ਸ਼ੰਭੂ ਬਾਰਡਰ ’ਤੇ ਕਿਸਾਨ ਰੈਲੀ ਵਿਚ ਪੁੱਜੀ ਵਿਨੇਸ਼ ਫੋਗਾਟ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 31 ਅਗਸਤ
ਪੈਰਿਸ ਓਲੰਪਿਕਸ ਵਿਚ ਅਯੋਗ ਕਰਾਰ ਦਿੱਤੀ ਗਈ ਭਾਰਤ ਦੀ ਨਾਮੀ ਪਹਿਲਵਾਨ ਵਿਨੇਸ਼ ਫੋਗਾਟ ਸ਼ਨਿੱਚਰਵਾਰ ਨੂੰ ਪੰਜਾਬ-ਹਰਿਆਣਾ ਦੇ ਸ਼ੰਭੂ ਬਾਰਡਰ 'ਤੇ ਚੱਲ ਰਹੇ ਕਿਸਾਨਾਂ ਦੇ ਧਰਨੇ 'ਚ ਪਹੁੰਚੀ। ਇੱਥੇ ਕਿਸਾਨ ਆਗੂਆਂ ਨੇ ਮੰਚ 'ਤੇ ਉਨ੍ਹਾਂ ਦਾ ਸਨਮਾਨ ਕੀਤਾ। ਕਿਸਾਨ ਅੰਦੋਲਨ ਦੇ 200 ਦਿਨ ਪੂਰੇ ਹੋਣ 'ਤੇ ਇੱਥੇ ਇੱਕ ਰੈਲੀ ਨੁਮਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਇਸ ਤੋਂ ਬਾਅਦ ਵਿਨੇਸ਼ ਫੋਗਾਟ ਖਨੌਰੀ ਬਾਰਡਰ 'ਤੇ ਚੱਲ ਰਹੇ ਕਿਸਾਨ ਅੰਦੋਲਨ 'ਚ ਸ਼ਾਮਲ ਹੋਵੇਗੀ।
ਇਸ ਮੌਕੇ ਵਿਨੇਸ਼ ਫੋਗਾਟ ਨੇ ਕਿਹਾ, ‘‘ਅੱਜ ਕਿਸਾਨਾਂ ਨੂੰ ਬੈਠੇ ਹੋਏ 200 ਦਿਨ ਹੋ ਗਏ ਹਨ ਪਰ ਜੋਸ਼ ਪਹਿਲੇ ਦਿਨ ਵਾਂਗ ਹੀ ਹੈ। ਤੁਹਾਡੀ ਧੀ ਤੁਹਾਡੇ ਨਾਲ ਹੈ। ਮੈਂ ਸਰਕਾਰ ਨੂੰ ਦੱਸਣਾ ਚਾਹੁੰਦੀ ਹਾਂ ਕਿ ਹਰ ਵਾਰ ਦੇਸ਼ ਦੇ ਲੋਕ ਆਪਣੇ ਹੱਕਾਂ ਲਈ ਆਵਾਜ਼ ਉਠਾਉਂਦੇ ਹਨ, ਇਹ ਸਿਆਸੀ ਨਹੀਂ ਹੈ। ਇਸ ਨੂੰ ਕਿਸੇ ਧਰਮ ਨਾਲ ਨਹੀਂ ਜੋੜਨਾ ਚਾਹੀਦਾ।’’
ਵਿਨੇਸ਼ ਨੇ ਕਿਹਾ, ‘‘ਮੈਂ ਸਰਕਾਰ ਨੂੰ ਕਿਸਾਨਾਂ ਦੀ ਗੱਲ ਸੁਣਨ ਦੀ ਅਪੀਲ ਕਰਦੀ ਹਾਂ।'' ਸਰਕਾਰ ਨੂੰ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਕਰਨੇ ਚਾਹੀਦੇ ਹਨ। ਇਸ ਨੂੰ ਹੱਲ ਕਰਨਾ ਸਰਕਾਰ ਦੀ ਪਹਿਲੀ ਤਰਜੀਹ ਹੋਣੀ ਚਾਹੀਦੀ ਹੈ।