For the best experience, open
https://m.punjabitribuneonline.com
on your mobile browser.
Advertisement

ਕਾਂਗਰਸ ਵਿੱਚ ਸ਼ਾਮਲ ਹੋਏ ਵਿਨੇਸ਼ ਫੋਗਾਟ ਤੇ ਬਜਰੰਗ ਪੂਨੀਆ

02:09 PM Sep 06, 2024 IST
ਕਾਂਗਰਸ ਵਿੱਚ ਸ਼ਾਮਲ ਹੋਏ ਵਿਨੇਸ਼ ਫੋਗਾਟ ਤੇ ਬਜਰੰਗ ਪੂਨੀਆ
ਨਵੀਂ ਦਿੱਲੀ ਵਿਚ ਸ਼ੁੱਕਰਵਾਰ ਨੂੰ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨਾਲ ਮੁਲਾਕਾਤ ਕਰਨ ਸਮੇਂ ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ। -ਫੋਟੋ: ਏਐੱਨਆਈ
Advertisement

ਨਵੀਂ ਦਿੱਲੀ, 6 ਸਤੰਬਰ
Haryana Politics: ਪਹਿਲਵਾਨ ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਸ਼ੁੱਕਰਵਾਰ ਨੂੰ ਇਥੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ। ਉਮੀਦ ਹੈ ਕਿ ਦੋਵੇਂ 5 ਅਕਤੂਬਰ ਨੂੰ ਹੋਣ ਵਾਲੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਉਮੀਦਵਾਰ ਹੋਣਗੇ।

ਸਮਝਿਆ ਜਾਂਦਾ ਹੈ ਕਿ ਵਿਨੇਸ਼ ਫੋਗਾਟ ਹਰਿਅਣਾ ਦੇ ਜੁਲਾਣਾ ਹਲਕੇ ਤੋਂ ਕਾਂਗਰਸ ਟਿਕਟ ਉਤੇ ਚੋਣ ਲੜੇਗੀ, ਜਿਥੋਂ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਦੇ ਅਮਰਜੀਤ ਢਾਂਡਾ ਮੌਜੂਦਾ ਵਿਧਾਇਕ ਹਨ। ਇਸੇ ਤਰ੍ਹਾਂ ਬਜਰੰਗ ਪੂਨੀਆ ਨੂੰ ਬਾਦਲੀ ਹਲਕੇ ਤੋਂ ਉਮੀਦਵਾਰ ਬਣਾਇਆ ਜਾਵੇਗਾ, ਜਿਥੋਂ ਭਾਜਪਾ ਨੇ ਸਾਬਕਾ ਸੂਬਾ ਪ੍ਰਧਾਨ ਓਮ ਪ੍ਰਕਾਸ਼ ਧਨਖੜ ਨੂੰ ਮੈਦਾਨ ਵਿਚ ਉਤਾਰਿਆ ਹੈ।

Advertisement

ਇਸ ਤੋਂ ਪਹਿਲਾਂ ਅੱਜ ਤੇਜ਼ੀ ਨਾਲ ਵਾਪਰੇ ਘਟਨਾਕ੍ਰਮ ਵਿਚ ਦੋਵੇਂ ਪਹਿਲਵਾਨਾਂ ਨੇ ਕਾਂਗਰਸ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨਾਲ  ਉਨ੍ਹਾਂ ਦੀ ਰਿਹਾਇਸ਼ ’ਤੇ ਮੁਲਾਕਾਤ ਕੀਤੀ। ਉਸ ਤੋਂ ਪਹਿਲਾਂ ਵਿਨੇਸ਼ ਨੇ ਨਿਜੀ ਕਾਰਨਾਂ ਦੇ ਹਵਾਲੇ ਨਾਲ ਰੇਲਵੇ ਦੀ ਆਪਣੀ ਸਰਕਾਰੀ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ।

ਦੋਵਾਂ ਨੇ ਬੀਤੇ ਬੁੱਧਵਾਰ ਨੂੰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਸੀ। ਕਾਂਗਰਸ ਨੇ ਗਾਂਧੀ ਦੀ ਫੋਗਾਟ ਤੇ ਪੂਨੀਆ ਨਾਲ ਮੁਲਾਕਾਤ ਦੀ ਫੋਟੋ ਆਪਣੇ ‘ਐਕਸ’ ਹੈਂਡਲ ਉਤੇ ਨਸ਼ਰ ਕੀਤੀ ਸੀ।

ਬਜੰਰਗ ਪੂਨੀਆ ਓਲੰਪਿਕ ਤਗ਼ਮਾ ਜੇਤੂ ਪਹਿਲਵਾਨ ਹੈ ਜਦੋਂਕਿ ਫੋਗਾਟ ਹਾਲੀਆ ਪੈਰਿਸ ਓਲੰਪਿਕਸ ਦੇ 50 ਕਿਲੋ ਕੁਸ਼ਤੀ ਵਰਗ ਦੇ ਫਾਈਨਲ ਵਿਚ ਪੁੱਜਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣੀ ਸੀ, ਹਾਲਾਂਕਿ ਉਸ ਨੂੰ ਬਾਅਦ ਵਿਚ ਥੋੜ੍ਹਾ ਜਿਹਾ ਵਜ਼ਨ ਵਧ ਜਾਣ ਕਾਰਨ ਅਯੋਗ ਕਰਾਰ ਦੇ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਸ ਨੇ ਕੁ਼ਸ਼ਤੀ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ।

ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਅਤੇ ਭਾਜਪਾ ਦੇ ਸਾਬਕਾ ਐਮਪੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਉਤੇ 2023 ਵਿਚ ਮਹਿਲਾ ਪਹਿਲਵਾਨਾਂ ਵੱਲੋਂ ਲਾਏ ਗਏ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਕਾਰਨ ਚੱਲੇ ਲੰਬੇ ਅੰਦੋਲਨ ਵਿਚ ਦੋਵਾਂ ਫੋਗਾਟ ਤੇ ਪੂਨੀਆ ਨੇ ਸਰਗਰਮੀ ਨਾਲ ਸ਼ਿਰਕਤ ਕੀਤੀ ਸੀ।

ਵਿਨੇਸ਼ ਫੋਗਾਟ ਨੇ ਰੇਲਵੇ ਦੇ ਅਹੁਦੇ ਤੋਂ ਦਿੱਤਾ ਅਸਤੀਫਾ

ਫੋਗਾਟ ਨੇ ਸ਼ੁੱਕਰਵਾਰ ਨੂੰ ਉੱਤਰੀ ਰੇਲਵੇ ਤੋਂ ਅਸਤੀਫ਼ਾ ਦੇ ਦਿੱਤਾ ਹੈ, ਜਿੱਥੇ ਉਹ ਸਪੈਸ਼ਲ ਡਿਊਟੀ ਖੇਡਾਂ ਦੇ ਪੱਧਰ 7 ਵਿੱਚ ਕੰਮ ਕਰ ਰਹੀ ਸੀ। ਵਿਨੇਸ਼ ਨੇ ਸੋਸ਼ਲ ਮੀਡੀਆ ‘ਐਕਸ’ ’ਤੇ ਲਿਖਿਆ ਕਿ ਭਾਰਤੀ ਰੇਲਵੇ ਦੀ ਸੇਵਾ ਕਰਨਾ ਮੇਰੇ ਜੀਵਨ ਦਾ ਇੱਕ ਯਾਦਗਾਰੀ ਅਤੇ ਮਾਣ ਵਾਲਾ ਸਮਾਂ ਰਿਹਾ ਹੈ।

ਮੇਰੇ ਜੀਵਨ ਦੇ ਇਸ ਮੋੜ ’ਤੇ ਮੈਂ ਆਪਣੇ ਆਪ ਨੂੰ ਰੇਲਵੇ ਸੇਵਾ ਤੋਂ ਵੱਖ ਕਰਨ ਦਾ ਫੈਸਲਾ ਕੀਤਾ ਹੈ ਅਤੇ ਸਮਰੱਥ ਅਧਿਕਾਰੀਆਂ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ ਹੈ। ਦੇਸ਼ ਦੀ ਸੇਵਾ ਵਿੱਚ ਰੇਲਵੇ ਦੁਆਰਾ ਮੈਨੂੰ ਦਿੱਤੇ ਗਏ ਇਸ ਮੌਕੇ ਲਈ ਭਾਰਤੀ ਰੇਲਵੇ ਪਰਿਵਾਰ ਦੀ ਹਮੇਸ਼ਾ ਸ਼ੁਕਰਗੁਜ਼ਾਰ ਰਹਾਂਗੀ। ਵਿਨੇਸ਼ ਫੋਗਾਟ ਦੇ ਹਰਿਆਣਾ ਤੋਂ ਚੋਣ ਲੜਨ ਦੀ ਸੰਭਾਵਨਾ ਹੈ। -ਆਈਏਐੱਨਐੱਸ/ਪੀਟੀਆਈ

Advertisement
Tags :
Author Image

Balwinder Singh Sipray

View all posts

Advertisement