For the best experience, open
https://m.punjabitribuneonline.com
on your mobile browser.
Advertisement

ਨਸ਼ਿਆਂ ਤੋਂ ਪ੍ਰੇਸ਼ਾਨ ਪਿੰਡ ਵਾਸੀਆਂ ਵੱਲੋਂ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ

05:00 PM Jul 09, 2024 IST
ਨਸ਼ਿਆਂ ਤੋਂ ਪ੍ਰੇਸ਼ਾਨ ਪਿੰਡ ਵਾਸੀਆਂ ਵੱਲੋਂ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ
Advertisement

ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 9 ਜੁਲਾਈ
ਇੱਥੋਂ ਨੇੜਲੇ ਪਿੰਡ ਸਕਰੌਦੀ ਵਿਚ ਇੱਕ ਮਜ਼ਦੂਰ ਪਰਿਵਾਰ ਨਾਲ ਸਬੰਧਤ ਨੌਜਵਾਨ ਧਨਪ੍ਰੀਤ ਸਿੰਘ (21) ਚਿੱਟੇ ਦੇ ਨਸ਼ੇ ਦਾ ਟੀਕਾ ਲਾਉਣ ਦੌਰਾਨ ਹੀ ਦਮ ਤੋੜ ਗਿਆ। ਨੌਜਵਾਨ ਦੀ ਮੌਤ ਤੋਂ ਦੁਖੀ ਹੋਏ ਪਿੰਡ ਵਾਸੀਆਂ ਵੱਲੋਂ ਪੁਲੀਸ ਅਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਦੱਸਣਯੋਗ ਹੈ ਕਿ ਬੀਤੇ ਦਿਨ ਨੌਜਵਾਨ ਧਨਪ੍ਰੀਤ ਸਿੰਘ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਨਸ਼ੇ ਦਾ ਟੀਕਾ ਲਾਉਣ ਦੌਰਾਨ ਹੀ ਦਮ ਤੋੜ ਗਿਆ ਸੀ। ਪਿੰਡ ਵਾਸੀਆਂ ਨੇ ਦੱਸਿਆ ਕਿ ਪੁਲੀਸ ਮੁਲਾਜ਼ਮਾਂ ਦੀ ਮੌਜੂਦਗੀ ਵਿੱਚ ਹੀ ਉਕਤ ਨੌਜਵਾਨ ਦਾ ਕਿਸੇ ਕਾਰਵਾਈ ਕਰਨ ਤੋਂ ਬਿਨਾਂ ਹੀ ਸਸਕਾਰ ਕਰ ਦਿੱਤਾ ਗਿਆ। ਅੱਜ ਦੂਜੇ ਦਿਨ ਹੀ ਉਕਤ ਨੌਜਵਾਨ ਨਮਿਤ ਪਿੰਡ ਦੇ ਗੁਰਦੁਆਰੇ ਵਿੱਚ ਭੋਗ ਵੀ ਪਾ ਦਿੱਤਾ।
ਇਸੇ ਦੌਰਾਨ ਪਿੰਡ ਦੇ ਸਰਪੰਚ ਜੀਵਨ ਸਿੰਘ, ਮ੍ਰਿਤਕ ਦੇ ਭਰਾ ਕੁਲਵਿੰਦਰ ਸਿੰਘ, ਹੰਸ ਰਾਜ, ਰਵੀ ਸਿੰਘ, ਗਗਨਦੀਪ ਸਿੰਘ, ਬਲਵੀਰ ਕੌਰ, ਹਰਬੰਸ ਕੌਰ, ਬਿੰਦਰ ਕੌਰ, ਬਲਜਿੰਦਰ ਕੌਰ ਨੇ ਕਿਹਾ ਕਿ ਪਿੰਡ ਵਿੱਚ ਨਸ਼ਿਆਂ ਦੀ ਭਰਮਾਰ ਹੈ। ਇਸੇ ਨਸ਼ੇ ਕਾਰਨ ਧਨਪ੍ਰੀਤ ਸਿੰਘ ਦੀ ਮੌਤ ਹੋ ਗਈ ਹੈ ਅਤੇ ਇਲਾਕੇ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨ ਡਰੱਗ ਨਸ਼ਿਆਂ ਦੀ ਗ੍ਰਿਫਤ ਵਿੱਚ ਆ ਚੁੱਕੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਨੇੜਲੇ ਪਿੰਡ ਜੌਲੀਆਂ ਵਿਚ ਸ਼ਰੇਆਮ ਚਿੱਟਾ ਵੇਚਿਆ ਜਾ ਰਿਹਾ ਹੈ,ਪਰ ਪਿੰਡ ਜੌਲੀਆਂ ਵਿਚ ਪੁਲੀਸ ਚੌਂਕੀ ਹੋਣ ਦੇ ਬਾਵਜੂਦ ਅਜੇ ਤੱਕ ਪੁਲੀਸ ਅਤੇ ਪ੍ਰਸ਼ਾਸਨ ਨਸ਼ਿਆਂ ਦੀ ਸਪਲਾਈ ਨੂੰ ਰੋਕਣ ਵਿੱਚ ਨਾਕਾਮ ਰਿਹਾ ਹੈ। ਪਿੰਡ ਵਾਸੀਆਂ ਨੇ ਨਸ਼ਿਆਂ ਦਾ ਸੇਵਨ ਕਰਨ ਵਾਲਿਆਂ ਨੂੰ ਸਪਲਾਈ ਕਰਨ ਵਾਲੇ ਵੱਡੇ ਤਸਕਰਾਂ ਨੂੰ ਨੱਥ ਪਾਉਣ ਦੀ ਮੰਗ ਕੀਤੀ।
ਇਸ ਸਬੰਧੀ ਗੁਰਦੀਪ ਸਿੰਘ ਦਿਓਲ ਡੀਐਸਪੀ ਭਵਾਨੀਗੜ੍ਹ ਨੇ ਦੱਸਿਆ ਕਿ ਪੁਲੀਸ ਵੱਲੋਂ ਨਸ਼ਿਆਂ ਖ਼ਿਲਾਫ਼ ਮੁਹਿੰਮ ਤਹਿਤ ਪਿਛਲੇ ਤਿੰਨ ਹਫ਼ਤਿਆਂ ਤੋਂ ਪਿੰਡ ਜੌਲੀਆਂ ਅਤੇ ਕੁੱਝ ਹੋਰ ਥਾਵਾਂ ਉੱਤੇ ਵਿਸ਼ੇਸ਼ ਨਾਕਾਬੰਦੀ ਕਰਕੇ ਨਸ਼ਾ ਤਸਕਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ।

Advertisement

Advertisement
Advertisement
Author Image

sukhitribune

View all posts

Advertisement