ਵਿਨੇਸ਼ ਫੋਗਾਟ ਫਾਈਨਲ ’ਚੋਂ ਅਯੋਗ ਕਰਾਰ
* ਮਹਿਲਾ ਪਹਿਲਵਾਨ ਦੇ ਓਲੰਪਿਕ ਸੁਪਨੇ ਦਾ ਦੁਖਦਾਈ ਅੰਤ * ਵਜ਼ਨ ਤੋਲੇ ਜਾਣ ਮੌਕੇ 100 ਗ੍ਰਾਮ ਭਾਰ ਵੱਧ ਨਿਕਲਿਆ * ਸਰਕਾਰ ਅਤੇ ਆਈਓਏ ਵੱਲੋਂ ਫੈਸਲੇ ਦਾ ਵਿਰੋਧ
* ਪ੍ਰਧਾਨ ਮੰਤਰੀ ਮੋਦੀ ਨੇ ਆਈਓਏ ਮੁਖੀ ਪੀਟੀ ਊਸ਼ਾ ਨੂੰ ‘ਢੁੱਕਵੀਂ ਕਾਰਵਾਈ’ ਲਈ ਕਿਹਾ
* ਓਲੰਪਿਕ ਐਸੋਸੀਏਸ਼ਨ ਨੇ ਵਿਨੇਸ਼ ਦੀ ਥਾਂ ਕਿਊਬਾ ਦੀ ਪਹਿਲਵਾਨ ਨੂੰ ਫਾਈਨਲ ਖੇਡਣ ਦੀ ਖੁੱਲ੍ਹ ਦਿੱਤੀ
* ਕਾਂਸੇ ਦੇ ਤਗ਼ਮੇ ਲਈ ਰੈਪੇਚੇਜ਼ ਯੂਈ ਸੁਸਾਕੀ ਨੇ ਯੂਕਰੇਨ ਦੀ ਓਕਸਾਨਾ ਲਿਵਾਚ ਨਾਲ ਦੋ ਦੋ ਹੱਥ ਕੀਤੇ
ਪੈਰਿਸ, 7 ਅਗਸਤ
ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਤੋਂ ਸੋਨ ਤਗ਼ਮੇ ਦੀ ਆਸ ਲਾਈ ਬੈਠੇ 140 ਕਰੋੜ ਭਾਰਤੀਆਂ ਦੀਆਂ ਉਮੀਦਾਂ 100 ਗ੍ਰਾਮ ਵਜ਼ਨ ਹੇਠ ਦੱਬ ਕੇ ਰਹਿ ਗਈਆਂ ਹਨ। ਵਿਨੇਸ਼ ਫੋਗਾਟ ਨੂੰ 50 ਕਿਲੋਗ੍ਰਾਮ ਭਾਰ ਵਰਗ ਦੇ ਫਾਈਨਲ ਮੁਕਾਬਲੇ ਤੋਂ ਪਹਿਲਾਂ ਅੱਜ ਦਿਨੇਂ 100 ਗ੍ਰਾਮ ਵਜ਼ਨ ਵੱਧ ਹੋਣ ਕਰਕੇ ਅਯੋਗ ਕਰਾਰ ਦੇ ਦਿੱਤਾ ਗਿਆ। ਮੰਗਲਵਾਰ ਨੂੰ ਉਪਰੋਥੱਲੀ ਤਿੰਨ ਮੁਕਾਬਲੇ ਖੇਡ ਕੇ ਡੀਹਾਈਡ੍ਰੇਟ ਹੋ ਚੁੱਕੀ ਵਿਨੇਸ਼ ਨੇ ਭਾਰ ਘਟਾਉਣ ਲਈ ਹਰ ਹਰਬਾ ਵਰਤਿਆ। ਉਸ ਨੇ ‘ਘੁੱਟ-ਘੁੱਟ ਪਾਣੀ ਪੀਤਾ’, ਆਪਣੇ ਵਾਲ ਵੀ ਕੱਟੇ ਤੇ ਪੂਰੀ ਰਾਤ ਵਰਕਆਊਟ ਕਰਦੀ ਰਹੀ, ਪਰ ਗੱਲ ਨਹੀਂ ਬਣੀ। ਫੋਗਾਟ ਲਈ ਅੱਜ ਉਸ ਦੇ ਖੇਡ ਕਰੀਅਰ ਦਾ ਸਭ ਤੋਂ ਵੱਡਾ ਦਿਨ ਸੀ। ਵਿਨੇਸ਼ ਨੇ ਫਾਈਨਲ ਤੱਕ ਦੇ ਸਫ਼ਰ ਦੌਰਾਨ ਮੌਜੂਦਾ ਚੈਂਪੀਅਨ ਨੂੰ ਵੀ ਢਾਹਿਆ, ਪਰ ਅਖੀਰ ’ਚ ਉਸ ਦੇ ਆਪਣੇ ਹੀ ਸਰੀਰ ਨੇ ਉਸ ਨੂੰ ਢਾਹ ਲਿਆ। ਓਲੰਪਿਕ ਕੁਸ਼ਤੀ ਦੇ ਫਾਈਨਲ ਵਿਚ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣ ਕੇ ਇਤਿਹਾਸ ਸਿਰਜਣ ਵਾਲੀ ਫੋਗਾਟ ਨੇ ਦੇਸ਼ ਲਈ ਚਾਂਦੀ ਦਾ ਤਗ਼ਮਾ ਪੱਕਾ ਕਰ ਦਿੱਤਾ ਸੀ। ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੀ ‘ਛੋਰੀ’ ਨੂੰ ਹਾਲਾਂਕਿ ਹੁਣ ਖਾਲੀ ਹੱਥ ਪਰਤਣਾ ਹੋਵੇਗਾ। ਉਂਜ 29 ਸਾਲਾ ਪਹਿਲਵਾਨ ਨੂੰ ਡੀਹਾਈਡ੍ਰੇਸ਼ਨ (ਸਰੀਰ ਦਾ ਪਾਣੀ ਖ਼ਤਮ ਹੋਣ) ਕਰਕੇ ਅੱਜ ਖੇਡ ਪਿੰਡ ਵਿਚਲੇ ਪੋਲੀਕਲੀਨਿਕ ਵੀ ਲਿਜਾਣਾ ਪਿਆ।
ਭਾਰਤੀ ਓਲੰਪਿਕ ਐਸੋਸੀਏਸ਼ਨ ਦੀ ਪ੍ਰਧਾਨ ਪੀਟੀ ਊਸ਼ਾ ਨੇ ਵਿਨੇਸ਼ ਫੋਗਾਟ ਨੂੰ ਅਯੋਗ ਐਲਾਨੇ ਜਾਣ ਮਗਰੋਂ ਇਕ ਬਿਆਨ ਵਿਚ ਕਿਹਾ, ‘‘ਮੈਂ ਖੇਡ ਪਿੰਡ ਵਿਚਲੇ ਪੋਲੀਕਲੀਨਿਕ ਵਿਚ ਵਿਨੇਸ਼ ਨੂੰ ਮਿਲੀ ਹਾਂ ਤੇ ਉਸ ਨੂੰ ਭਾਰਤੀ ਓਲੰਪਿਕ ਐਸੋਸੀਏਸ਼ਨ, ਭਾਰਤ ਸਰਕਾਰ ਤੇ ਪੂਰੇ ਦੇਸ਼ ਵੱਲੋਂ ਹਮਾਇਤ ਦਾ ਭਰੋਸਾ ਦਿੱਤਾ ਹੈ। ਅਸੀਂ ਵਿਨੇਸ਼ ਨੂੰ ਮੈਡੀਕਲ ਤੇ ਭਾਵਨਾਤਮਕ ਹਮਾਇਤ ਦੇ ਰਹੇ ਹਾਂ।’’ ਊਸ਼ਾ ਨੇ ਕਿਹਾ, ਭਾਰਤੀ ਕੁਸ਼ਤੀ ਫੈਡਰੇਸ਼ਨ ਨੇ ਯੂਨਾਈਟਿਡ ਵਰਲਡ ਰੈਸਲਿੰਗ (ਯੂਡਬਲਿਊਡਬਲਿਊ) ਕੋਲ ਅਪੀਲ ਦਾਇਰ ਕਰਕੇ ਵਿਨੇਸ਼ ਨੂੰ ਅਯੋਗ ਐਲਾਨੇ ਜਾਣ ਸਬੰਧੀ ਫੈਸਲੇ ’ਤੇ ਮੁੜ ਗੌਰ ਕੀਤੇ ਜਾਣ ਦੀ ਅਪੀਲ ਕੀਤੀ ਹੈ ਤੇ ਭਾਰਤੀ ਓਲੰਪਿਕ ਐਸੋਸੀਏਸ਼ਨ ਜ਼ੋਰਦਾਰ ਢੰਗ ਨਾਲ ਇਸ ਮਾਮਲੇ ਦੀ ਪੈਰਵੀ ਕਰੇਗੀ।’’ ਇਸ ਫੈਸਲੇ ਖਿਲਾਫ਼ ਰੋਸ ਤੇ ਅਪੀਲਾਂ ਭਾਵੇਂ ਜਾਰੀ ਹਨ, ਪਰ ਤਲਖ਼ ਹਕੀਕਤ ਹੈ ਕਿ ਵਿਨੇਸ਼ ਤੋਂ ਸੈਮੀ ਫਾਈਨਲ ਵਿਚ ਹਾਰਨ ਵਾਲੀ ਕਿਊਬਾ ਦੀ ਪਹਿਲਵਾਨ ਗੂਜ਼ਮੈਨ ਲੋਪੇਜ਼ ਨੇ ਉਸ ਦੀ ਥਾਂ ਖਿਤਾਬੀ ਮੁਕਾਬਲਾ ਖੇਡਿਆ। ਭਾਰਤੀ ਖੇਡ ਦਸਤੇ ਦੇ ਮੁੱਖ ਮੈਡੀਕਲ ਅਧਿਕਾਰੀ ਡਾ. ਦਿਨਸ਼ਾਅ ਪਾਰਦੀਵਾਲਾ ਨੇ ਭਾਰ ਘਟਾਉਣ ਦੇ ਅਮਲ ਨੂੰ ਵਿਸਤਾਰ ਨਾਲ ਸਮਝਾਉਂਦਿਆਂ ਕਿਹਾ ਕਿ ਵਿਨੇਸ਼ ਦਾ ਵਜ਼ਨ ਨਿਰਧਾਰਿਤ ਹੱਦ ਵਿਚ ਲਿਆਉਣ ਲਈ ਉਸ ਦੇ ਵਾਲ ਕੱਟਣ, ਸਾਰੀ ਰਾਤ ਵਰਕਆਊਟ ਕਰਨ ਤੇ ਘੁੱਟ ਘੁੱਟ ਕਰਕੇ ਪਾਣੀ ਪਿਆਉਣ ਸਣੇ ਹਰ ਸੰਭਵ ਹਰਬਾ ਵਰਤਿਆ ਗਿਆ। ਉਨ੍ਹਾਂ ਕਿਹਾ, ‘‘ਮੁੁਕਾਬਲੇ ਵਾਲੇ ਦਿਨ ਸਵੇਰੇ ਭਾਰ ਤੋਲੇ ਜਾਣ ਤੱਕ ਭਾਰ ਘਟਾਉਣ ਦੇ ਅਮਲ ਵਿਚ ਕਸਰਤ ਅਤੇ ਸੌਨਾ ਤੋਂ ਪਸੀਨਾ ਵਹਾਉਣ ਦੇ ਨਾਲ ਭੋਜਨ ਅਤੇ ਪਾਣੀ ਦੀ ਗਿਣੀ-ਮਿੱਥੀ ਪਾਬੰਦੀ ਸ਼ਾਮਲ ਹੁੰਦੀ ਹੈ। ਇਹ ਭਾਰ ਘਟਾਉਣਾ ਕਮਜ਼ੋਰੀ ਤੇ ਊਰਜਾ ਦੀ ਕਮੀ ਦਾ ਕਾਰਨ ਬਣਦਾ ਹੈ। ਊਰਜਾ ਬਹਾਲੀ ਲਈ ਸੀਮਤ ਪਾਣੀ ਅਤੇ ਉੱਚ ਊਰਜਾ ਵਾਲੇ ਭੋਜਨ ਦਿੱਤੇ ਜਾਂਦੇ ਹਨ। ਵਿਨੇਸ਼ ਦੇ ਨਿਊਟ੍ਰੀਸ਼ਨਿਸਟ ਨੇ ਇਹ 1.5 ਕਿਲੋ ਗਿਣਿਆ ਸੀ। ਕਦੇ-ਕਦੇ ਮੁਕਾਬਲੇ ਤੋਂ ਬਾਅਦ ਉਲਟਾ ਭਾਰ ਵਧਣ ਲੱਗਦਾ ਹੈ।’’
ਪਾਰਦੀਵਾਲਾ ਨੇ ਕਿਹਾ ਕਿ ਮੰਗਲਵਾਰ ਨੂੰ ਉਪਰੋਥੱਲੀ ਤਿੰਨ ਮੁਕਾਬਲਿਆਂ, ਜਿਸ ਵਿਚ ਵਿਨੇਸ਼ ਦੀ ਊਰਜਾ ਨੁੱਚੜ ਗਈ, ਮਗਰੋਂ ਮਹਿਲਾ ਪਹਿਲਵਾਨ ਨੂੰ ਡੀਹਾਈਡ੍ਰੇਸ਼ਨ ਤੋਂ ਬਚਾਉਣ ਲਈ ਬਹੁਤ ਘੱਟ ਮਾਤਰਾ ਵਿਚ ਪਾਣੀ ਦਿੱਤਾ ਗਿਆ ਸੀ। ਉਨ੍ਹਾਂ ਕਿਹਾ, ‘‘ਮੈਚ ਤੋਂ ਬਾਅਦ ਉਸ ਦਾ ਭਾਰ ਵੱਧ ਨਿਕਲਿਆ ਸੀ। ਇਸ ਮਗਰੋਂ ਕੋਚ ਨੇ ਵਜ਼ਨ ਘਟਾਉਣ ਲਈ ਸਧਾਰਨ ਅਮਲ ਸ਼ੁਰੂ ਕੀਤਾ ਸੀ, ਜੋ ਉਹ ਪਹਿਲਾਂ ਵੀ ਵਿਨੇਸ਼ ’ਤੇ ਵਰਤ ਚੁੱਕੇ ਸੀ ਤੇ ਉਨ੍ਹਾਂ ਨੂੰ ਪੂਰਾ ਯਕੀਨ ਸੀ ਕਿ ਇਸ ਨਾਲ ਲੋੜੀਂਦੇ ਨਤੀਜੇ ਮਿਲਣਗੇ। ਪਾਰਦੀਵਾਲਾ ਨੇ ਕਿਹਾ, ‘‘ਵਾਲ ਕੱਟਣ ਸਣੇ ਸਾਰੇ ਸੰਭਵ ਸਖ਼ਤ ਉਪਰਾਲੇ ਵਰਤੇ ਗਏ, ਪਰ ਉਹ ਆਪਣੇ ਨਿਰਧਾਰਿਤ ਵਜ਼ਨ 50 ਕਿਲੋ ਤੋਂ ਹੇਠਾਂ ਨਹੀਂ ਸੀ।’’ ਕੌਮਾਂਤਰੀ ਨੇਮਾਂ ਮੁਤਾਬਕ ਜੇ ਮੁਕਾਬਲੇ ਤੋਂ ਪਹਿਲਾਂ ਭਾਰ ਜੋਖੇ ਜਾਣ ਤੋਂ ਪਹਿਲਾਂ ਕੋਈ ਪਹਿਲਵਾਨ ਓਵਰਵੇਟ ਪਾਇਆ ਜਾਂਦਾ ਹੈ ਤਾਂ ਉਸ ਨੂੰ ਮੁਕਾਬਲੇ ਦੀ ਫਾਈਨਲ ਸਟੈਂਡਿੰਗਜ਼ ਵਿਚ ਸਭ ਤੋਂ ਹੇਠਲੇ ਸਥਾਨ ’ਤੇ ਰੱਖਿਆ ਜਾਂਦਾ ਹੈ। ਕੁਆਰਟਰ ਫਾਈਨਲ ਵਿਚ ਜਪਾਨ ਦੀ ਮੌਜੂਦਾ ਚੈਂਪੀਅਨ ਯੂਈ ਸੁਸਾਕੀ ਨੂੰ ਸ਼ਿਕਸਤ ਦੇਣ ਵਾਲੀ ਵਿਨੇਸ਼ ਫੋਗਾਟ ਨੇ ਫਾਈਨਲ ਵਿਚ ਅਮਰੀਕਾ ਦੀ ਏ.ਹਿਲਦੇਬਰਾਂਟ ਨਾਲ ਮੱਥਾ ਲਾਉਣਾ ਸੀ।
ਉਧਰ ਪੈਰਿਸ ਖੇਡਾਂ ਦੀ ਆਰਗੇਨਾਈਜ਼ਿੰਗ ਕਮੇਟੀ ਨੇ ਇਕ ਬਿਆਨ ਵਿਚ ਕਿਹਾ, ‘‘ਵਿਨੇਸ਼ ਦੂਜੇ ਦਿਨ ਵਜ਼ਨ ਤੋਲੇ ਜਾਣ ਮੌਕੇ ਆਪਣੇ ਭਾਰ (50 ਕਿਲੋ) ਨੂੰ ਬਰਕਰਾਰ ਰੱਖਣ ਵਿਚ ਨਾਕਾਮ ਰਹੀ। ਕੌਮਾਂਤਰੀ ਕੁਸ਼ਤੀ ਨੇਮਾਂ ਦੀ ਧਾਰਾ 11 ਮੁਤਾਬਕ, ਵਿਨੇਸ਼ ਦੀ ਥਾਂ ਹੁਣ ਫਾਈਨਲ ਵਿਚ ਕਿਊਬਾ ਦੀ ਗੂਜ਼ਮੈਨ ਲੋਪੇਜ਼ ਖੇਡੇਗੀ, ਜੋ ਸੈਮੀ ਫਾਈਨਲ ਵਿਚ ਭਾਰਤੀ ਪਹਿਲਵਾਨ ਤੋਂ ਹਾਰ ਗਈ ਸੀ।’’ ਕਮੇਟੀ ਨੇ ਕਿਹਾ ਕਿ ਕਾਂਸੇ ਦੇ ਤਗ਼ਮੇ ਲਈ ਮੁਕਾਬਲੇ ਵਿਚ ਰੈਪੇਚੇਜ਼ ਯੂਈ ਸੁਸਾਕੀ ਯੂਕਰੇਨ ਦੀ ਓਕਸਾਨਾ ਲਿਵਾਚ ਨਾਲ ਦੋ ਦੋ ਹੱਥ ਕਰੇਗੀ। ਲਿਹਾਜ਼ਾ 50 ਕਿਲੋ ਭਾਰ ਵਰਗ ਵਿਚ ਹੁਣ ਕਾਂਸੇ ਦੇ ਦੋ ਤਗ਼ਮਿਆਂ ਦੀ ਥਾਂ ਸਿਰਫ਼ ਇਕ ਤਗ਼ਮਾ ਹੀ ਦਿੱਤਾ ਜਾਵੇਗਾ।
ਕਾਬਿਲੇਗੌਰ ਹੈ ਕਿ ਵਿਨੇਸ਼ 50 ਕਿਲੋ ਭਾਰ ਵਰਗ ਵਿਚ ਓਵਰਵੇਟ ਹੋਣ ਕਰਕੇ ਅਯੋਗ ਠਹਿਰਾਏ ਜਾਣ ਵਾਲੀ ਕੋਈ ਪਹਿਲੀ ਮਹਿਲਾ ਪਹਿਲਵਾਨ ਨਹੀਂ ਹੈ। ਮੰਗਲਵਾਰ ਨੂੰ ਇਟਲੀ ਦੀ ਇਮੈਨੂਏਲਾ ਲਿਊਜ਼ੀ ਨੂੰ ਭਾਰ ਵੱਧ ਹੋਣ ਕਰਕੇ ਆਪਣਾ ਸ਼ੁਰੂਆਤੀ ਮੁਕਾਬਲਾ ਗੁਆਉਣਾ ਪਿਆ ਸੀ। ਯੂਨਾਈਟਿਡ ਵਰਲਡ ਰੈਸਲਿੰਗ (ਯੂਡਬਲਿਊਡਬਲਿਊ) ਦੇ ਨੇਮਾਂ ਮੁਤਾਬਕ ਪਹਿਲਵਾਨਾਂ ਨੂੰ ਅਧਿਕਾਰ ਹੈ ਕਿ ਉੁੁਹ ਭਾਰ ਜੋਖਣ ਦੇ ਅਰਸੇ ਦੌਰਾਨ ਜਿੰਨੀ ਮਰਜ਼ੀ ਵਾਰ ਆਪਣਾ ਭਾਰ ਤੋਲ ਸਕਦੇ ਹਨ। ਨੇਮ ਕਹਿੰਦੇ ਹਨ, ‘‘ਜੇ ਕੋਈ ਅਥਲੀਟ ਭਾਰ ਤੋਲੇ ਜਾਣ ਦੀ ਪਹਿਲੀ ਜਾਂ ਦੂਜੀ ਪ੍ਰਕਿਰਿਆ ਵਿਚ ਸ਼ਾਮਲ ਨਹੀਂ ਹੁੰਦਾ ਜਾਂ ਨਾਕਾਮ ਰਹਿੰਦਾ ਹੈ, ਤਾਂ ਉਸ ਨੂੰ ਮੁਕਾਬਲੇ ਤੋਂ ਐਲਿਮੀਨੇਟ ਕਰ ਦਿੱਤਾ ਜਾਂਦਾ ਹੈ ਤੇ ਉਸ ਨੂੰ ਬਿਨਾਂ ਕਿਸੇ ਦਰਜਾਬੰਦੀ ਦੇ ਆਖਰੀ ਸਥਾਨ ’ਤੇ ਰੱਖਿਆ ਜਾਂਦਾ ਹੈ।’’
ਇਹ ਵੀ ਚੇਤੇ ਰਹੇ ਕਿ ਵਿਨੇਸ਼ ਨੇ ਪੈਰਿਸ ਓਲੰਪਿਕ ਖੇਡਾਂ ਤੋਂ ਪਹਿਲਾਂ ਦਾਅਵਾ ਕੀਤਾ ਸੀ ਕਿ ਇਹ ਉਸ ਦਾ ਆਖਰੀ ਖੇਡ ਮਹਾਕੁੰਭ ਹੋਵੇਗਾ। ਉਂਜ ਇਹ ਦੇਖਣਾ ਹੋਵੇਗਾ ਕਿ ਕੀ ਉਹ ਇਸ ਵੱਡੇ ਝਟਕੇ ਮਗਰੋਂ ਆਪਣੇ ਫੈਸਲੇ ਨੂੰ ਬਦਲਦੀ ਹੈ ਜਾਂ ਨਹੀਂ। ਉਧਰ ਭਾਰਤ ਦੀ ਕੌਮੀ ਮਹਿਲਾ ਕੋਚ ਵੀਰੇਂਦਰ ਦਹੀਆ ਨੇ ਕਿਹਾ, ‘‘ਇਥੇ ਹਰ ਕੋਈ ਇੰਜ ਮਹਿਸੂਸ ਕਰ ਰਿਹਾ ਹੈ ਜਿਵੇਂ ਪਰਿਵਾਰ ਵਿਚ ਕਿਸੇ ਦੀ ਮੌਤ ਹੋ ਗਈ ਹੋਵੇ। ਸਾਰੇ ਜਣੇ ਸਦਮੇ ਵਿਚ ਹਨ।’’ ਦੱਸ ਦੇਈਏ ਕਿ ਵਿਨੇਸ਼ ਦਾ ਸੁਭਾਵਿਕ ਭਾਰ 56-57 ਕਿਲੋ ਹੈ ਤੇ ਉਸ ਨੇ ਆਪਣਾ ਭਾਰ ਘਟਾ ਦੇ 50 ਕਿਲੋ ਕਰਨ ਲਈ ਖਾਸੀ ਮਿਹਨਤ ਕੀਤੀ ਸੀ। ਇਨਵੀਟੇਸ਼ਨਲ ਟੂਰਨਾਮੈਂਟਾਂ ਵਿਚ ਯੂਡਬਲਿਊਡਬਲਿਊ ਭਾਰ ਵਿਚ 2 ਕਿਲੋ ਤੱਕ ਦੀ ਛੋਟ ਦਿੰਦਾ ਹੈ, ਪਰ ਓਲੰਪਿਕ, ਵਿਸ਼ਵ ਚੈਂਪੀਅਨਸ਼ਿਪ ਤੇ ਏਸ਼ਿਆਈ ਚੈਂਪੀਅਨਸ਼ਿਪ ਜਿਹੇ ਖੇਡ ਮੁਕਾਬਲਿਆਂ ਲਈ ਅਜਿਹੀ ਕੋਈ ਛੋਟ ਨਹੀਂ ਹੈ। ਮੁੱਕੇਬਾਜ਼ ਨਿਖਤ ਜ਼ਰੀਨ ਨੇ ਪੈਰਿਸ ਵਿਚ ਮੁਕਾਬਲਾ ਹਾਰਨ ਤੋਂ ਬਾਅਦ ਕਿਹਾ ਸੀ ਕਿ ਉਸ ਨੇ ਆਪਣਾ ਵਜ਼ਨ ਨਿਰਧਾਰਿਤ ਹੱਦ ਵਿਚ ਰੱਖਣ ਲਈ ਦੋ ਦਿਨ ਭੋਜਨ-ਪਾਣੀ ਨਹੀਂ ਲਿਆ ਸੀ। -ਪੀਟੀਆਈ
ਫਾਈਨਲ ’ਚ ਵਿਨੇਸ਼ ਦੀ ਜਗ੍ਹਾ ਖੇਡੇਗੀ ਕਿਊਬਾ ਦੀ ਲੋਪੇਜ਼
ਪੈਰਿਸ:
ਕਿਊਬਾ ਦੀ ਪਹਿਲਵਾਨ ਯੁਸਨੇਲਿਸ ਗੁਜ਼ਮੈਨ ਲੋਪੇਜ਼ ਪੈਰਿਸ ਓਲੰਪਿਕ ਮਹਿਲਾ ਕੁਸ਼ਤੀ ਦੇ 50 ਕਿਲੋ ਭਾਰ ਵਰਗ ਵਿੱਚ ਅਮਰੀਕਾ ਦੀ ਸਾਰਾ ਐਨ ਹਿਲਡੇਬ੍ਰਾਂਟ ਖ਼ਿਲਾਫ਼ ਵਿਨੇਸ਼ ਫੋਗਾਟ ਦੀ ਜਗ੍ਹਾ ਖੇਡੇਗੀ। ਵਿਨੇਸ਼ ਨੂੰ ਵਜ਼ਨ ਵੱਧ ਪਾਏ ਜਾਣ ਕਾਰਨ ਅਯੋਗ ਕਰਾਰ ਦਿੱਤਾ ਗਿਆ। ਉਸ ਨੇ ਸੈਮੀ ਫਾਈਨਲ ਵਿੱਚ ਲੋਪੇਜ਼ ਨੂੰ ਹਰਾਇਆ ਸੀ। ਪੈਰਿਸ ਓਲੰਪਿਕ ਪ੍ਰਬੰਧਕ ਕਮੇਟੀ ਨੇ ਇੱਕ ਬਿਆਨ ਵਿੱਚ ਕਿਹਾ, ‘‘ਵਿਨੇਸ਼ ਦੂਜੇ ਦਿਨ ਕੀਤੇ ਗਏ ਵਜ਼ਨ ਵਿੱਚ ਅਯੋਗ ਪਾਈ ਗਈ। ਕੌਮਾਂਤਰੀ ਕੁਸ਼ਤੀ ਦੇ ਨਿਯਮਾਂ ਦੀ ਧਾਰਾ 11 ਅਨੁਸਾਰ ਵਿਨੇਸ਼ (ਭਾਰਤ) ਦੀ ਜਗ੍ਹਾ ਉਸ ਪਹਿਲਵਾਨ ਨੂੰ ਦਿੱਤੀ ਜਾਵੇਗੀ, ਜਿਸ ਨੂੰ ਉਸ ਨੇ ਸੈਮੀ ਫਾਈਨਲ ਵਿੱਚ ਹਰਾਇਆ ਸੀ। ਇਸੇ ਕਾਰਨ ਕਿਊਬਾ ਦੀ ਯੁਸਨੇਲਿਸ ਗੁਜ਼ਮੈਨ ਲੋਪੇਜ਼ ਨੂੰ ਫਾਈਨਲ ਵਿੱਚ ਖੇਡਣ ਦਾ ਮੌਕਾ ਦਿੱਤਾ ਗਿਆ ਹੈ।’’ ਇਸ ਵਿੱਚ ਕਿਹਾ ਗਿਆ, ‘‘ਜਪਾਨ ਦੀ ਯੂਈ ਸੁਸਾਕੀ ਅਤੇ ਯੂਕਰੇਨ ਦੀ ਓਕਸਾਨਾ ਲਿਵਾਚ ਵਿਚਾਲੇ ਰੇਪੇਚੇਜ਼ ਮੁਕਾਬਲਾ ਕਾਂਸੇ ਦੇ ਤਗ਼ਮੇ ਲਈ ਹੋਵੇਗਾ।’’ -ਪੀਟੀਆਈ
ਵਿਨੇਸ਼ ‘ਚੈਂਪੀਅਨਾਂ ਦੀ ਚੈਂਪੀਅਨ’: ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲਵਾਨ ਵਿਨੇਸ਼ ਫੋਗਾਟ ਨੂੰ ‘ਚੈਂਪੀਅਨਾਂ ਦੀ ਚੈਂਪੀਅਨ’ ਕਰਾਰ ਦਿੰਦਿਆਂ ਭਰੋਸਾ ਜਤਾਇਆ ਕਿ ਮਹਿਲਾ ਪਹਿਲਵਾਨ ਓਲੰਪਿਕ ਦੇ ਫਾਈਨਲ ਮੁਕਾਬਲੇ ਲਈ ਅਯੋਗ ਐਲਾਨੇ ਜਾਣ ਮਗਰੋਂ ਜ਼ੋਰਦਾਰ ਵਾਪਸੀ ਕਰੇਗੀ। ਸ੍ਰੀ ਮੋਦੀ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਵਿਨੇਸ਼, ਤੁਸੀਂ ਚੈਂਪੀਅਨਾਂ ਦੇ ਚੈਂਪੀਅਨ ਹੋ! ਤੁਸੀਂ ਦੇਸ਼ ਦਾ ਮਾਣ ਤੇ ਹਰੇਕ ਭਾਰਤ ਲਈ ਪ੍ਰੇਰਨਾ ਸਰੋਤ ਹੋੋ।’’ ਉਨ੍ਹਾਂ ਕਿਹਾ, ‘‘ਅੱਜ ਦੀ ਘਟਨਾ ਨਾਲ ਝਟਕਾ ਲੱਗਾ ਹੈ। ਕਾਸ਼ ਮੈਂ ਉਸ ਨਿਰਾਸ਼ਾ ਨੂੰ ਸ਼ਬਦਾਂ ਵਿਚ ਬਿਆਨ ਕਰ ਸਕਦਾ, ਜੋ ਮਹਿਸੂਸ ਕਰ ਰਿਹਾ ਹਾਂ। ਮੈਨੂੰ ਪਤਾ ਹੈ ਕਿ ਤੁਸੀਂ ਜ਼ੋਰਦਾਰ ਵਾਪਸੀ ਕਰੋਗੇ। ਚੁਣੌਤੀਆਂ ਦਾ ਅੱਗੇ ਹੋ ਕੇ ਟਾਕਰਾ ਕਰਨਾ ਹਮੇਸ਼ਾ ਤੁਹਾਡਾ ਸੁਭਾਅ ਰਿਹਾ ਹੈ। ਜ਼ੋਰਦਾਰ ਵਾਪਸੀ ਕਰੋ! ਅਸੀਂ ਸਾਰੇ ਤੁਹਾਡੇ ਨਾਲ ਖੜ੍ਹੇ ਹਾਂ।’’ ਉਧਰ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਕਿਹਾ ਕਿ ਪੈਰਿਸ ਓਲੰਪਿਕ ਵਿਚ ਪਹਿਲਵਾਨ ਵਿਨੇਸ਼ ਫੋਗਾਟ ਦੇ ‘ਅਸਧਾਰਨ ਕਮਾਲ’ ਨੇ ਹਰੇਕ ਭਾਰਤੀ ਵਿਚ ਜੋਸ਼ ਭਰਿਆ ਤੇ ਦੇਸ਼ ਦਾ ਮਾਣ ਵਧਾਇਆ। ਰਾਸ਼ਟਰਪਤੀ ਨੇ ਕਿਹਾ, ‘‘ਉਸ ਨੂੰ ਅਯੋਗ ਠਹਿਰਾਏ ਜਾਣ ਤੋਂ ਭਾਵੇਂ ਅਸੀਂ ਸਾਰੇ ਨਿਰਾਸ਼ ਹਾਂ, ਪਰ ਉਹ 1.4 ਅਰਬ ਭਾਰਤੀਆਂ ਦੇ ਦਿਲਾਂ ’ਚ ਚੈਂਪੀਅਨ ਬਣੀ ਰਹੇਗੀ।’’ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਪਹਿਲਵਾਨ ਵਿਨੇਸ਼ ਫੋਗਾਟ ਨੂੰ ਲੱਗੇ ਝਟਕੇ ਨਾਲ ਯਕੀਨੀ ਤੌਰ ’ਤੇੇ ਲੱਖਾਂ ਭਾਰਤੀਆਂ ਦੀਆਂ ਆਸਾਂ ਉਮੀਦਾਂ ਟੁੱਟੀਆਂ ਹਨ, ਪਰ ਇਹ ਪੱਕਾ ਹੈ ਕਿ ਉਹ ਜੇਤੂ ਵਾਂਗ ਵਾਪਸੀ ਕਰੇਗੀ। ਭਾਜਪਾ ਪ੍ਰਧਾਨ ਤੇ ਕੇਂਦਰੀ ਮੰਤਰੀ ਜੇਪੀ ਨੱਢਾ ਨੇ ਕਿਹਾ ਕਿ ਫੋਗਾਟ ਅਸਲੀ ‘ਚੈਂਪੀਅਨ’ ਹੈ। ਉਨ੍ਹਾਂ ਕਿਹਾ, ‘‘ਲੱਖਾਂ ਭਾਰਤੀਆਂ ਦੀਆਂ ਉਮੀਦਾਂ ਜ਼ਰੂਰ ਟੁੱਟੀਆਂ ਹਨ, ਪਰ ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਹਰੇਕ ਚੈਂਪੀਅਨ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਸੀਂ ਮੰਨਦੇ ਹਾਂ ਕਿ ਇਹ ਤੁਹਾਨੂੰ ਹੋਰ ਮਜ਼ਬੂਤ ਬਣਾਏਗਾ। ਤੁਸੀਂ ਸਾਡੇ ਲਈ ਸੱਚਮੁੱਚ ਚੈਂਪੀਅਨ ਹੋ।’’ -ਪੀਟੀਆਈ
ਵਿਨੇਸ਼ ਨੂੰ ਅਯੋਗ ਠਹਿਰਾਉਣਾ ਮੰਦਭਾਗਾ: ਰਾਹੁਲ
ਕਾਂਗਰਸ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਵਿਨੇਸ਼ ਫੋਗਾਟ ਦੀ ਓਲੰਪਿਕਸ ਵਿਚੋਂ ਅਯੋਗਤਾ ਖਿਲਾਫ਼ ਅਪੀਲ ਦਾਇਰ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰੇ। ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਇਸ ਪੂਰੇ ਘਟਨਾਕ੍ਰਮ ਨੂੰ ‘ਮੰਦਭਾਗਾ’ ਦੱਸਦਿਆਂ ਭਰੋਸਾ ਜਤਾਇਆ ਕਿ ਮਹਿਲਾ ਪਹਿਲਵਾਨ ਕੁਸ਼ਤੀ ਦੇ ਅਖਾੜੇ ਵਿਚ ਜ਼ੋਰਦਾਰ ਵਾਪਸੀ ਕਰੇਗੀ। ਗਾਂਧੀ ਨੇ ਕਿਹਾ, ‘‘ਵਿਨੇਸ਼ ਹਿੰਮਤ ਹਾਰਨ ਵਾਲਿਆਂ ’ਚੋਂ ਨਹੀਂ ਹੈ, ਸਾਨੂੰ ਵਿਸ਼ਵਾਸ ਹੈ ਕਿ ਉਹ ਕੁਸ਼ਤੀ ਦੇ ਅਖਾੜੇ ਵਿਚ ਜ਼ੋਰਦਾਰ ਵਾਪਸੀ ਕਰੇਗੀ। ਵਿਨੇਸ਼ ਨੇ ਹਮੇਸ਼ਾ ਦੇਸ਼ ਦਾ ਮਾਣ ਵਧਾਇਆ ਹੈ। ਅੱਜ ਵੀ ਪੂਰਾ ਦੇਸ਼ ਤਾਕਤ ਬਣ ਕੇ ਤੁਹਾਡੇ ਨਾਲ ਖੜ੍ਹਾ ਹੈ।’’ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਭਾਰਤ ਦਾ ਮਾਣ ਵਿਨੇਸ਼ ਫੋਗਾਟ ਨੇ ਵਿਸ਼ਵ ਚੈਂਪੀਅਨਾਂ ਨੂੰ ਹਰਾਇਆ ਪਰ ਤਕਨੀਕੀ ਕਾਰਨਾਂ ਕਰਕੇ ਉਸ ਨੂੰ ਅਯੋਗ ਠਹਿਰਾ ਦਿੱਤਾ ਗਿਆ। ਖੜਗੇ ਨੇ ਐਕਸ ’ਤੇ ਕਿਹਾ, ‘‘ਉਹ ਬਹੁਤ ਮੁਸ਼ਕਲ ਸਮੇਂ ’ਚੋਂ ਲੰਘੀ ਹੈ। ਨਿਆਂ ਲਈ ਸੜਕ ਕੰਢੇ ਫੁੱਟਪਾਥ ’ਤੇ ਰੋਸ ਮੁਜ਼ਾਹਰੇ ਤੋਂ ਲੈ ਕੇ ਓਲੰਪਿਕ ਪੋਡੀਅਮ ਤੱਕ ਪਹੁੰਚਣਾ। ਉਹ ਮੁਸ਼ਕਲ ਸਮੇਂ ’ਚੋਂ ਲੰਘ ਰਹੀ ਹੈ, ਜੋ ਬਹੁਤ ਦੁਖਦਾਈ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਆਈਓਸੀ ਤੱਕ ਅਪੀਲ ਲਈ ਹਰ ਸੰਭਵ ਕੋਸ਼ਿਸ਼ ਕਰੇ ਤੇ ਸਾਡੇ ਚੈਂਪੀਅਨ ਨੂੰ ਨਿਆਂ ਦਿਵਾਏ। ਵਿਨੇਸ਼ ਫੋਗਾਟ ਅਸੀਂ ਤੁਹਾਡੇ ਨਾਲ ਹਾਂ ਤੇ ਸਾਡੀਆਂ ਦੁਆਵਾਂ ਤੁਹਾਡੇ ਨਾਲ ਹਨ। ਤੁਹਾਡੀ ਹਿੰਮਤ ਹਮੇਸ਼ਾ ਪ੍ਰੇਰਨਾਦਾਇਕ ਰਹੀ ਹੈ। ਸਾਨੂੰ ਵਿਸ਼ਵਾਸ ਹੈ ਕਿ ਤੁਸੀਂ ਵੱਡੇ ਦ੍ਰਿੜ੍ਹ ਇਰਾਦੇ ਨਾਲ ਰਿੰਗ ਵਿਚ ਵਾਪਸੀ ਕਰੋਗੇ।’’ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਵਿਨੇਸ਼ ਨੇ ਆਪਣੇ ‘ਸ਼ਾਨਦਾਰ ਸਫ਼ਰ’ ਨਾਲ ‘ਲੱਖਾਂ ਸੁਪਨਿਆਂ ਨੂੰ ਤਾਕਤ’ ਦਿੱਤੀ ਹੈ। ਪ੍ਰਿਯੰਕਾ ਨੇ ਐਕਸ ’ਤੇ ਕਿਹਾ, ‘‘ਮੈਂ ਤੁਹਾਡੀ ਹਿੰਮਤ, ਸਖ਼ਤ ਮਿਹਨਤ ਤੇ ਸਮਰਪਣ ਭਾਵਨਾ ਦੇਖੀ ਹੈ। ਤੁਸੀਂ ਓਲੰਪਿਕ ਦੇ ਅਖਾੜੇ ਵਿਚ ਦੇਸ਼ ਦੀਆਂ ਲੱਖਾਂ ਕੁੜੀਆਂ ਦੇ ਸੁਪਨਿਆਂ ਲਈ ਲੜੇ। ਤੁਹਾਡੀ ਸ਼ਾਨਦਾਰ ਖੇਡ ਨੇ ਛੋਟੇ ਕਸਬਿਆਂ ਤੋਂ ਆਉਣ ਵਾਲੀਆਂ ਲੱਖਾਂ ਕੁੜੀਆਂ ਦੇੇ ਸੁਪਨਿਆਂ ਨੂੰ ਖੰਭ ਲਾਏ। ਮੇਰੀ ਭੈਣ ਖ਼ੁਦ ਨੂੰ ਇਕੱਲੇ ਨਾ ਸਮਝੋ ਤੇ ਯਾਦ ਰੱਖਣਾ ਕਿ ਤੁਸੀਂ ਸਾਡੇ ਚੈਂਪੀਅਨ ਹੋ ਤੇ ਹਮੇਸ਼ਾ ਰਹੋਗੇ।’’ ਉਧਰ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਵਿਨੇਸ਼ ਫੋਗਾਟ ਨੂੰ ਅਯੋਗ ਠਹਿਰਾਉਣ ਪਿਛਲੇ ‘ਤਕਨੀਕੀ ਕਾਰਨਾਂ’ ਦੀ ਸੰਪੂਰਨ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਯਾਦਵ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ ਕਿ ਸੱਚਾਈ ਤੇ ਅਸਲ ਕਾਰਨ ਸਾਹਮਣੇ ਆਉਣਾ ਚਾਹੀਦਾ ਹੈ। -ਪੀਟੀਆਈ
50-100 ਗ੍ਰਾਮ ਓਵਰਵੇਟ ਹੋਵੇ ਤਾਂ ਆਮ ਕਰਕੇ ਖੇਡਣ ਦਿੱਤਾ ਜਾਂਦਾ ਹੈ: ਮਹਾਵੀਰ ਫੋਗਾਟ
ਨਵੀਂ ਦਿੱਲੀ:
ਸਾਬਕਾ ਪਹਿਲਵਾਨ ਮਹਾਵੀਰ ਸਿੰਘ ਫੋਗਾਟ ਨੇ ਆਪਣੀ ਭਤੀਜੀ ਵਿਨੇਸ਼ ਫੋਗਾਟ ਨੂੰ ਅਯੋਗ ਐਲਾਨੇ ਜਾਣ ਦੇ ਫੈਸਲੇ ’ਤੇ ਨਿਰਾਸ਼ਾ ਜ਼ਾਹਿਰ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇ ਕੋਈ ਪਹਿਲਵਾਨ 50-100 ਗ੍ਰਾਮ ਓਵਰਵੇਟ ਹੈ ਤਾਂ ਆਮ ਕਰਕੇ ਉਸ ਨੂੰ ਖੇਡਣ ਦੀ ਖੁੱਲ੍ਹ ਦਿੱਤੀ ਜਾਂਦੀ ਹੈ। ਜਜ਼ਬਾਤੀ ਹੋਏ ਸਾਬਕਾ ਪਹਿਲਵਾਨ ਨੇ ਕਿਹਾ ਕਿ ਵਿਨੇਸ਼ ਭਵਿੱਖ ਵਿਚ ਦੇਸ਼ ਲਈ ਤਗ਼ਮਾ ਜਿੱਤੇਗੀ। ਇਸ ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਮਹਾਵੀਰ ਸਿੰਘ ਫੋਗਾਟ ਨੇ ਕਿਹਾ ਕਿ ਪੂਰੇ ਦੇਸ਼ ਨੂੰ ਸੋਨ ਤਗ਼ਮੇ ਦੀ ਉਮੀਦ ਸੀ ਪਰ ਲੋਕ ਨਿਰਾਸ਼ ਨਾ ਹੋਣ ਵਿਨੇਸ਼ ਇੱਕ ਿਦਨ ਸੋਨ ਤਗਮਾ ਲੈ ਕੇ ਆਵੇਗੀ। -ਏਐੱਨਆਈ
ਯੂਨਾਈਟਿਡ ਵਰਲਡ ਰੈਸਲਿੰਗ ਕੋਲ ਵਿਰੋਧ ਦਰਜ ਕਰਵਾਇਆ: ਸਰਕਾਰ
ਨਵੀਂ ਦਿੱਲੀ:
ਕੇਂਦਰ ਸਰਕਾਰ ਨੇ ਕਿਹਾ ਕਿ ਪਹਿਲਵਾਨ ਵਿਨੇਸ਼ ਫੋਗਾਟ ਨੂੰ ਓਲੰਪਿਕ ਤੋਂ ਅਯੋਗ ਠਹਿਰਾਉਣ ਦੇ ਫ਼ੈਸਲੇ ਦਾ ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਨੇ ਯੂਨਾਈਟਿਡ ਵਰਲਡ ਰੈਸਲਿੰਗ ਕੋਲ ਤਿੱਖਾ ਵਿਰੋਧ ਦਰਜ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਈਓਏ ਮੁਖੀ ਪੀਟੀ ਊਸ਼ਾ ਨੂੰ ਕਿਹਾ ਹੈ ਕਿ ਉਹ ਇਸ ਮਾਮਲੇ ’ਚ ਢੁੱਕਵੀਂ ਕਾਰਵਾਈ ਕਰੇ। ਇਸ ਦੌਰਾਨ ਿਵਰੋਧੀ ਧਿਰਾਂ ਦੇ ਆਗੂਆਂ ਨੇ ਲੋਕ ਸਭਾ ਤੇ ਰਾਜ ਸਭਾ ’ਚੋਂ ਵਾਕਆਊਟ ਕੀਤਾ। ਲੋਕ ਸਭਾ ’ਚ ਇਕ ਬਿਆਨ ’ਚ ਕੇਂਦਰੀ ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਕਿਹਾ ਕਿ ਸਰਕਾਰ ਨੇ ਫੋਗਾਟ ਨੂੰ ਉਸ ਦੀਆਂ ਲੋੜਾਂ ਮੁਤਾਬਕ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਈ ਸੀ। ਮੰਤਰੀ ਦੇ ਜਵਾਬ ’ਤੇ ਅਸੰਤੁਸ਼ਟੀ ਜ਼ਾਹਿਰ ਕਰਦਿਆਂ ਕਾਂਗਰਸ, ਟੀਐੱਮਸੀ ਅਤੇ ਸਮਾਜਵਾਦੀ ਪਾਰਟੀ ਸਮੇਤ ਹੋਰ ਵਿਰੋਧੀ ਧਿਰਾਂ ਨੇ ਸਦਨ ’ਚੋਂ ਵਾਕਆਊਟ ਕਰ ਦਿੱਤਾ। ਖੇਡ ਮੰਤਰੀ ਨੇ ਕਿਹਾ ਕਿ ਧਾਰਾ 11 ਤਹਿਤ ਜੇ ਕਿਸੇ ਅਥਲੀਟ ਦਾ ਵਜ਼ਨ ਵੱਧ ਹੁੰਦਾ ਹੈ ਜਾਂ ਉਹ ਵਜ਼ਨ ਕਰਾਉਣ ਲਈ ਨਹੀਂ ਆਉਂਦਾ ਹੈ ਤਾਂ ਉਸ ਨੂੰ ਮੁਕਾਬਲੇ ਤੋਂ ਅਯੋਗ ਠਹਿਰਾ ਕੇ ਬਿਨਾਂ ਕਿਸੇ ਰੈਂਕ ਦੇ ਸੂਚੀ ’ਚ ਅਖੀਰਲਾ ਦਰਜਾ ਦੇ ਦਿੱਤਾ ਜਾਂਦਾ ਹੈ। ‘ਵਿਨੇਸ਼ ਦਾ ਵਜ਼ਨ 50 ਕਿਲੋ 100 ਗ੍ਰਾਮ ਆਇਆ ਅਤੇ ਉਸ ਨੂੰ ਮੁਕਾਬਲੇ ਦੇ ਅਯੋਗ ਐਲਾਨ ਦਿੱਤਾ ਗਿਆ। ਆਈਓਏ ਨੇ ਵਿਸ਼ਵ ਕੁਸ਼ਤੀ ਜਥੇਬੰਦੀ ਕੋਲ ਇਸ ਮਾਮਲੇ ’ਤੇ ਤਿੱਖਾ ਰੋਸ ਜਤਾਇਆ ਹੈ।’ ਮਾਂਡਵੀਆ ਨੇ ਕਿਹਾ ਕਿ ਵਿਨੇਸ਼ ਨਾਲ ਮਸ਼ਹੂਰ ਹੰਗਰੀ ਦਾ ਕੋਚ ਵੋਲਰ ਅਕੋਸ ਅਤੇ ਫਿਜ਼ੀਓ ਅਸ਼ਵਨੀ ਪਾਟਿਲ ਵੀ ਹਰ ਸਮੇਂ ਰਹਿੰਦੇ ਸਨ। ਇਸ ਤੋਂ ਇਲਾਵਾ ਹੋਰ ਅਮਲਾ ਵੀ ਦਿੱਤਾ ਗਿਆ ਹੈ। ਖੇਡ ਮੰਤਰੀ ਨੇ ਕਿਹਾ ਕਿ ਪੈਰਿਸ ਓਲੰਪਿਕ ਦੀਆਂ ਤਿਆਰੀਆਂ ਲਈ ਉਸ ਨੂੰ ਕੁੱਲ 70,45,775 ਰੁਪਏ ਦੀ ਮਾਲੀ ਸਹਾਇਤਾ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਵਿਨੇਸ਼ ਫੋਗਾਟ ਨੂੰ ਟੋਕੀਓ ਓਲੰਪਿਕ ਦੀਆਂ ਤਿਆਰੀਆਂ ਲਈ ਵੀ 1,13,98,224 ਰੁਪਏ ਦੀ ਸਹਾਇਤਾ ਦਿੱਤੀ ਗਈ ਸੀ। ਵਿਰੋਧੀ ਧਿਰਾਂ ਦੇ ਕੁਝ ਆਗੂਆਂ ਨੇ ਮਾਂਡਵੀਆ ਵੱਲੋਂ ਫੋਗਾਟ ਨੂੰ ਓਲੰਪਿਕ ਦੀਆਂ ਤਿਆਰੀਆਂ ਲਈ ਦਿੱਤੀ ਗਈ ਮਾਲੀ ਸਹਾਇਤਾ ਦੇ ਵੇਰਵੇ ਸਾਂਝੇ ਕਰਨ ਲਈ ਉਨ੍ਹਾਂ ਦੀ ਨਿਖੇਧੀ ਕੀਤੀ। ਉਧਰ ਰਾਜ ਸਭਾ ’ਚ ਨਮਿੱਤਣ ਬਿੱਲ, 2024 ’ਤੇ ਚਰਚਾ ਦੌਰਾਨ ਮਲਿਕਾਰਜੁਨ ਖੜਗੇ ਨੇ ਇਹ ਮੁੱਦਾ ਚੁੱਕਿਆ ਪਰ ਚੇਅਰ ਨੇ ਇਸ ਅਪੀਲ ਨੂੰ ਠੁਕਰਾ ਦਿੱਤਾ ਜਿਸ ਮਗਰੋਂ ‘ਇੰਡੀਆ’ ਗੱਠਜੋੜ ਦੇ ਮੈਂਬਰ ਸਦਨ ’ਚੋਂ ਬਾਹਰ ਚਲੇ ਗਏ। ਰਾਜ ਸਭਾ ਚੇਅਰਮੈਨ ਜਗਦੀਪ ਧਨਖੜ ਨੇ ਕਿਹਾ ਕਿ ਵਿਰੋਧੀ ਮੈਂਬਰਾਂ ਦੇ ਵਤੀਰੇ ਨਾਲ ਉਨ੍ਹਾਂ ਨੂੰ ਦੁੱਖ ਹੋਇਆ ਹੈ ਅਤੇ ਜਿਨ੍ਹਾਂ ਸਦਨ ’ਚੋਂ ਵਾਕਆਊਟ ਕੀਤਾ ਹੈ, ਉਹ ਸੰਵਿਧਾਨਕ ਫ਼ਰਜ਼ ਤੋਂ ਭੱਜ ਗਏ ਹਨ। -ਪੀਟੀਆਈ