ਵਿਨੇਸ਼ ਨੇ ਸਾਕਸ਼ੀ ਦੇ ਦਾਅਵਿਆਂ ਨਾਲ ਅਸਹਿਮਤੀ ਜਤਾਈ
ਨਵੀਂ ਦਿੱਲੀ:
ਪਹਿਲਵਾਨ ਅਤੇ ਕਾਂਗਰਸ ਵਿਧਾਇਕ ਵਿਨੇਸ਼ ਫੋਗਾਟ ਨੇ ਅੱਜ ਸਾਕਸ਼ੀ ਮਲਿਕ ਦੇ ਉਨ੍ਹਾਂ ਦਾਅਵਿਆਂ ਨਾਲ ਅਸਹਿਮਤੀ ਜਤਾਈ ਕਿ ਏਸ਼ਿਆਈ ਖੇਡਾਂ ਦੇ ਟਰਾਇਲ ਤੋਂ ਛੋਟ ਲੈਣ ਦੇ ਉਸ ਦੇ ਅਤੇ ਬਜਰੰਗ ਪੂਨੀਆ ਦੇ ਫ਼ੈਸਲੇ ਨੇ ਭਾਰਤੀ ਹਾਕੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਨ ਸਿੰਘ ਖ਼ਿਲਾਫ਼ ਪ੍ਰਦਰਸ਼ਨ ਕਮਜ਼ੋਰ ਹੋ ਗਿਆ ਸੀ। ਓਲੰਪਿਕ ਵਿੱਚ ਕਾਂਸੇ ਦਾ ਤਗ਼ਮਾ ਜੇਤੂ ਸਾਕਸ਼ੀ ਨੇ ਆਪਣੀ ਕਿਤਾਬ ‘ਵਿਟਨੈੱਸ’ ਵਿੱਚ ਦਾਅਵਾ ਕੀਤਾ ਹੈ ਕਿ ਵਿਨੇਸ਼ ਅਤੇ ਬਜਰੰਗ ਦੇ ਫ਼ੈਸਲੇ ਕਾਰਨ ਉਨ੍ਹਾਂ ਦਾ ਅੰਦੋਲਨ ‘ਸੁਆਰਥੀ’ ਲੱਗਣ ਲੱਗਾ ਸੀ। ਵਿਨੇਸ਼ ਨੇ ਇਸ ਬਾਰੇ ਕਿਹਾ, ‘ਇਹ ਉਸ ਦੀ ਨਿੱਜੀ ਰਾਇ ਹੈ। ਮੈਂ ਇਸ ਨਾਲ ਸਹਿਮਤ ਨਹੀਂ ਹਾਂ। ਜਿੰਨਾ ਚਿਰ ਮੈਂ ਕਮਜ਼ੋਰ ਨਹੀਂ ਹਾਂ, ਲੜਾਈ ਕਮਜ਼ੋਰ ਨਹੀਂ ਹੋ ਸਕਦੀ। ਇਹ ਮੇਰਾ ਮੰਨਣਾ ਹੈ। ਜਦੋਂ ਤੱਕ ਸਾਕਸ਼ੀ, ਵਿਨੇਸ਼ ਅਤੇ ਬਜਰੰਗ ਜਿਊਂਦੇ ਹਨ, ਇਹ ਲੜਾਈ ਕਮਜ਼ੋਰ ਨਹੀਂ ਹੋ ਸਕਦੀ।’ ਉਨ੍ਹਾਂ ਕਿਹਾ, ‘ਜੋ ਜਿੱਤਣਾ ਚਾਹੁੰਦੇ ਹਨ, ਉਨ੍ਹਾਂ ਨੂੰ ਕਦੇ ਕਮਜ਼ੋਰ ਨਹੀਂ ਹੋਣਾ ਚਾਹੀਦਾ। ਉਨ੍ਹਾਂ ਨੂੰ ਮੈਦਾਨ ਵਿੱਚ ਹਮੇਸ਼ਾ ਬਹਾਦਰੀ ਨਾਲ ਲੜਨਾ ਚਾਹੀਦਾ ਹੈ। ਇਸ ਲਈ ਸਖ਼ਤ ਚੁਣੌਤੀਆਂ ਦਾ ਸਾਹਮਣਾ ਕਰਨਾ ਜ਼ਰੂਰੀ ਹੈ। ਅਸੀਂ ਲੜਨ ਲਈ ਤਿਆਰ ਹਾਂ।’ -ਪੀਟੀਆਈ