ਮਹਿਲਾਂਵਾਲੀ ਦੀਆਂ ਛੇ ਸੌ ਤੋਂ ਵੱਧ ਵੋਟਾਂ ਕੱਟਣ ਕਾਰਨ ਪਿੰਡ ਵਾਸੀ ਪ੍ਰੇਸ਼ਾਨ
ਹਰਪ੍ਰੀਤ ਕੌਰ
ਹੁਸ਼ਿਆਰਪੁਰ, 2 ਅਕਤੂਬਰ
ਇੱਥੇ ਹੁਸ਼ਿਆਰਪੁਰ ਬਲਾਕ-2 ਦੇ ਪਿੰਡ ਮਹਿਲਾਂਵਾਲੀ ਦੇ ਵਾਸੀਆਂ ਨੇ ਪਿੰਡ ਦੀਆਂ ਵੱਡੇ ਪੱਧਰ ’ਤੇ ਵੋਟਾਂ ਕੱਟੇ ਜਾਣ ਦੀ ਸ਼ਿਕਾਇਤ ਕੀਤੀ ਹੈ। ਪਿੰਡ ਦੇ ਮੋਹਤਬਰਾਂ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਵੇਲੇ ਪਿੰਡ ਦੀਆਂ ਵੋਟਾਂ ਦੀ ਗਿਣਤੀ 1671 ਸੀ ਜੋ ਹੁਣ ਹਜ਼ਾਰ ਤੋਂ ਵੀ ਘੱਟ ਰਹਿ ਗਈ ਹੈ। ਉਨ੍ਹਾਂ ਦੱਸਿਆ ਕਿ ਸਾਬਕਾ ਸਰਪੰਚ ਅਤੇ ਕਈ ਪੰਚਾਂ ਦੀਆਂ ਵੋਟਾਂ ਕੱਟੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਤਾਂ ਉਨ੍ਹਾਂ ਵੋਟਰ ਸੂਚੀ ’ਚੋਂ ਰਹਿ ਗਏ ਵੋਟਰਾਂ ਦੀ ਤਫ਼ਸੀਲ ਅਤੇ ਨਵੇਂ ਸਿਰਿਉਂ ਫ਼ਾਰਮ ਭਰ ਕੇ ਲਿਆਉਣ ਦੀ ਗੱਲ ਕਰਕੇ ਉਨ੍ਹਾਂ ਨੂੰ ਟਰਕਾ ਦਿੱਤਾ। ਉਨ੍ਹਾਂ ਰੋਸ ਪ੍ਰਗਟਾਇਆ ਕਿ ਛੁੱਟੀ ਵਾਲੇ ਦਿਨ ਅੱਜ ਉਨ੍ਹਾਂ ਨੂੰ ਕੋਈ ਅਧਿਕਾਰੀ ਦਫ਼ਤਰ ਵਿੱਚ ਨਹੀਂ ਮਿਲਿਆ। ਉਨ੍ਹਾਂ ਮੰਗ ਕੀਤੀ ਕਿ ਪੰਚਾਇਤੀ ਚੋਣਾਂ ਕੁੱਝ ਚਿਰ ਲਈ ਮੁਲਤਵੀ ਕੀਤੀਆਂ ਜਾਣ ਤਾਂ ਜੋ ਵੋਟਰ ਅਤੇ ਚੋਣ ਲੜਨ ਦੇ ਚਾਹਵਾਨ ਵੋਟਾਂ ਬਣਵਾ ਸਕਣ। ਇਸ ਮੌਕੇ ਅਜਮੇਰ ਸਿੰਘ, ਗੁਰਮੇਲ ਸਿਘ ਅਤੇ ਨਵੀਨ ਕੁਮਾਰ ਹਾਜ਼ਰ ਸਨ।
ਵਫ਼ਦ ਦੇ ਮਿਲਣ ਮਗਰੋਂ ਵੋਟਾਂ ਦੀ ਸੁਧਾਰੀ ਸ਼ੁਰੂ ਕਰਵਾ ਦਿੱਤੀ ਸੀ: ਐੱਸਡੀਐੱਮ
ਐੱਸਡੀਐੱਮ ਸੰਜੀਵ ਸ਼ਰਮਾ ਨੇ ਦੱਸਿਆ ਕਿ ਪਿੰਡ ਵਾਸੀਆਂ ਦਾ ਵਫ਼ਦ ਇਸ ਸਬੰਧੀ ਜਦੋਂ ਪਹਿਲੀ ਵਾਰ ਉਨ੍ਹਾਂ ਨੂੰ ਮਿਲਿਆਤਾਂ ਉਦੋਂ ਹੀ ਉਨ੍ਹਾਂ ਨੇ ਵੋਟਾਂ ਦੀ ਸੁਧਾਈ ਚਾਲੂ ਕਰਵਾ ਦਿੱਤਾ ਸੀ ਅਤੇ ਇਸ ਦੀ ਜਾਣਕਾਰੀ ਪਿੰਡ ਵਾਸੀਆਂ ਨੂੰ ਦੇ ਦਿੱਤੀ ਸੀ। ਉਨ੍ਹਾਂ ਕਿਹਾ ਕਿ ਕਿਸੇ ਕਾਰਨ ਕਰਕੇ ਪਿੰਡ ਮਹਿਲਾਂਵਾਲੀ ਅਤੇ ਆਨੰਦਗੜ੍ਹ ਦੀਆਂ ਵੋਟਾਂ ਦੀ ਅਦਲਾ-ਬਦਲੀ ਹੋ ਗਈ ਸੀ। ਉਨ੍ਹਾਂ ਕਿਹਾ ਕਿ ਸਪਲੀਮੈਂਟਰੀ ਵੋਟਾਂ ਬਣਾਉਣ ਦਾ ਕੰਮ ਹੋ ਰਿਹਾ ਹੈ।