ਮਨਰੇਗਾ ਤਹਿਤ ਲਗਾਏ ਦਰੱਖਤ ਵੱਢਣ ਤੋਂ ਪਿੰਡ ਵਾਸੀ ਖਫ਼ਾ
ਰਾਮ ਗੋਪਾਲ ਰਾਏਕੋਟੀ
ਰਾਏਕੋਟ, 5 ਅਗਸਤ
ਨੇੜਲੇ ਪਿੰਡ ਰਾਮਗੜ੍ਹ ਸਿਵੀਆਂ ਤੋਂ ਜਲਾਲਦੀਵਾਲ ਜਾਂਦੀ ਲਿੰਕ ਸੜਕ ’ਤੇ ਗ੍ਰਾਮ ਪੰਚਾਇਤ ਸਿਵੀਆਂ ਵੱਲੋਂ ਲਗਾਏ ਗਏ ਦਰੱਖਤਾਂ ਨੂੰ ਇੱਕ ਕਿਸਾਨ ਵੱਲੋਂ ਨਾਜਾਇਜ਼ ਢੰਗ ਨਾਲ ਵੱਢ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਗ੍ਰਾਮ ਪੰਚਾਇਤ ਰਾਮਗੜ੍ਹ ਸਿਵੀਆਂ ਵਲੋਂ ਪਿੰਡ ਤੋਂ ਜਲਾਲਦੀਵਾਲ ਜਾਂਦੀ ਲਿੰਕ ਸੜਕ ਦੇ ਕਿਨਾਰੇ ’ਤੇ ਮਨਰੇਗਾ ਤਹਿਤ ਅੱਜ ਤੋਂ ਕਰੀਬ 3-4 ਸਾਲ ਪਹਿਲਾਂ ਕਾਫੀ ਪੌਦੇ ਲਗਾਏ ਗਏ ਸਨ ਅਤੇ ਉਨ੍ਹਾਂ ਦੀ ਚੰਗੀ ਦੇਖਭਾਲ ਸਦਕਾ ਅੱਜ ਇਹ ਪੌਦੇ ਦਰੱਖਤ ਬਮ ਚੁੱਕੇ ਸਨ। ਪ੍ਰੰਤੂ ਪਿੰਡ ਬੱਸੀਆਂ ਦੇ ਇੱਕ ਕਿਸਾਨ ਜੋ ਕਿ ਇਸ ਸੜਕ ਦੇ ਨਾਲ ਲੱਗਦੀ ਜ਼ਮੀਨ ’ਤੇ ਖੇਤੀ ਕਰਦਾ ਹੈ ਨੇ ਇਨ੍ਹਾਂ ਦਰੱਖ਼ਤਾਂ ਵਿੱਚ ਆਪਣੇ ਖੇਤਾਂ ਦੇ ਨਾਲ ਲੱਗਦੇ ਲਗਪਗ 40 ਦਰੱਖ਼ਤ ਨਾਜਾਇਜ਼ ਤੌਰ ’ਤੇ ਵੱਢ ਦਿੱਤੇ ਅਤੇ ਜਦ ਉਹ ਵੱਢੇ ਹੋਏ ਦਰੱਖ਼ਤਾਂ ਨੂੰ ਆਪਣੀ ਟਰਾਲੀ ਵਿੱਚ ਲੱਦ ਕੇ ਲਿਜਾਣ ਲੱਗਿਆ ਤਾਂ ਪਿੰਡ ਸਿਵੀਆਂ ਦੀ ਪੰਚਾਇਤ ਅਤੇ ਕੁਝ ਹੋਰ ਵਾਤਾਵਰਨ ਪ੍ਰੇਮੀ ਮੌਕੇ ’ਤੇ ਪੁੱਜ ਗਏ। ਉਨ੍ਹਾਂ ਨੇ ਦੱਰਖ਼ਤ ਵੱਢਣ ਦਾ ਵਿਰੋਧ ਕੀਤਾ ਅਤੇ ਦਰੱਖ਼ਤਾਂ ਦੇ ਵੱਢਣ ਦਾ ਕਾਰਨ ਪੁੱਛਿਆ ਤਾਂ ਉਹ ਕੋਈ ਵੀ ਤਸੱਲੀਬਖ਼ਸ਼ ਜਵਾਬ ਨਾ ਦੇ ਸਕਿਆ। ਪੰਚਾਇਤ ਅਤੇ ਪਿੰਡ ਵਾਸੀਆਂ ਨੇ ਕੱਟੇ ਗਏ ਦਰੱਖ਼ਤਾਂ ਨੂੰ ਕਿਸਾਨ ਦੀ ਟਰਾਲੀ ਵਿੱਚੋਂ ਲੁਹਾ ਕੇ ਪਿੰਡ ਦੇ ਗੁਰਦੁਆਰਾ ਸਾਹਿਬ ਰਖਵਾ ਦਿੱਤਾ ਹੈ। ਪਿੰਡ ਦੇ ਸਰਪੰਚ ਹਰਬੰਸ ਕੌਰ ਨੇ ਦੱਸਿਆ ਕਿਸਾਨ ਮਨਮੋਹਨ ਸਿੰਘ ਨੇ ਇਨ੍ਹਾਂ ਦਰੱਖ਼ਤਾਂ ਨੂੰ ਨਾਜਾਇਜ਼ ਤੌਰ ’ਤੇ ਵੱਢ ਦਿੱਤਾ ਹੈ, ਜਿਸ ਦੇ ਖਿਲਾਫ ਬਣਦੀ ਕਾਰਵਾਈ ਅਮਲ ਵਿੱਚ ਲਿਆਉਣ ਲਈ ਪੰਚਾਇਤ ਵੱਲੋਂ ਬੀਡੀਪੀਓ ਰਾਏਕੋਟ ਨੂੰ ਦਰਖ਼ਾਸਤ ਦੇ ਦਿੱਤੀ ਗਈ ਹੈ। ਬੀਡੀਪੀਓ ਪਰਮਿੰਦਰ ਸਿੰਘ ਨੇ ਦੱਸਿਆ ਕਿ ਪੰਚਾਇਤ ਵਿਭਾਗ ਵੱਲੋਂ ਵਣ ਵਿਭਾਗ ਨੂੰ ਵੱਢੇ ਗਏ ਦਰੱਖਤਾਂ ਦਾ ਅਸੈਸਮੈਂਟ ਕਰਵਾ ਕੇ ਰਿਪੋਰਟ ਦੇਣ ਲਈ ਕਿਹਾ ਗਿਆ ਤਾਂ ਕਿ ਦਰੱਖਤਾਂ ਨੂੰ ਵੱਢਣ ਵਾਲੇ ਕਿਸਾਨ ਵਿਰੁੱਧ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ। ਐਸਡੀਐਮ ਰਾਏਕੋਟ ਗੁਰਬੀਰ ਸਿੰਘ ਕੋਹਲੀ ਨੇ ਕਿਹਾ ਕਿ ਉਨ੍ਹਾਂ ਬੀਡੀਪੀਓ ਰਾਏਕੋਟ ਨੂੰ ਕੱਟੇ ਦਰੱਖਤਾਂ ਦੀ ਅਸੈਸਮੈਂਟ ਕਰਵਾ ਕੇ ਬਣਦੀ ਕਾਨੂੰਨੀ ਕਾਰਵਾਈ ਦੀ ਹਦਾਇਤ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਮਾਲ ਵਿਭਾਗ ਨੂੰ ਵੀ ਇਸ ਮਾਮਲੇ ’ਚ ਕਿਸਾਨ ਦੀ ਜ਼ਮੀਨ ਦੀ ਨਿਸ਼ਾਨਦੇਹੀ ਕਰ ਕੇ ਨਿਯਮਾਂ ਅਨੁਸਾਰ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਦਰੱਖਤਾਂ ਦਾ ਹੇਠਲਾ ਹਿੱਸਾ ਛਾਂਗਿਆ ਹੈ, ਵੱਢਿਆ ਨਹੀਂ: ਕਿਸਾਨ
ਇਸ ਸਬੰਧੀ ਕਿਸਾਨ ਮਨਮੋਹਨ ਸਿੰਘ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਸ ਨੇ ਕੇਵਲ ਦਰੱਖਤਾਂ ਨੂੰ ਹੇਠਾਂ ਤੋਂ ਛਾਂਗਿਆ ਹੈ, ਕਿਉਂਕਿ ਦਰੱਖਤਾਂ ਦੀਆਂ ਟਾਹਣੀਆਂ ਉਸਦੀ ਫਸਲ ਵਿੱਚ ਡਿੱਗ ਰਹੀਆਂ ਸਨ।