ਚੰਡੀਗੜ੍ਹ ਦੇ ਪਿੰਡ: ਨਾ ਸ਼ਹਿਰ ਬਣ ਸਕੇ ਅਤੇ ਨਾ ਹੀ ਰਹੇ ਪਿੰਡ
ਆਤਿਸ਼ ਗੁਪਤਾ
ਚੰਡੀਗੜ੍ਹ, 26 ਅਕਤੂਬਰ
ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਨੇ ਕਿਸੇ ਸਮੇਂ ਦੇਸ਼ ਵਿੱਚੋਂ ਸਿਟੀ ਬਿਊਟੀਫੁਲ ਦਾ ਖ਼ਿਤਾਬ ਹਾਸਲ ਕੀਤਾ ਸੀ, ਪਰ ਅੱਜ ਇਸ ਸ਼ਹਿਰ ਵਿੱਚ ਗੰਦਗੀ ਦੀ ਭਰਮਾਰ ਹੁੰਦੀ ਜਾ ਰਹੀ ਹੈ। ਇੱਥੋਂ ਦੇ ਪਿੰਡਾਂ ਵਿੱਚ ਸਫ਼ਾਈ ਵਿਵਸਥਾ ਦਾ ਬਹੁਤ ਮਾੜਾ ਹਾਲ ਹੈ। ਹਾਲਾਂਕਿ ਸਾਲ 2019 ਵਿੱਚ ਯੂਟੀ ਪ੍ਰਸ਼ਾਸਨ ਨੇ ਸ਼ਹਿਰ ਵਿੱਚੋਂ ਪੰਚਾਇਤਾਂ ਨੂੰ ਭੰਗ ਕਰ ਕੇ ਸਾਰੇ ਪਿੰਡਾਂ ਨੂੰ ਨਗਰ ਨਿਗਮ ਅਧੀਨ ਲਿਆਂਦਾ ਗਿਆ ਸੀ ਤਾਂ ਜੋ ਪਿੰਡਾਂ ਦਾ ਵੀ ਸ਼ਹਿਰਾਂ ਦੀ ਤਰਜ਼ ’ਤੇ ਵਿਕਾਸ ਕੀਤਾ ਜਾ ਸਕੇ। ਪਿੰਡਾਂ ਨੂੰ ਨਗਰ ਨਿਗਮ ਅਧੀਨ ਆਏ ਨੂੰ ਸਾਢੇ ਪੰਜ ਸਾਲ ਬੀਤ ਚੁੱਕੇ ਹਨ, ਪਰ ਪਿੰਡ ਨਾ ਤਾਂ ਸ਼ਹਿਰ ਬਣ ਸਕੇ ਹਨ ਅਤੇ ਨਾ ਹੀ ਪਿੰਡ ਰਹਿ ਸਕੇ ਹਨ।
ਇੱਥੋਂ ਦੇ ਵਾਰਡ-14 ਵਿੱਚ ਸਫ਼ਾਈ ਪ੍ਰਬੰਧਾਂ ਦਾ ਬਹੁਤ ਮਾੜਾ ਹਾਲ ਹੋਇਆ ਪਿਆ ਹੈ। ਇਹ ਪਿੰਡ ਸੀਨੀਅਰ ਡਿਪਟੀ ਮੇਅਰ ਕੁਲਜੀਤ ਸਿੰਘ ਸੰਧੂ ਦਾ ਹੈ। ਵਾਰਡ ਵਿੱਚ ਥਾਂ-ਥਾਂ ’ਤੇ ਗੰਦਗੀ ਦੇ ਢੇਰ ਲੱਗੇ ਹੋਏ ਹਨ, ਜਿਸ ਕਰ ਕੇ ਲੋਕ ਮਾੜੇ ਹਾਲਾਤ ’ਚ ਰਹਿਣ ਲਈ ਮਜਬੂਰ ਹਨ।
ਉੱਧਰ, ਮਿਲਕ ਕਲੋਨੀ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਦੁਧਾਰੂ ਪਸ਼ੂ ਰੱਖਣ ਦੀ ਪ੍ਰਵਾਨਗੀ ਦਿੱਤੀ ਹੋਈ ਹੈ। ਇੱਥੇ ਪਿੰਡ ਵਾਸੀਆਂ ਲਈ ਪਸ਼ੂਆਂ ਦਾ ਗੋਹਾ ਸੁੱਟਣ ਲਈ ਕੋਈ ਪੁਖਤਾ ਪ੍ਰਬੰਧ ਨਹੀਂ ਕਰ ਕੇ ਦਿੱਤਾ ਗਿਆ ਹੈ। ਇਸੇ ਕਰ ਕੇ ਮਿਲਕ ਕਲੋਨੀ ਵਿੱਚ ਥਾਂ-ਥਾਂ ਗੋਹੇ ਦੇ ਢੇਰ ਲੱਗੇ ਹੋਏ ਹਨ ਜਿੱਥੇ ਸਾਰਾ ਦਿਨ ਮੱਖੀਆਂ ਤੇ ਮੱਛਰ ਘਾਤਕ ਬਿਮਾਰੀਆਂ ਨੂੰ ਸੱਦਾ ਦਿੰਦੇ ਹਨ। ਕਰੀਬ ਇਹੋ ਜਿਹੇ ਹਾਲਾਤ ਸਾਰੇ ਹੀ ਪਿੰਡਾਂ ਦੇ ਹਨ। ਪਿੰਡ ਵਾਸੀਆਂ ਵੱਲੋਂ ਵਾਰ-ਵਾਰ ਪਿੰਡ ਵਿੱਚ ਸਫ਼ਾਈ ਪ੍ਰਬੰਧਾਂ ਨੂੰ ਦਰੁਸਤ ਕਰਨ ਦੀ ਮੰਗ ਕੀਤੀ ਜਾਂਦੀ ਹੈ।
ਇਸ ਤੋਂ ਇਲਾਵਾ ਪਿੰਡ ਦੇ ਨਾਲ ਲਗਦੀ ਪਟਿਆਲਾ ਕੀ ਰਾਓ ਨਦੀ ਵਿੱਚ ਵੀ ਤਾਰਾਂ ਨਾ ਲੱਗੀਆਂ ਹੋਣ ਕਰ ਕੇ, ਉੱਥੇ ਗੰਦਗੀ ਦੇ ਢੇਰ ਲੱਗੇ ਹੋਏ ਹਨ।
ਸਫ਼ਾਈ ਨਾ ਕਰਨ ਵਾਲੀ ਕੰਪਨੀ ਨੂੰ ਬਲੈਕ ਲਿਸਟ ਕੀਤਾ ਜਾਵੇ: ਸੰਧੂ
ਚੰਡੀਗੜ੍ਹ ਦੇ ਸੀਨੀਅਰ ਡਿਪਟੀ ਮੇਅਰ ਕੁਲਜੀਤ ਸਿੰਘ ਸੰਧੂ ਨੇ ਕਿਹਾ ਕਿ ਨਗਰ ਨਿਗਮ ਵੱਲੋਂ 13 ਪਿੰਡਾਂ ਵਿੱਚ ਸਫ਼ਾਈ ਯਕੀਨੀ ਬਣਾਉਣ ਲਈ ਨਿੱਜੀ ਕੰਪਨੀ ਨੂੰ ਢਾਈ ਕਰੋੜ ਰੁਪਏ ਮਹੀਨੇ ’ਤੇ ਠੇਕਾ ਦਿੱਤਾ ਸੀ। ਉਸ ਦੇ ਬਾਵਜੂਦ ਉਕਤ ਕੰਪਨੀ ਵੱਲੋਂ ਸਹੀ ਢੰਗ ਨਾਲ ਕੰਮ ਨਹੀਂ ਕੀਤਾ ਜਾ ਰਿਹਾ ਹੈ ਅਤੇ ਪਿੰਡਾਂ ਵਿੱਚ ਗੰਦਗੀ ਦੇ ਢੇਰ ਲੱਗੇ ਪਏ ਹਨ। ਉਨ੍ਹਾਂ ਕਿਹਾ ਕਿ ਉਹ ਛੇ ਮਹੀਨੇ ਪਹਿਲਾਂ ਵੀ ਨਗਰ ਨਿਗਮ ਕਮਿਸ਼ਨਰ ਨੂੰ ਪੱਤਰ ਲਿਖ ਕੇ ਸਫ਼ਾਈ ਪ੍ਰਬੰਧਾਂ ਬਾਰੇ ਜਾਣੂ ਕਰਵਾ ਚੁੱਕੇ ਹਨ, ਪਰ ਹਾਲਾਤ ਜਿਉਂ ਦੇ ਤਿਉਂ ਬਣੇ ਹੋਏ ਹਨ। ਸ੍ਰੀ ਸੰਧੂ ਨੇ ਕਿਹਾ ਕਿ ਢਾਈ ਕਰੋੜ ਰੁਪਏ ਮਹੀਨੇ ਦੇ ਲੈਣ ਦੇ ਬਾਵਜੂਦ ਸਹੀ ਢੰਗ ਨਾਲ ਕੰਮ ਨਾ ਕਰਨ ਵਾਲੀ ਕੰਪਨੀ ਨੂੰ ਬਲੈਕ ਲਿਸਟ ਕੀਤਾ ਜਾਣਾ ਚਾਹੀਦਾ ਹੈ ਅਤੇ ਹੋਰ ਕੰਪਨੀ ਨੂੰ ਸਫ਼ਾਈ ਦਾ ਕੰਮ ਦਿੱਤਾ ਚਾਹੀਦਾ ਹੈ।
ਖੇਰ ਮਗਰੋਂ ਕਿਸੇ ਨੇ ਸਾਰੰਗਪੁਰ ਦੀ ਸਾਰ ਨਹੀਂ ਲਈ: ਸਿੱਧੂ
ਚੰਡੀਗੜ੍ਹ ਦੇ ਪਿੰਡ ਸਾਰੰਗਪੁਰ ਤੋਂ ਨਾਮਜ਼ਦ ਕੌਂਸਲਰ ਸਤਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਪਿੰਡਾਂ ਵਿੱਚ ਸਫ਼ਾਈ ਦੀ ਹਾਲਤ ਬਹੁਤ ਮਾੜੀ ਹੋਈ ਪਈ ਹੈ, ਇਸ ਕਰ ਕੇ ਹਮੇਸ਼ਾ ਲੋਕਾਂ ਨੂੰ ਮੱਛਰਾਂ ਤੋਂ ਬਿਮਾਰੀਆਂ ਫੈਲਣ ਦਾ ਖਦਸ਼ਾ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਪਿੰਡ ਸਾਰੰਗਪੁਰ ਨੂੰ ਸਾਬਕਾ ਸੰਸਦ ਮੈਂਬਰ ਕਿਰਨ ਖੇਰ ਨੇ ਗੋਦ ਲਿਆ ਸੀ, ਜਿਨ੍ਹਾਂ ਨੇ ਪਿੰਡਾਂ ਵਿੱਚ ਵਧੇਰੇ ਵਿਕਾਸ ਕਾਰਜ ਕਰਵਾਏ ਸਨ ਪਰ ਕਿਰਨ ਖੇਰ ਦੇ ਜਾਣ ਤੋਂ ਬਾਅਦ ਕਿਸੇ ਵੱਲੋਂ ਵੀ ਪਿੰਡ ਦੀ ਸਾਰ ਨਹੀਂ ਲਈ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਪਿੰਡਾਂ ਦੀ ਸਫ਼ਾਈ ਦੇ ਨਾਲ-ਨਾਲ ਮੈਨ ਹੋਲ ਦੇ ਢੱਕਣ ਤੇ ਹੋਰ ਬੁਨਿਆਦੀ ਪ੍ਰਬੰਧ ਯਕੀਨੀ ਕੀਤੇ ਜਾਣ।