ਵਜ਼ਨ ਨੇ ਉਸ ਨੂੰ ਓਲੰਪਿਕ ਖੇਡਾਂ ਦੇ ਮੈਡਲ ਤੋਂ ਮਹਿਰੂਮ ਕਰਵਾ ਦਿੱਤਾ। ਨਿਯਮਾਂ ਅਨੁਸਾਰ 50 ਗਰਾਮ ਤੱਕ ਵਧੇ ਵਜ਼ਨ ਦੀ ਛੋਟ ਸੀ।
ਉਹ ਭਾਰਤ ਲਈ ਕੁਸ਼ਤੀ ਦਾ ਪਹਿਲਾ ਗੋਲਡ ਮੈਡਲ ਜਿੱਤਣ ਵਾਲੀ ਸੀ। ਚਾਰ ਵਾਰ ਦੀ ਵਿਸ਼ਵ ਜੇਤੂ, ਟੋਕੀਓ ਦੀ ਓਲੰਪਿਕ ਚੈਂਪੀਅਨ ਜਾਪਾਨ ਦੀ ਸੁਜ਼ਾਕੀ ਨੂੰ ਉਸ ਨੇ ਪ੍ਰੀ-ਕੁਆਰਟਰ ਮੁਕਾਬਲੇ ’ਚ ਹਰਾ ਦਿੱਤਾ ਸੀ। ਪ੍ਰੀ ਕੁਆਰਟਰ, ਕੁਆਰਟਰ ਫਾਈਨਲ ਤੇ ਸੈਮੀਫਾਈਨਲ ਮੁਕਾਬਲਾ 49 ਕਿਲੋ 900 ਗਰਾਮ ਦੇ ਸਹੀ ਵਜ਼ਨ ਨਾਲ ਜਿੱਤ ਕੇ ਉਹ ਸਿਲਵਰ ਮੈਡਲ ਲਈ ਕੁਆਲੀਫਾਈ ਕਰ ਗਈ ਸੀ, ਪਰ ਫਾਈਨਲ ਮੁਕਾਬਲੇ ਤੋਂ ਪਹਿਲਾਂ ਜੋਖੇ ਵਜ਼ਨ ਵਿੱਚ 50 ਗਰਾਮ ਦੇ ਵਾਧੂ ਭਾਰ ਦੀ ਸਜ਼ਾ ਏਡੀ ਮਿਲੀ ਕਿ ਉਸ ਨੂੰ ਡਿਸਕੁਆਲੀਫਾਈ ਕਰ ਕੇ ਸਭ ਤੋਂ ਥੱਲੇ ਲਾ ਦਿੱਤਾ ਗਿਆ। ਜਿਸ ਪਹਿਲਵਾਨ ਨੂੰ ਉਸ ਨੇ ਸੈਮੀਫਾਈਨਲ ਵਿੱਚ ਹਰਾਇਆ ਸੀ ਉਸ ਨਾਲ ਹੀ ਸਿਲਵਰ ਮੈਡਲ ਸਾਂਝਾ ਕਰਨ ਲਈ ਕੀਤੀ ਉਸ ਦੀ ਅਪੀਲ ਵੀ ਰੱਦ ਕਰ ਦਿੱਤੀ ਗਈ। ਸੋਚੋ ਉਸ ਦੇ ਦਿਲ ’ਤੇ ਕੀ ਬੀਤੀ ਹੋਵੇਗੀ?
ਉਸ ਨੇ ਆਪਣੀ ਮਾਂ ਨੂੰ ਲਿਖਿਆ, “ਮਾਂ, ਕੁਸ਼ਤੀ ਜਿੱਤ ਗਈ, ਮੈਂ ਹਾਰ ਗਈ। ਕ੍ਰਿਪਾ ਕਰ ਕੇ ਮੈਨੂੰ ਮੁਆਫ਼ ਕਰ ਦਿਓ। ਤੁਹਾਡੇ ਸੁਫਨੇ ਤੇ ਮੇਰੀ ਹਿੰਮਤ, ਸਭ ਕੁਝ ਟੁੱਟ ਗਿਆ। ਮੇਰੇ ਵਿੱਚ ਹੁਣ ਹੋਰ ਤਾਕਤ ਨਹੀਂ ਬਚੀ। ਕੁਸ਼ਤੀ 2001-2024 ਨੂੰ ਅਲਵਿਦਾ! ਮੈਂ ਤੁਹਾਡੀ ਸਾਰਿਆਂ ਦੀ ਸ਼ੁਕਰਗੁਜ਼ਾਰ ਰਹਾਂਗੀ। ਮੈਨੂੰ ਮੁਆਫ਼ ਕਰ ਦਿਓ।”
ਏਧਰ ਮੀਡੀਆ ਖ਼ਬਰਾਂ ਪ੍ਰਸਾਰਿਤ ਕਰ ਰਿਹਾ ਸੀ: ਪੈਰਿਸ ਓਲੰਪਿਕ ਵਿੱਚ 7 ਅਗਸਤ ਨੂੰ ਜਦੋਂ ਕਰੋੜਾਂ ਭਾਰਤ ਵਾਸੀ ਕੁਸ਼ਤੀ ’ਚ ਪਹਿਲੇ ਗੋਲਡ ਮੈਡਲ ਦੀ ਉਡੀਕ ਕਰ ਰਹੇ ਸਨ ਤਾਂ ਭਾਰਤੀ ਖੇਡ ਇਤਿਹਾਸ ਦੀ ਸਭ ਤੋਂ ਸੰਵੇਦਨਸ਼ੀਲ ਤੇ ਸ਼ੱਕ ਭਰਪੂਰ ਘਟਨਾ ਨੇ ਪੂਰਾ ਦੇਸ਼ ਝੰਜੋੜ ਕੇ ਰੱਖ ਦਿੱਤਾ। 50 ਕਿਲੋ ਵਜ਼ਨ ਵਰਗ ਦੇ ਫਾਈਨਲ ਵਿੱਚ ਪੁੱਜੀ ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੂੰ 50 ਗਰਾਮ ਵਜ਼ਨ ਵੱਧ ਹੋਣ ਕਰਕੇ ਅਯੋਗ ਕਰਾਰ ਦੇ ਦਿੱਤਾ ਗਿਆ। ਵਿਨੇਸ਼ ਲਈ ਇਸ ਸਦਮੇ ’ਚੋਂ ਉੱਭਰਨਾ ਸੌਖਾ ਨਹੀਂ ਹੋਵੇਗਾ। ਰੀਓ ਦੀਆਂ ਓਲੰਪਿਕ ਖੇਡਾਂ 2016 ਵਿੱਚ ਵੀ ਉਹ ਮੈਡਲ ਜਿੱਤਦੀ ਜਿੱਤਦੀ ਸੱਟ ਖਾ ਬੈਠੀ ਸੀ ਜਿਸ ਕਰਕੇ ਮੁਕਾਬਲੇ ਤੋਂ ਬਾਹਰ ਹੋ ਗਈ ਸੀ। ਪਰ ਪੈਰਿਸ ’ਚ...।
ਭਾਰਤ ਪਰਤ ਕੇ ਕੁਝ ਸਮਾਂ ਉਹ ਕੁਝ ਵੀ ਨਹੀਂ ਸੀ ਬੋਲ ਸਕੀ। ਫਿਰ ‘ਆਪਣਿਆਂ’ ਨੂੰ ਆਇਆਂ ਵੇਖ ਕੇ ਉਹਦੇ ਸੀਨੇ ’ਚੋਂ ਨਿਕਲੇ ਹਉਕੇ ਤੇ ਅੱਖਾਂ ’ਚੋਂ ਡੁੱਲ੍ਹਦੇ ਹੰਝੂ ਹੀ ਉਸ ਦੀ ਜ਼ੁਬਾਨ ਬਣੇ ਜਿਨ੍ਹਾਂ ਨਾਲ ਉਸ ਦੇ ਸਵਾਗਤ ਲਈ ਆਏ ਲੋਕਾਂ ਦੀਆਂ ਅੱਖਾਂ ਵਿੱਚ ਵੀ ਅੱਥਰੂ ਛਲਕ ਪਏ। ਬਾਅਦ ਵਿੱਚ ਉਸ ਨੇ ਕੇਵਲ ਏਨਾ ਕਿਹਾ: ‘‘ਠੀਕ ਸਮਾਂ ਆਇਆ ਤਾਂ ਮੈਂ ਜ਼ਰੂਰ ਬੋਲਾਂਗੀ। 6 ਅਗਸਤ ਦੀ ਰਾਤ ਤੇ 7 ਅਗਸਤ ਦੀ ਸਵੇਰ ਮੇਰੇ ਲਈ ਕਹਿਰ ਦਾ ਸਮਾਂ ਸੀ। ਮੈਂ ਇੰਨਾ ਹੀ ਆਖਾਂਗੀ ਕਿ ਮੈਂ ਹੌਸਲਾ ਨਹੀਂ ਛੱਡਿਆ। ਮੈਂ ਝੁਕੀ ਨਹੀਂ। ਨਾ ਹੀ ਡੋਲੀ ਹਾਂ। ਸਾਡੇ ਯਤਨ ਜਾਰੀ ਰਹਿਣਗੇ। ਪਰ ਘੜੀ ਹੀ ਰੁਕ ਗਈ ਸੀ ਤੇ ਸਮਾਂ ਮੇਰੇ ਨਾਲ ਨਹੀਂ ਸੀ। ਇਹੋ ਮੇਰੀ ਤਕਦੀਰ ਸੀ। ਮੇਰੀ ਟੀਮ, ਮੇਰੇ ਦੇਸ਼ ਵਾਸੀ ਤੇ ਮੇਰਾ ਪਰਿਵਾਰ, ਮੈਂ ਸਭਨਾਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਮੇਰਾ ਮਕਸਦ, ਮੇਰਾ ਨਿਸ਼ਾਨਾ, ਮੇਰੀ ਮੰਜ਼ਿਲ ਅਜੇ ਨਹੀਂ ਆਈ। ਹਾਲਾਤ ਹਰ ਸਮੇਂ ਇੱਕੋ ਜਿਹੇ ਨਹੀਂ ਰਹਿੰਦੇ। ਹਾਲਾਤ ਬਦਲੇ ਤਾਂ ਹੋ ਸਕਦੈ ਮੈਂ 2032 ਤੱਕ ਵੀ ਕੁਸ਼ਤੀ ਕਰ ਸਕਾਂ ਕਿਉਂਕਿ ਮੇਰੇ ਅੰਦਰ ਕੁਸ਼ਤੀ ਲਈ ਜੋ ਅੱਗ ਬਲਦੀ ਹੈ ਉਹ ਬੁਝਣ ਵਾਲੀ ਨਹੀਂ।’’
ਪਹਿਲਾਂ ਓਲੰਪਿਕ ਖੇਡਾਂ ਵਿੱਚ ਕੁਸ਼ਤੀਆਂ ਦੇ ਦਸ ਵਜ਼ਨ ਹੁੰਦੇ ਸਨ। ਇੱਕੋ ਵਾਰ ਵਜ਼ਨ ਤੁਲਵਾ ਕੇ ਫਾਈਨਲ ਤੱਕ ਕੁਸ਼ਤੀਆਂ ਕਰਵਾ ਲਈਆਂ ਜਾਂਦੀਆਂ ਸਨ। ਪਰ ਪੈਰਿਸ ਵਿੱਚ ਕੁਸ਼ਤੀਆਂ ਦੇ ਛੇ ਵਜ਼ਨ ਹੀ ਸਨ। 50, 53, 57, 62, 68 ਤੇ 76 ਕਿਲੋ। ਵਿਨੇਸ਼ ਨੇ 2014 ਦੀਆਂ ਏਸ਼ਿਆਈ ਖੇਡਾਂ ਵਿੱਚੋਂ 48 ਕਿਲੋ ਵਜ਼ਨ ਵਰਗ ਦਾ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਉਸੇ ਸਾਲ 48 ਕਿਲੋ ਵਜ਼ਨ ’ਚ ਰਾਸ਼ਟਰਮੰਡਲ ਖੇਡਾਂ ਦਾ ਸੋਨ ਤਗ਼ਮਾ ਜਿੱਤਿਆ। 48 ਕਿਲੋ ਵਿੱਚ ਹੀ ਦੋਹਾ ਦੀ ਏਸ਼ਿਆਈ ਚੈਂਪੀਅਨਸ਼ਿਪ ਜਿੱਤੀ। 50 ਕਿਲੋ ਵਜ਼ਨ ਵਿੱਚ ਜਕਾਰਤਾ-2018 ਦੀਆਂ ਏਸ਼ਿਆਈ ਖੇਡਾਂ ਦਾ ਸੋਨ ਤਗ਼ਮਾ ਜਿੱਤਿਆ। 50 ਕਿਲੋ ਵਿੱਚ ਹੀ ਗੋਲਡ ਕੋਸਟ ਦੀਆਂ ਰਾਸ਼ਟਰਮੰਡਲ ਖੇਡਾਂ ਦਾ ਗੋਲਡ ਮੈਡਲ ਮਾਠਿਆ।
ਵਿਨੇਸ਼ ਦੀਆਂ ਵਧੇਰੇ ਜਿੱਤਾਂ 53 ਕਿਲੋਗਰਾਮ ਵਜ਼ਨ ਵਰਗ ਦੀਆਂ ਹਨ। ਮਸਲਨ ਵਿਸ਼ਵ ਚੈਂਪੀਅਨਸ਼ਿਪ 2019 ਤੇ 2022 ਵਿੱਚ ਉਸ ਨੇ 53 ਕਿਲੋ ਵਜ਼ਨ ਦੇ ਦੋ ਕਾਂਸੀ ਦੇ ਤਗ਼ਮੇ ਜਿੱਤੇ। 2022 ਵਿੱਚ ਬਰਮਿੰਘਮ ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚੋਂ 53 ਕਿਲੋਗਰਾਮ ਵਰਗ ਦਾ ਸੋਨ ਤਗ਼ਮਾ ਜਿੱਤਿਆ। 53 ਕਿਲੋ ਨਾਲ ਉਸ ਨੇ ਹੋਰ ਵੀ ਮਹਾਂਦੀਪੀ ਚੈਂਪੀਅਨਸ਼ਿਪਾਂ ਜਿੱਤੀਆਂ। ਟੋਕੀਓ ਓਲੰਪਿਕ ਖੇਡਾਂ-2021 ਵਿੱਚ ਵੀ ਉਸ ਨੇ 53 ਕਿਲੋ ਵਜ਼ਨ ’ਚ ਹੀ ਭਾਗ ਲਿਆ ਸੀ। ਇਸੇ ਕਰਕੇ ਉਹ ਪੈਰਿਸ ਦੀਆਂ ਓਲੰਪਿਕ ਖੇਡਾਂ ਵਿੱਚ ਵੀ 53 ਕਿਲੋਗਰਾਮ ਵਰਗ ਦੇ ਮੁਕਾਬਲਿਆਂ ’ਚ ਭਾਗ ਲੈਣਾ ਚਾਹੁੰਦੀ ਸੀ ਪਰ ਭਾਰਤੀ ਕੁਸ਼ਤੀ ਸੰਘ ਨੇ ਉਸ ਵਜ਼ਨ ਲਈ ਵਿਨੇਸ਼ ਦੇ ਟਰਾਇਲ ਨਾ ਲਏ। ਸੰਘ ਨੇ ਵਿਸ਼ਵ ਚੈਂਪੀਅਨਸ਼ਿਪ ’ਚੋਂ ਕਾਂਸੀ ਦਾ ਤਗ਼ਮਾ ਜਿੱਤੀ ਅੰਤਿਮ ਪੰਘਾਲ ਨੂੰ ਹੀ 53 ਕਿਲੋਗਰਾਮ ਵਰਗ ਦੀ ਕੁਸ਼ਤੀ ਲਈ ਚੁਣ ਲਿਆ, ਪਰ ਪੰਘਾਲ ਉਮੀਦਾਂ ’ਤੇ ਖਰੀ ਨਾ ਉਤਰ ਸਕੀ। ਉਲਟਾ ਆਪਣਾ ਸ਼ਨਾਖ਼ਤੀ ਕਾਰਡ ਆਪਣੀ ਭੈਣ ਨੂੰ ਦੇਣ ਕਰਕੇ ਦੇਸ਼ ਦੀ ਬਦਨਾਮੀ ਦਾ ਕਾਰਨ ਬਣੀ।
ਵਿਨੇਸ਼ ਨੇ ਕੁਸ਼ਤੀ ਸੰਘ ਮੂਹਰੇ ਕੋਈ ਚਾਰਾ ਨਾ ਚਲਦਾ ਵੇਖ ਆਪਣਾ ਵਜ਼ਨ ਬੜੀ ਮੁਸ਼ਕਲ ਨਾਲ ਘਟਾਇਆ ਤੇ 50 ਕਿਲੋਗਰਾਮ ਦੇ ਟਰਾਇਲ ਜਿੱਤ ਕੇ ਓਲੰਪਿਕ ਲਈ ਭਾਰਤੀ ਟੀਮ ਵਿੱਚ ਥਾਂ ਬਣਾਈ। 53 ਕਿਲੋ ’ਚ ਅੰਤਿਮ ਪੰਘਾਲ ਪਹਿਲੀ ਕੁਸ਼ਤੀ ਵਿੱਚ ਹੀ 0-10 ਅੰਕਾਂ ਨਾਲ ਹਾਰ ਕੇ ਮੁਕਾਬਲੇ ’ਚੋਂ ਬਾਹਰ ਹੋ ਗਈ ਪਰ ਵਿਨੇਸ਼ ਮਜਬੂਰੀਵੱਸ ਚੁਣੇ 50 ਕਿਲੋ ਵਜ਼ਨ ਵਰਗ ਦੇ ਫਾਈਨਲ ਮੁਕਾਬਲੇ ’ਚ ਪੁੱਜ ਗਈ। ਵਿਨੇਸ਼ ਪੂਰੇ ਅਨੁਸ਼ਾਸਨ ਵਿੱਚ ਰਹੀ ਜਦੋਂਕਿ ਅੰਤਿਮ ਪੰਘਾਲ ਨੂੰ ਅਨੁਸ਼ਾਸਨ ਭੰਗ ਕਰਨ ’ਤੇ ਉਸੇ ਵੇਲੇ ਓਲੰਪਿਕ ਪਿੰਡ ’ਚੋਂ ਕੱਢ ਕੇ ਜਹਾਜ਼ ਚੜ੍ਹਾ ਦਿੱਤਾ ਗਿਆ। ਵਿਨੇਸ਼ ਦੀਆਂ ਕੁਸ਼ਤੀਆਂ ਬੇਸ਼ਕ 7 ਅਗਸਤ ਨੂੰ ਖ਼ਤਮ ਹੋ ਗਈਆਂ ਸਨ ਪਰ ਉਸ ਨੂੰ 16 ਅਗਸਤ ਤੋਂ ਪਹਿਲਾਂ ਜਹਾਜ਼ ਨਾ ਚੜ੍ਹਾਇਆ ਗਿਆ। 17 ਅਗਸਤ ਨੂੰ ਉਹ ਪੈਰਿਸ ਤੋਂ ਦਿੱਲੀ ਪਰਤੀ ਤਾਂ ਉਸ ਦਾ ਅਜਿਹਾ ਸਵਾਗਤ ਹੋਇਆ ਜਿਹੋ ਜਿਹਾ ਪਹਿਲਾਂ ਕਿਸੇ ਖਿਡਾਰੀ ਦਾ ਨਹੀਂ ਸੀ ਹੋਇਆ। ਲੋਕਾਂ ਨੇ ਉਸ ਨੂੰ ਓਲੰਪਿਕ ਖੇਡਾਂ ਦੇ ਸੋਨ ਤਗ਼ਮਾ ਜੇਤੂ ਖਿਡਾਰੀਆਂ ਤੋਂ ਵੀ ਵੱਧ ਕਰੋੜਾਂ ਰੁਪਈਆਂ ਦੇ ‘ਲੋਕ ਸਨਮਾਨ’ ਦਿੱਤੇ। 25 ਅਗਸਤ ਉਸ ਦਾ ਜਨਮ ਦਿਨ ਹੈ ਜਿਸ ਦੀਆਂ ਹਾਰਦਿਕ ਮੁਬਾਰਕਾਂ ! ਹੋ ਸਕਦਾ ਹੈ ਭਾਰਤ ਦੀਆਂ ਜਾਈਆਂ 25 ਅਗਸਤ ਦਾ ਦਿਨ ਧੀਆਂ ਦੇ ਖੇਡ ਦਿਵਸ ਵਜੋਂ ਹੀ ਮਨਾਉਣ ਲੱਗ ਜਾਣ!
ਵਿਨੇਸ਼ ਫੋਗਾਟ ਹਰਿਆਣੇ ਦਾ ਮਾਣ ਤੇ ਭਾਰਤ ਦੀ ਸ਼ਾਨ ਹੈ। ਏਸ਼ਿਆਈ ਖੇਡਾਂ, ਰਾਸ਼ਟਰਮੰਡਲ ਖੇਡਾਂ, ਏਸ਼ਿਆਈ ਚੈਂਪੀਅਨਸ਼ਿਪਾਂ ਤੇ ਵਿਸ਼ਵ ਚੈਂਪੀਅਨਸ਼ਿਪਾਂ ’ਚੋਂ 5 ਸੋਨੇ, 3 ਚਾਂਦੀ ਤੇ 7 ਕਾਂਸੀ ਦੇ ਤਗ਼ਮਿਆਂ ਸਣੇ ਭਾਰਤ ਲਈ 15 ਮੈਡਲ ਜਿੱਤਣ ਵਾਲੀ ਇਸ ਲੜਕੀ ਦਾ ਜਨਮ ਹਰਿਆਣੇ ਦੇ ਪਿੰਡ ਬਲਾਲੀ ਵਿੱਚ 25 ਅਗਸਤ 1994 ਨੂੰ ਕਿਸਾਨ ਪਰਿਵਾਰ ’ਚ ਹੋਇਆ ਸੀ। ਰੀਓ-2016, ਟੋਕੀਓ-2021 ਤੇ ਪੈਰਿਸ-2024 ਦੀਆਂ ਓਲੰਪਿਕ ਖੇਡਾਂ ’ਚੋਂ ਭਾਵੇਂ ਉਸ ਨੂੰ ਕੋਈ ਤਗ਼ਮਾ ਨਹੀਂ ਮਿਲ ਸਕਿਆ, ਫਿਰ ਵੀ ਉਹ ਸਭ ਤੋਂ ਵੱਧ ਚਰਚਿਤ ਓਲੰਪੀਅਨ ਹੈ।
ਵਿਨੇਸ਼ ਦੇ ਸਿਰੜੀ ਸੰਘਰਸ਼ ਦੀ ਗਾਥਾ ਜੱਗੋਂ ਨਿਆਰੀ ਹੈ। ਉਸ ਦਾ ਪਿਤਾ ਰਾਜਪਾਲ ਨਿਮਨ ਕਿਸਾਨ ਸੀ ਜੋ ਹਰਿਆਣਾ ਰੋਡਵੇਜ਼ ਦਾ ਬੱਸ ਡਰਾਈਵਰ ਬਣਿਆ। ਉਸ ਦੀ ਮਾਂ ਪ੍ਰੇਮ ਲਤਾ ਘਰੇਲੂ ਸੁਆਣੀ ਰਹੀ। ਫੋਗਾਟ ਜੋੜੇ ਦੇ ਤਿੰਨ ਧੀਆਂ ਪੁੱਤਰ ਹਨ: ਪ੍ਰਿਅੰਕਾ, ਹਰਵਿੰਦਰ ਤੇ ਵਿਨੇਸ਼। ਬਚਪਨ ’ਚ ਵਿਨੇਸ਼ ਦੀ ਰੀਝ ਸੀ ਕਿ ਉਸ ਦੇ ਵਾਲ਼ ਲੰਮੇ ਹੋਣ, ਹੱਥ ’ਚ ਮੋਬਾਈਲ ਹੋਵੇ ਤੇ ਹਵਾਈ ਜਹਾਜ਼ਾਂ ਦੀ ਸਵਾਰ ਬਣੇ। ਹੋਣੀ ਦੀ ਮਾਰ ਕਿ ਉਹ ਨੌਂ ਸਾਲਾਂ ਦੀ ਹੀ ਸੀ ਜਦੋਂ ਉਸ ਦਾ ਪਿਤਾ ਵੱਟ-ਬੰਨੇ ਦੇ ਝਗੜੇ ’ਚ ਮਾਰਿਆ ਗਿਆ। ਵਿਧਵਾ ਮਾਂ ਤਿੰਨ ਬੱਚਿਆਂ ਦੀ ਪਾਲਣਾ ਦਾ ਭਾਰ ਚੁੱਕੀ ਕੈਂਸਰ ਦੀ ਤੀਜੀ ਸਟੇਜ ਨੂੰ ਜਾ ਢੁੱਕੀ। ਬੱਚਿਆਂ ਦੇ ਤਾਇਆ ਮਹਾਵੀਰ ਸਿੰਘ ਤੇ ਉਸ ਦੀ ਪਤਨੀ ਦਇਆ ਕੌਰ ਦੇ ਆਪਣੇ ਪੰਜ ਬੱਚੇ ਸਨ, ਚਾਰ ਧੀਆਂ ਤੇ ਇੱਕ ਪੁੱਤਰ। ਮਹਾਵੀਰ ਸਿੰਘ ਹੀ ਆਪਣੇ ਛੋਟੇ ਭਰਾ ਦੀਆਂ ਦੋ ਧੀਆਂ ਤੇ ਇੱਕ ਪੁੱਤਰ ਦਾ ਆਸਰਾ ਬਣਿਆ।
ਮਹਾਵੀਰ ਨੇ ਆਪਣੀਆਂ ਧੀਆਂ ਨਾਲ ਭਤੀਜੀਆਂ ਨੂੰ ਵੀ ਪਹਿਲਵਾਨੀ ਦੀ ਸਿਖਲਾਈ ਦੇਣੀ ਸ਼ੁਰੂ ਕੀਤੀ। ਇਹ ਬੇਹੱਦ ਕਠਿਨ ਕਾਰਜ ਸੀ। ਹਰਿਆਣੇ ਦਾ ਜਾਟ ਸਭਿਆਚਾਰ ਮਰਦਾਂ ਦੀ ਕੁਸ਼ਤੀ ਨੂੰ ਤਾਂ ਸਲਾਹੁੰਦਾ ਸੀ ਪਰ ਔਰਤਾਂ ਦੀ ਕੁਸ਼ਤੀ ਨੂੰ ਉੱਕਾ ਨਹੀਂ ਸੀ ਜਰਦਾ। ਉਲਟਾ ਮਿਹਣੇ ਦਿੰਦਾ ਸੀ। ਭਾਈਚਾਰੇ ਦੇ ਬੋਲ-ਕੁਬੋਲ ਸੁਣਦਿਆਂ ਵੀ ਮਹਾਵੀਰ ਸਿੰਘ ਨੇ ਕੁੜੀਆਂ ਨੂੰ ਕੁਸ਼ਤੀਆਂ ਦੀ ਸਿਖਲਾਈ ਦੇਣ ਦਾ ਧਰਮ ਨਿਭਾਇਆ ਤੇ ਫੋਗਾਟ ਧੀਆਂ ਨੂੰ ਦੇਸ਼ ਵਿਦੇਸ਼ ਦੇ ਕੁਸ਼ਤੀ ਅਖਾੜਿਆਂ ਵਿੱਚ ਘੁਲਣ ਜੋਗੀਆਂ ਬਣਾਇਆ। ਗੀਤਾ, ਬਬੀਤਾ, ਪ੍ਰਿਅੰਕਾ ਤੇ ਵਿਨੇਸ਼ ਨੇ ਅਨੇਕਾਂ ਕੌਮਾਂਤਰੀ ਕੁਸ਼ਤੀ ਮੁਕਾਬਲੇ ਜਿੱਤੇ ਜਿਨ੍ਹਾਂ ਨਾਲ ਦੇਸ਼ ਦਾ ਮਾਣ ਵਧਿਆ। ਉਨ੍ਹਾਂ ਦੀ ਰੀਸ ਨਾਲ ਹੋਰ ਲੜਕੀਆਂ ਵੀ ਕੁਸ਼ਤੀਆਂ ਦੇ ਰਾਹ ਪਈਆਂ। ਪਹਿਲਾਂ ਏਸ਼ੀਆ ਦਾ ਚੈਂਪੀਅਨ ਪਹਿਲਵਾਨ ਚੰਦਗੀ ਰਾਮ ਵੀ ਆਪਣੀਆਂ ਧੀਆਂ ਨੂੰ ਕੁਸ਼ਤੀ ਦੇ ਅਖਾੜਿਆਂ ਵਿੱਚ ਲਿਆਇਆ ਸੀ। ਫਿਰ ਫੋਗਾਟ ਭੈਣਾਂ ਦੇ ਕੁਸ਼ਤੀ ’ਚ ਆਉਣ ਨਾਲ ਹਰਿਆਣਾ ਔਰਤਾਂ ਦੀਆਂ ਕੁਸ਼ਤੀਆਂ ਦਾ ਹੱਬ ਬਣ ਗਿਆ। ਹੁਣ ਹਰਿਆਣਾ ਤੇ ਪੰਜਾਬ ਹੀ ਹਨ ਜੋ ਕੌਮਾਂਤਰੀ ਖੇਡ ਮੁਕਾਬਲਿਆਂ ’ਚੋਂ ਭਾਰਤ ਲਈ ਵਧੇਰੇ ਤਗ਼ਮੇ ਜਿੱਤਦੇ ਹਨ। ਇਹ ਦੱਸਣਾ ਵੀ ਵਾਜਬ ਹੋਵੇਗਾ ਕਿ ਵਧੇਰੇ ਖਿਡਾਰੀ ਕਿਰਤੀਆਂ ਤੇ ਕਿਸਾਨ ਘਰਾਂ ਦੇ ਜਾਏ ਹੁੰਦੇ ਹਨ।
ਹੁਣ ਫੇਰ ਵਿਨੇਸ਼ ਨਾਲ ਹਮਦਰਦੀ ਦੀ ਲੋਕ ਲਹਿਰ ਚੱਲ ਪਈ ਹੈ। ਭਾਰਤ ਦੇ ਕਰੋੜਾਂ ਲੋਕ ਉਸ ਨਾਲ ਆ ਖੜ੍ਹੇ ਹਨ। ਭਾਰਤੀ ਕੁਸ਼ਤੀ ਸੰਘ ਦੇ ਹੰਕਾਰੀ ਪ੍ਰਧਾਨ ਵੱਲੋਂ ਪਹਿਲਵਾਨ ਬੀਬੀਆਂ ਨਾਲ ਕੀਤੇ ਦੁਰਵਿਹਾਰ ਵਿਰੁੱਧ ਵਿਨੇਸ਼ ਤੇ ਉਸ ਦੇ ਸਾਥੀਆਂ ਵੱਲੋਂ ਲੜੇ ਜੁਝਾਰੂ ਸੰਘਰਸ਼ ਦੀਆਂ ਲੂੰ ਕੰਡੇ ਖੜ੍ਹੇ ਕਰਨ ਵਾਲੀਆਂ ਵਾਰਦਾਤਾਂ ਮੁੜ ਯਾਦ ਆ ਗਈਆਂ ਹਨ। ਕਿਵੇਂ ਉਸ ਨੂੰ ਤੇ ਉਸ ਦੀਆਂ ਸਾਥਣਾਂ ਨੂੰ ਜੰਤਰ ਮੰਤਰ ’ਤੇ ਖੱਜਲ ਖੁਆਰ ਕੀਤਾ ਗਿਆ ਤੇ ਪੁਲੀਸ ਨੇ ਉਸ ਨੂੰ ਤੇ ਓਲੰਪਿਕ ਖੇਡਾਂ ਦੀ ਤਗ਼ਮਾ ਜੇਤੂ ਸਾਕਸ਼ੀ ਮਲਿਕ ਨੂੰ ਦਿੱਲੀ ਦੀਆਂ ਸੜਕਾਂ ’ਤੇ ਘੜੀਸਿਆ। ਧੱਕੜਾਂ ਦੇ ਧੱਕੇ ਵਿਰੁੱਧ ਆਮ ਲੋਕਾਂ ਦੀ ਦੱਬਿਆਂ ਲਤਾੜਿਆਂ ਨਾਲ ਹਮਦਰਦੀ ਹੋਣੀ ਹੀ ਸੀ। ਹਮਦਰਦੀ ਦੀ ਇਸ ਲਹਿਰ ਵਿੱਚ ਵਿਨੇਸ਼ ਫੋਗਾਟ ਨੂੰ ਲੋਕਾਂ ਵੱਲੋਂ ਮਿਲ ਰਹੇ ਮਾਣ-ਸਨਮਾਨਾਂ ਦਾ ਸੱਚੀਓਂ ਕੋਈ ਹੱਦ ਬੰਨਾ ਨਹੀਂ ਰਿਹਾ। ਖ਼ਬਰਾਂ ਹਨ ਕਿ ਦੇਸੀ ਘਿਓ ਦੇ ਪੀਪੇ, ਡਰਾਈ ਫਰੂਟਾਂ ਦੇ ਬੋਰੇ, ਪਗੜੀਆਂ, ਗੁਰਜਾਂ, ਸੋਨ ਤਗ਼ਮੇ, ਦੋ ਏਕੜ ਜ਼ਮੀਨ ਤੇ ਕਰੋੜਾਂ ਰੁਪਏ ਦੇ ਨਕਦ ਸਨਮਾਨ ਤਾਂ ਮਿਲ ਵੀ ਚੁੱਕੇ ਹਨ। ਅਜੇ ਕਿਹੜਾ ਬੱਸ ਹੈ?
ਬੇਸ਼ੱਕ ਸੋਨੇ, ਜ਼ਮੀਨ ਤੇ ਰੁਪਿਆਂ ਦੀ ਹੁਣ ਸਾਡੀ ਧੀ ਨੂੰ ਲੋੜ ਨਹੀਂ, ਸਿਰ ’ਤੇ ਆਸ਼ੀਰਵਾਦੀ ਹੱਥ ਰੱਖਣ ਦੀ ਲੋੜ ਹੈ, ਪਰ ਪਰਵਾਸੀ ਪੰਜਾਬੀ ਖੇਡ ਪ੍ਰਮੋਟਰ ਵੀ ਸਿਰ ’ਤੇ ਹੱਥ ਰੱਖਦਿਆਂ ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਨੇੜੇ ਮਨਾਏ ਜਾਂਦੇ ‘ਪੁਰੇਵਾਲ ਖੇਡ ਮੇਲੇ’ ਵਿੱਚ ਉਸ ਦਾ ਵਿਲੱਖਣ ਸਨਮਾਨ ਕਰਨਗੇ। ‘ਪੇਂਡੂ ਓਲੰਪਿਕ’ ਵਜੋਂ ਜਾਣੇ ਜਾਂਦੇ ਇਸ ਖੇਡ ਮੇਲੇ ’ਚ ਪਹਿਲਵਾਨਾਂ ਦੀਆਂ ਕੁਸ਼ਤੀਆਂ ਵੀ ਹੁੰਦੀਆਂ ਆ ਰਹੀਆਂ ਹਨ। ਓਲੰਪਿਕ ਚੈਂਪੀਅਨ ਡੇਨੀਅਲ ਇਗਾਲੀ, ਓਲੰਪਿਕ ਮੈਡਲਿਸਟ ਸੁਸ਼ੀਲ ਕੁਮਾਰ, ਰਾਸ਼ਟਰਮੰਡਲ ਤੇ ਏਸ਼ਿਆਈ ਖੇਡਾਂ ਦੇ ਚੈਂਪੀਅਨ ਅਤੇ ਅਨੇਕ ਨੈਸ਼ਨਲ ਚੈਂਪੀਅਨ ਪਹਿਲਵਾਨ ਇੱਥੇ ਘੁਲਦੇ ਆ ਰਹੇ ਹਨ। ਵਿਨੇਸ਼ ਦੇ ਤਾਇਆ ਪਹਿਲਵਾਨ ਮਹਾਵੀਰ ਸਿੰਘ ਵੀ ਬਤੌਰ ਕੋਚ ਆਪਣੇ ਸ਼ਾਗਿਰਦਾਂ ਤੇ ਫੋਗਾਟ ਧੀਆਂ ਨੂੰ ਕੁਸ਼ਤੀਆਂ ਲੜਾਉਣ ਲਈ ਹਕੀਮਪੁਰ ਦੇ ਪੁਰੇਵਾਲ ਖੇਡ ਮੇਲੇ ’ਚ ਲਿਆਉਂਦੇ ਰਹੇ ਹਨ। ਇਹ ਖੇਡ ਮੇਲਾ ਹਰ ਸਾਲ ਜਗਤਪੁਰ ਦੇ ਨਿਰੰਜਣ ਸਿੰਘ ਯਾਦਗਾਰੀ ਸਟੇਡੀਅਮ ਵਿੱਚ ਭਰਦਾ ਹੈ। ਇਸ ਵਿੱਚ ਹਜ਼ਾਰਾਂ ਦਰਸ਼ਕਾਂ ਨੂੰ ਸਮਾਉਣ ਦੀ ਸਮਰੱਥਾ ਹੈ। ਵਿਨੇਸ਼ ਦੀ ਇੱਛਾ ਅਨੁਸਾਰ ਉਸ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਜੀ ਦੀ ਯਾਦਗਾਰ ਦੇ ਦਰਸ਼ਨ ਵੀ ਕਰਾਏ ਜਾਣਗੇ।
ਕਾਸ਼! ਵਿਨੇਸ਼ ਆਪਣੇ ਸਹੀ ਵਜ਼ਨ 53 ਕਿਲੋਗਰਾਮ ਵਰਗ ਲਈ ਚੁਣੀ ਹੁੰਦੀ। ਨਾ ਉਸ ਨੂੰ 50 ਗਰਾਮ ਵਜ਼ਨ ਵਧਣ ਕਰਕੇ ਕੁਸ਼ਤੀ ਦੇ ਫਾਈਨਲ ਮੁਕਾਬਲੇ ’ਚੋਂ ਬਾਹਰ ਹੋਣਾ ਪੈਂਦਾ, ਨਾ ਓਲੰਪਿਕ ਮੈਡਲ ਖੁੱਸਦਾ ਤੇ ਨਾ ਪੰਘਾਲ ਨੂੰ ਅਨੁਸ਼ਾਸਨ ਭੰਗ ਕਰਨ ਬਦਲੇ ਓਲੰਪਿਕ ਖੇਡਾਂ ’ਚੋਂ ਅਗਾਊਂ ਕੱਢਣਾ ਪੈਂਦਾ। ਸਰਕਾਰ ਨੂੰ ਭਾਰਤੀ ਕੁਸ਼ਤੀ ਸੰਘ ਦੀਆਂ ਕਾਰਵਾਈਆਂ ਦੀ ਨਿਰਪੱਖ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਜੋ ਦੋਸ਼ੀਆਂ ਨੂੰ ਕਟਹਿਰੇ ’ਚ ਖੜ੍ਹਾ ਕੀਤਾ ਜਾ ਸਕੇ। ਕੀ ਕਾਰਨ ਸਨ ਕਿ ਵਿਨੇਸ਼ ਦੀ ਅਪੀਲ ਦਾ ਫ਼ੈਸਲਾ ਵਾਰ ਵਾਰ ਲਮਕਾਇਆ ਗਿਆ? ਆਖ਼ਰ 15 ਅਗਸਤ ਨੂੰ ਅਪੀਲ ਖਾਰਜ ਕਰਨ ਦਾ ਫ਼ੈਸਲਾ ਸੁਣਾਇਆ ਤਾਂ ਪੰਜਾਬੀ ਦੇ ‘ਵਰਿਆਮ’ ਲੇਖਕ ਵਰਿਆਮ ਸਿੰਘ ਸੰਧੂ ਨੇ ਵਿਨੇਸ਼ ਨੂੰ ‘ਔਰਤ ਦੀ ਆਜ਼ਾਦੀ ਦੀ ਸ਼ਹੀਦ’ ਆਖਿਆ। ਉਸ ਨੇ ਆਪਣੀ ਪੋਸਟ ਵਿੱਚ ਲਿਖਿਆ:
ਸਾਡੀ ਵਿਨੇਸ਼ ਔਰਤ ਦੀ ਇੱਜ਼ਤ ਤੇ ਮਾਣ-ਸਨਮਾਨ ਦੀ ਬਹਾਲੀ ਲਈ ਬੇਖ਼ੌਫ਼ ਹੋ ਕੇ ਰਣਤੱਤੇ ਵਿੱਚ ਜੂਝੀ ਹੈ। ਧੌਣ ਉੱਚੀ ਚੁੱਕ ਕੇ ਲੜੀ ਹੈ ਤਾਂ ਕਿ ਔਰਤ-ਜ਼ਾਤ ਦੀ ਧੌਣ ਉੱਚੀ ਰਹਿ ਸਕੇ। ਉਸ ਨੇ ਕੇਵਲ ਅਖਾੜੇ ਤੇ ਅਖਾੜੇ ਤੋਂ ਬਾਹਰ ਹੀ ਕੁਸ਼ਤੀ ਲੜਨ ਦੀ ਜਾਚ ਨਹੀਂ ਦੱਸੀ ਸਗੋਂ ਔਰਤ ਦੀ ਇੱਜ਼ਤ ਆਬਰੂ ਤੇ ਅਜ਼ਮਤ ਦੀ ਰਾਖੀ ਲਈ ਲੜਨ ਦੀ ਜਾਚ ਵੀ ਦੱਸੀ ਹੈ। ਸੱਚ ਲਈ ਅੜਨਾ ਤੇ ਲੜਨਾ ਦੱਸਿਆ ਹੈ।
ਸੱਤਾ ਨੇ ਵਿਨੇਸ਼ ਦਾ ਮਾਣ ਸਨਮਾਨ ਹੀ ਨਹੀਂ ਖੋਹਿਆ, ਓਲੰਪਿਕ ਖੇਡਾਂ ਦੀ ਤਿਆਰੀ ਲਈ ਉਸ ਦਾ ਸਮਾਂ ਵੀ ਖੋਹਿਆ ਤੇ ਉਸ ਦੀ ਕੁਸ਼ਤੀ ਵਾਲੀ ਭਾਰ ਸ਼੍ਰੇਣੀ ਵੀ ਖੋਹੀ...।
ਅਖ਼ੀਰ ਵਿਨੇਸ਼ ਨੂੰ ਹੌਸਲਾ ਦਿੰਦਿਆਂ ਲਿਖਿਆ: ਉਦਾਸ ਤੇ ਨਿਰਾਸ਼ ਨਾ ਹੋਵੀਂ ਧੀ ਰਾਣੀਏਂ! ਤੂੰ ਹੱਕ ਸੱਚ ਲਈ ਲੜਨ ਦੇ ਜਜ਼ਬੇ ਨੂੰ ਜ਼ੁੰਬਿਸ਼ ਦਿੱਤੀ ਹੈ ਤੇ ਕਈਆਂ ਨੂੰ ਇਹ ਕਹਿਣ ਦੀ ਜ਼ੁਬਾਨ ਵੀ ਦਿੱਤੀ ਹੈ:
ਅਸੀਂ ਲੜਾਂਗੇ ਸਾਥੀ
ਕਤਲ ਹੋਏ ਜਜ਼ਬਿਆਂ ਦੀ ਕਸਮ ਖਾ ਕੇ
ਬੁਝੀਆਂ ਹੋਈਆਂ ਨਜ਼ਰਾਂ ਦੀ ਕਸਮ ਖਾ ਕੇ
ਹੱਥਾਂ ’ਤੇ ਪਏ ਰੱਟਣਾਂ ਦੀ ਕਸਮ ਖਾ ਕੇ
ਅਸੀਂ ਲੜਾਂਗੇ ਸਾਥੀ, ਕਿਉਂਕਿ ਲੜਨ ਬਿਨਾਂ ਕੁਝ ਨਹੀਂ ਮਿਲਦਾ।
ਈ-ਮੇਲ: principalsarwansingh@gmail.com

Advertisement
Author Image

Advertisement
×