ਵਿਨੇਸ਼ ਤੇ ਪੂਨੀਆ ਵੱਲੋਂ ਰਾਹੁਲ ਨਾਲ ਮੁਲਾਕਾਤ
ਨਵੀਂ ਦਿੱਲੀ:
ਪਹਿਲਵਾਨ ਬਜਰੰਗ ਪੂਨੀਆ ਤੇ ਵਿਨੇਸ਼ ਫੋਗਾਟ ਨੇ ਅੱਜ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਸੂਤਰਾਂ ਮੁਤਾਬਕ ਦੋਵਾਂ ਪਹਿਲਵਾਨਾਂ ਦੇ ਕਾਂਗਰਸ ਦੀ ਟਿਕਟ ’ਤੇ ਹਰਿਆਣਾ ਅਸੈਂਬਲੀ ਚੋਣਾਂ ਲੜਨ ਦੇ ਆਸਾਰ ਹਨ। ਸੂਤਰਾਂ ਨੇ ਕਿਹਾ ਕਿ ਫੋਗਾਟ ਤੇ ਪੂਨੀਆ ਨੂੰ ਕ੍ਰਮਵਾਰ ਜੁਲਾਨਾ ਤੇ ਬਾਦਲੀ ਸੀਟਾਂ ਤੋਂ ਉਮੀਦਵਾਰ ਵਜੋਂ ਉਤਾਰਨ ਬਾਰੇ ਵਿਚਾਰ ਚਰਚਾ ਜਾਰੀ ਹੈ। ਕਾਂਗਰਸ ਨੇ ਆਪਣੇ ਅਧਿਕਾਰਤ ਐਕਸ ਹੈਂਡਲ ’ਤੇ ਗਾਂਧੀ ਦੀ ਫੋਗਾਟ ਤੇ ਪੂਨੀਆ ਨਾਲ ਤਸਵੀਰ ਵੀ ਸਾਂਝੀ ਕੀਤੀ ਹੈ। ਏਆਈਸੀਸੀ ਦੇ ਜਨਰਲ ਸਕੱਤਰ ਇੰਚਾਰਜ ਦੀਪਕ ਬਾਬਰੀਆ ਨੇ ਲੰਘੇ ਦਿਨ ਕਿਹਾ ਸੀ ਕਿ ਦੋਵਾਂ ਪਹਿਲਵਾਨਾਂ ਦੀ ਉਮੀਦਵਾਰੀ ਬਾਰੇ ਵੀਰਵਾਰ ਤੱਕ ਸਥਿਤੀ ਸਾਫ਼ ਹੋਵੇਗੀ। ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਹੁਣ ਤੱਕ 90 ਮੈਂਬਰੀ ਅਸੈਂਬਲੀ ਲਈ 66 ਸੀਟਾਂ ’ਤੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਚੁੱਕੀ ਹੈ। ਪੂਨੀਆ ਤੇ ਫੋਗਾਟ ਸਾਬਕਾ ਭਾਜਪਾ ਸੰਸਦ ਮੈਂਬਰ ਤੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਤਤਕਾਲੀ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ’ਤੇ ਕੁਝ ਮਹਿਲਾ ਪਹਿਲਵਾਨਾਂ ਵੱਲੋਂ ਲਾਏ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਖਿਲਾਫ਼ ਵਿੱਢੇ ਅੰਦੋਲਨ ਦਾ ਹਿੱਸਾ ਰਹੇ ਹਨ। -ਪੀਟੀਆਈ