ਕਾਂਗਰਸ ਸਹਾਰਾ ਦੇਣ ਵਾਲੇ ਨੂੰ ਸੁਕਾਉਣ ਵਾਲੀ ਵੇਲ: ਮੋਦੀ
ਨਾਂਦੇੜ/ਪਰਭਨੀ, 20 ਅਪਰੈਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਾਂਗਰਸ ਨੂੰ ਅਜਿਹੀ ਵੇਲ ਕਰਾਰ ਦਿੱਤਾ ਜਿਸ ਦੀ ਨਾ ਤਾਂ ਜੜ੍ਹ ਹੈ ਤੇ ਨਾ ਹੀ ਸ਼ਾਖਾਵਾਂ ਅਤੇ ਇਹ ਸਹਾਰਾ ਦੇਣ ਵਾਲੇ ਨੂੰ ਸੁਕਾ ਦਿੰਦੀ ਹੈ। ਉਨ੍ਹਾਂ ਲੋਕਾਂ ਨੂੰ ‘ਵਿਕਸਿਤ ਭਾਰਤ’ ਅਤੇ ‘ਵਿਕਸਿਤ ਮਹਾਰਾਸ਼ਟਰ’ ਦੇ ਟੀਚੇ ਹਾਸਲ ਕਰਨ ਲਈ ਵਿਰੋਧੀ ਗੱਠਜੋੜ ਤੋਂ ਚੌਕਸ ਰਹਿਣ ਲਈ ਵੀ ਕਿਹਾ। ਪ੍ਰਧਾਨ ਮੰਤਰੀ ਨੇ ਮਹਾਰਾਸ਼ਟਰ ਦੇ ਨਾਂਦੇੜ ਤੇ ਪਰਭਨੀ ’ਚ ਰੈਲੀਆਂ ਦੌਰਾਨ ਕਿਹਾ ਕਿ ਕਾਂਗਰਸ ਨੇ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਹੀ ਆਪਣੀ ਹਾਰ ਸਵੀਕਾਰ ਕਰ ਲਈ ਹੈ। ਉਨ੍ਹਾਂ ਰਾਹੁਲ ਗਾਂਧੀ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਉਹ 2019 ’ਚ ਅਮੇਠੀ ਤੋਂ ਹਾਰੇ ਸਨ ਅਤੇ ‘ਕਾਂਗਰਸ ਦੇ ਸ਼ਹਿਜ਼ਾਦੇ’ ਇਸ ਵਾਰ ਵਾਇਨਾਡ ਸੰਸਦੀ ਹਲਕੇ ਤੋਂ ਵੀ ਹਾਰਨਗੇ।
ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ 2024 ਦੀਆਂ ਚੋਣਾਂ ਸਿਰਫ਼ ਸਰਕਾਰ ਬਣਾਉਣ ਵਾਸਤੇ ਨਹੀਂ ਹਨ ਬਲਕਿ ਇਹ ਭਾਰਤ ਨੂੰ ਵਿਕਸਿਤ ਤੇ ਆਤਮ ਨਿਰਭਰ ਬਣਾਉਣ ਲਈ ਹਨ। ਉਨ੍ਹਾਂ ਵਿਰੋਧੀ ਧਿਰ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ, ‘ਕਾਂਗਰਸ ਇੱਕ ਅਜਿਹੀ ਵੇਲ ਹੈ ਜਿਸ ਦੀ ਨਾ ਜੜ੍ਹ ਹੈ ਤੇ ਨਾ ਹੀ ਸ਼ਾਖਾਵਾਂ। ਜੋ ਇਸ ਨੂੰ ਸਹਾਰਾ ਦਿੰਦਾ ਹੈ, ਇਹ ਉਸੇ ਨੂੰ ਸੁਕਾ ਦਿੰਦੀ ਹੈ।’ ਉਨ੍ਹਾਂ ਕਾਂਗਰਸ ’ਤੇ ਦੇਸ਼ ਦੀ ਵੰਡ ਕਰਨ ਦਾ ਦੋਸ਼ ਲਾਇਆ ਅਤੇ ਦਾਅਵਾ ਕੀਤਾ ਕਿ ਉਸ ਨੇ ਧਾਰਾ 370 ਦੇ ਬਹਾਨੇ ਕਸ਼ਮੀਰ ’ਚ ਸੰਵਿਧਾਨ ਲਾਗੂ ਨਹੀਂ ਹੋਣ ਦਿੱਤਾ। ਮਹਾਰਾਸ਼ਟਰ ’ਚ ਮਹਾ ਵਿਕਾਸ ਅਘਾੜੀ ਨੂੰ ਨਿਸ਼ਾਨੇ ’ਤੇ ਲੈਂਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ‘ਫਰਜ਼ੀ ਸ਼ਿਵ ਸੈਨਾ’ ਯਾਕੂਬ ਮੈਨਨ ਦੀ ਕਬਰ ਨੂੰ ਸਜਾਉਣ ’ਚ ਰੁੱਝੇ ਹੋਏ ਹਨ। ਮੈਨਨ 1993 ਦੇ ਮੁੰਬਈ ਬੰਬ ਧਮਾਕੇ ਕੇਸ ’ਚ ਦੋਸ਼ੀ ਸੀ ਜਿਸ ਨੂੰ 2015 ’ਚ ਫਾਂਸੀ ਦਿੱਤੀ ਗਈ ਸੀ। ਉਨ੍ਹਾਂ ਕਿਹਾ, ‘ਜਦੋਂ ਇੰਡੀ ਗੱਠਜੋੜ (ਵਿਰੋਧੀ ਧਿਰ) ਸੱਤਾ ਵਿੱਚ ਸੀ ਤਾਂ ਉਨ੍ਹਾਂ ਇਹ ਮਹਿਸੂਸ ਨਹੀਂ ਹੋਣ ਦਿੱਤਾ ਕਿ ਨਿਜ਼ਾਮ ਸ਼ਾਸਨ ਖਤਮ ਹੋ ਗਿਆ ਹੈ। ਉਨ੍ਹਾਂ ਦੀ ਤਰਜੀਹ ਯਾਕੂਬ ਮੈਨਨ ਦੀ ਕਬਰ ਨੂੰ ਸਜਾਉਣ ਦੀ ਸੀ।’ ਉਨ੍ਹਾਂ ਲੋਕਾਂ ਨੂੰ ‘ਵਿਕਸਿਤ ਭਾਰਤ’ ਅਤੇ ‘ਵਿਕਸਿਤ ਮਹਾਰਾਸ਼ਟਰ’ ਦਾ ਟੀਚਾ ਹਾਸਲ ਕਰਨ ਲਈ ਇੰਡੀ ਗੱਠਜੋੜ ਤੋਂ ਚੌਕਸ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ਭਾਰਤ ਨੂੰ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਆਰਥਿਕਤਾ ਬਣਾਉਣ ਲਈ ਹਨ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਦੇ ਪਿਛਲੇ ਕਾਰਜਕਾਲ ’ਚ ਲੋਕਾਂ ਨੇ ਚੰਦਰਯਾਨ ਮਿਸ਼ਨ ਦੀ ਕਾਮਯਾਬੀ ਦੇਖੀ ਅਤੇ ਅਗਲੇ ਕਾਰਜਕਾਲ ’ਚ 140 ਕਰੋੜ ਭਾਰਤੀ ਗਗਨਯਾਨ ਦੀ ਕਾਮਯਾਬੀ ਦਾ ਗਵਾਹ ਬਣਨਗੇ। ਉਨ੍ਹਾਂ ਕਿਹਾ ਕਿ ਇਹ ਪਹਿਲੀਆਂ ਚੋਣਾਂ ਹਨ ਜਦੋਂ ਲੋਕ ਆਤਮ ਨਿਰਭਰ ਭਾਰਤ ਦੀ ਕਾਮਯਾਬੀ ਦੀ ਗੱਲ ਕਰ ਰਹੇ ਹਨ। -ਪੀਟੀਆਈ