ਵਜ਼ੀਰਾਬਾਦ ਦੀ ਪੰਚਾਇਤ ਵੱਲੋਂ ਕੀਤੇ ਗਬਨ ਖ਼ਿਲਾਫ਼ ਪਿੰਡ ਵਾਸੀਆਂ ਨੇ ਮੋਰਚਾ ਖੋਲ੍ਹਿਆ
ਡਾ. ਹਿਮਾਂਸ਼ੂ ਸੂਦ
ਫ਼ਤਹਿਗੜ੍ਹ ਸਾਹਿਬ, 13 ਅਪਰੈਲ
ਬਲਾਕ ਸਰਹਿੰਦ ਦੇ ਪਿੰਡ ਵਜ਼ੀਰਾਬਾਦ ਦੀ ਪੰਚਾਇਤ ਵਲੋਂ ਕੀਤੇ ਕਰੋੜਾਂ ਰੁਪਏ ਦੇ ਗਬਨ ਦੇ ਮਾਮਲੇ ਨੂੰ ਲੈ ਕੇ ਪਿੰਡ ਵਾਸੀਆਂ ਵਲੋਂ ਅੱਜ ਪੰਚਾਇਤ ਖਿਲਾਫ਼ ਮੋਰਚਾ ਖੋਲ੍ਹਿਆ ਗਿਆ ਅਤੇ ਪਿੰਡ ਦੇ ਮੁੱਖ ਗੇਟ ’ਤੇ ਧਰਨਾ ਦੇ ਕੇ ਪੰਜਾਬ ਸਰਕਾਰ ਅਤੇ ਪੰਚਾਇਤ ਖਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਮੰਗ ਕੀਤੀ ਕਿ ਕਰੋੜਾਂ ਦੇ ਗਬਨ ਦੀ ਰਾਸ਼ੀ ਦੀ ਸਰਪੰਚ ਅਤੇ ਪੰਚਾਂ ਦੀ ਜ਼ਮੀਨ ਜਾਇਦਾਦ ਨੂੰ ਕੁਰਕ ਕਰਕੇ ਭਰਪਾਈ ਕਰਵਾਈ ਜਾਵੇ। ਇਸ ਮੌਕੇ ਹਰਦੀਪ ਸਿੰਘ ਹੈਪੀ, ਚਰਨਜੀਤ ਸਿੰਘ, ਜਸਪਾਲ ਸਿੰਘ, ਹਰਭਜਨ ਸਿੰਘ, ਹਰਦੀਪ ਸਿੰਘ ਅਤੇ ਲਖਵਿੰਦਰ ਕੌਰ ਨੇ ਕਿਹਾ ਕਿ ਪਿੰਡ ਦੀ ਪੰਚਾਇਤ ਵਲੋਂ ਪਿੰਡ ਦੇ ਵਿਕਾਸ ਵਿਚ ਕੋਈ ਯੋਗਦਾਨ ਨਹੀਂ ਪਾਇਆ ਪ੍ਰੰਤੂ ਇਨ੍ਹਾਂ ਆਪਣੇ ਘਰਾਂ ਦਾ ਕਥਿਤ ਵਿਕਾਸ ਕੀਤਾ ਗਿਆ ਹੈ। ਉਨ੍ਹਾਂ ਹਲਕਾ ਵਿਧਾਇਕ ਦੀ ਕਥਿਤ ਸ਼ੈਅ ਅਤੇ ਪ੍ਰਸ਼ਾਸਨਿਕ ਅਧਿਕਾਰੀ ਦੀ ਕਥਿਤ ਮਿਲੀਭੁਗਤ ਨਾਲ ਪੈਸੇ ਕਢਵਾਉਣ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਵਿਧਾਇਕ ਵਲੋਂ ਹੁਣ ਕਿਉਂ ਸ਼ਿਕਾਇਤ ਕੀਤੀ ਗਈ ਜਦੋਂ ਕਿ ਢਾਈ ਤਿੰਨ ਸਾਲ ਤੋਂ ਪੰਚਾਇਤੀ ਫੰਡਾਂ ਨੂੰ ਖੋਰਾ ਲਗ ਰਿਹਾ ਹੈ ਅਤੇ ਵਿਭਾਗ ਦੀ ਕਥਿਤ ਮਿਲੀਭੁਗਤ ਕਰਕੇ ਆਰਟੀਆਈ ਰਾਹੀ ਕਈ ਵਾਰ ਮੰਗੀ ਜਾਣਕਾਰੀ ਵੀ ਨਹੀਂ ਦਿਤੀ ਗਈ।
ਉਨ੍ਹਾਂ ਇਸ ਦੇ ਜ਼ਿੰਮੇਵਾਰ ਅਧਿਕਾਰੀਆਂ ਖਿਲਾਫ਼ ਵੀ ਸਖਤ ਕਾਰਵਾਈ ਦੀ ਮੰਗ ਕੀਤੀ। ਇਸ ਮੌਕੇ ਗੁਰਮੁੱਖ ਸਿੰਘ, ਜਗਤਾਰ ਸਿੰਘ ਬੈਨੀਪਾਲ, ਹਰਚਰਨ ਸਿੰਘ, ਹਰਦੀਪ ਸਿੰਘ ਹੈਪੀ, ਜਸਵੰਤ ਸਿੰਘ, ਧਰਮਿੰਦਰ ਸਿੰਘ, ਹਰਬੰਸ ਸਿੰਘ, ਅਮਰਜੀਤ ਸਿੰਘ, ਪਰਮਜੀਤ ਭਾਗਾ, ਲਖਵੀਰ ਸਿੰਘ, ਹਰਵਿੰਦਰ ਸਿੰਘ, ਹਰਅਵਤਾਰ ਸਿੰਘ, ਰਾਮਵੀਰ ਸਿੰਘ, ਰਾਜਵੀਰ ਸਿੰਘ ਰਾਜੂ, ਕੁਲਵੰਤ ਸਿੰਘ, ਗੇਜਾ ਸਿੰਘ, ਜਮਾਲਦੀਨ, ਪੱਪੂ ਖਾਨ, ਰਵੀ ਸਿੱਧੂ, ਸਾਹਿਲ ਸਿੱਧੂ, ਸ਼ਿਵ ਕੁਮਾਰ, ਜੱਸੀ ਬੈਨੀਪਾਲ, ਅਨਮੋਲ ਸਿੰਘ, ਤਰਸੇਮ ਸਿੰਘ, ਪ੍ਰੇਮ ਸਿੰਘ, ਜਸ਼ਨ ਵੜੈਚ, ਲਖਵਿੰੰਦਰ ਕੌਰ, ਅਨੀਤਾ ਰਾਣੀ, ਕ੍ਰਿਸ਼ਨਾ ਦੇਵੀ ਅਤੇ ਸਬੀਨਾ ਸੁਹਾਨਾ ਆਦਿ ਹਾਜ਼ਰ ਸਨ। ਇਸ ਸਬੰਧੀ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਕਿਹਾ ਕਿ ਜਿਉਂ ਹੀ ਉਸ ਨੂੰ ਮਾਮਲੇ ਦੀ ਜਾਣਕਾਰੀ ਮਿਲੀ ਉਨ੍ਹਾਂ ਤੁਰੰਤ ਸ਼ਿਕਾਇਤ ਕਰਕੇ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਜ਼ਿੰਮੇਵਾਰ ਅਧਿਕਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।