ਗੁਰਦੁਆਰੇ ਦੇ ਕਬਜ਼ੇ ਨੂੰ ਲੈ ਕੇ ਪਿੰਡ ਵਾਸੀ ਅਤੇ ਨਿਹੰਗ ਸਿੰਘਾਂ ’ਚ ਟਕਰਾਅ
ਜਤਿੰਦਰ ਸਿੰਘ ਬਾਵਾ
ਸ੍ਰੀ ਗੋਇੰਦਵਾਲ ਸਾਹਿਬ, 26 ਜੁਲਾਈ
ਪਿੰਡ ਖਵਾਸਪੁਰ ਸਥਿਤ ਗੁਰਦੁਆਰਾ ਬਾਬਾ ਡੰਡਿਆਂ ਵਾਲਾ ’ਚ ਅੱਜ ਸਵੇਰੇ ਉਸ ਵੇਲੇ ਸਥਿਤੀ ਤਣਾਅਪੂਰਨ ਹੋ ਗਈ ਜਦੋਂ ਤਰਨਾ ਦਲ ਜਥੇਬੰਦੀ ਦੇ ਨਿਹੰਗ ਸਿੰਘਾਂ ਦਾ ਜਥਾ ਬਾਬਾ ਕਰਤਾਰ ਸਿੰਘ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਵਿਖੇ ਪਹੁੰਚਿਆ ਅਤੇ ਉਥੇ ਮੌਜੂਦ ਸੇਵਾਦਾਰਾਂ ਅਤੇ ਪਿੰਡ ਵਾਸੀਆਂ ਨੂੰ ਕਿਹਾ ਕਿ ਅਸੀ ਇੱਥੇ ਅਖੰਡ ਪਾਠ ਅਰੰਭ ਕਰਨਾ ਹੈ। ਇਸ ਸਬੰਧੀ ਜਦੋਂ ਪਿੰਡ ਖਵਾਸਪੁਰ ਦੇ ਲੋਕਾਂ ਨੂੰ ਪਤਾ ਲੱਗਿਆ ਤਾਂ ਵੇਖਦੇ ਹੀ ਵੇਖਦੇ ਗੁਰਦੁਆਰਾ ਸਾਹਿਬ ਵਿੱਚ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਇਕੱਠੇ ਹੋਣੇ ਸ਼ੁਰੂ ਹੋ ਗਏ ਉਨ੍ਹਾਂ ਨੇ ਆ ਕੇ ਪਿੰਡ ਦੇ ਕਾਂਗਰਸੀ ਆਗੂ ਸਾਬਕਾ ਚੇਅਰਮੈਨ ਭੁਪਿੰਦਰ ਸਿੰਘ ਬਿੱਟੂ ਖਵਾਸਪੁਰ ਦੇ ਧਿਆਨ ਵਿੱਚ ਸਾਰਾ ਮਾਮਲਾ ਲਿਆਂਦਾ ਤਾਂ ਬਿੱਟੂ ਚੇਅਰਮੈਨ ਦੇ ਧੜੇ ਦੇ ਆਗੂਆਂ ਨੇ ਆ ਕੇ ਜਥੇ ਦੇ ਮੁਖੀ ਨੂੰ ਪੁੱਛਿਆ ਕਿ ਤੁਹਾਨੂੰ ਇੱਥੇ ਕੌਣ ਲਿਆਇਆ ਤਾਂ ਉਨ੍ਹਾਂ ਕਿਹਾ ਕਿ ਅਸੀ ਏਥੇ ਅਖੰਡ ਪਾਠ ਸਾਹਿਬ ਆਰੰਭ ਕਰਨ ਲੱਗੇ ਹਾਂਜਿਸਦਾ ਪਿੰਡ ਵਾਸੀਆਂ ਨੇ ਪਹਿਲਾਂ ਤਾਂ ਵਿਰੋਧ ਕੀਤਾ ਪਰ ਮੌਕੇ ’ਤੇ ਪਹੁੰਚੀ ਪੁਲਿਸ ਦੀ ਦਖਲਅੰਦਾਜ਼ੀ ਨਾਲ ਟਕਰਾਅ ਟਲ ਗਿਆ ਅਤੇ ਅਖੰਡ ਪਾਠ ਸਾਹਿਬ ਦੇ ਭੋਗ ਤਕ ਸਮਾਂ ਦੇ ਦਿੱਤਾ ਗਿਆ। ਇਸ ਬਾਰੇ ਪਿੰਡ ਵਾਸੀਆਂ ਨੰਬਰਦਾਰ ਹਰਜੀਤ ਸਿੰਘ, ਸੂਬੇਦਾਰ ਬਲਦੇਵ ਸਿੰਘ, ਕਵਲਜੀਤ ਸਿੰਘ, ਸੁਖਬੀਰ ਸਿੰਘ ਸੰਧੂ,ਸਰਵਣ ਸਿੰਘ, ਪਿਸ਼ੌਰਾ ਸਿੰਘ,ਬਲਬੀਰ ਸਿੰਘ ਤੋਂ ਇਲਾਵਾ ਹਾਜਰ ਔਰਤਾਂ ਨੇ ਦੱਸਿਆ ਕਿ ਅੱਜ ਜੋ ਨਿਹੰਗ ਸਿੰਘ ਜਥੇਬੰਦੀ ਦੇ ਵਿਅਕਤੀ ਜੋ ਆਏ ਹਨ ਉਹ ਗੁਰਦੁਆਰਾ ਉੱਪਰ ਕਬਜ਼ਾ ਕਰਨ ਦੀ ਨੀਅਤ ਨਾਲ ਆਏ ਹਨ ਜਦੋਂ ਕਿ ਇਸ ਗੁਰਦੁਆਰੇ ਤੇ ਪਿੰਡ ਖਵਾਸਪੁਰ ਦੀ ਸੰਗਤ ਦੀ ਲੋਕਲ ਕਮੇਟੀ ਕਾਬਜ਼ ਹੈ। ਇਸ ਬਾਰੇ ਜਦੋਂ ਨਿਹੰਗ ਸਿੰਘ ਜਥੇਬੰਦੀ ਦੇ ਆਗੂ ਬਾਬਾ ਕਰਤਾਰ ਸਿੰਘ ਨਾਲ ਗੱਲ ਕੀਤੀ ਤਾ ਉਨ੍ਹਾਂ ਕਿਹਾ ਕਿ ਤਰਨਾ ਦਲ ਜਥੇਬੰਦੀ ਦਾ ਇਸ ਗੁਰਦੁਆਰੇ ’ਤੇ ਲੰਮੇ ਸਮੇ ਤੋਂ ਕਬਜ਼ਾ ਹੈ। ਅਸੀ ਅਖੰਡ ਪਾਠ ਸਾਹਿਬ ਆਰੰਭ ਕਰਵਾਇਆ ਹੈ ਮੰਗਲਵਾਰ ਨੂੰ ਇਸ ਦੇ ਭੋਗ ਪੈਣ ਤੋਂ ਬਾਅਦ ਇਸ ਬਾਰੇ ਫੈਸਲਾ ਲਿਆ ਜਾਵੇਗਾ।
ਇਸ ਬਾਰੇ ਮੌਕੇ ’ਤੇ ਹਾਜ਼ਰ ਚੌਕੀ ਇੰਚਾਰਜ ਨਰੇਸ਼ ਕੁਮਾਰ ਨੇ ਹਰਭਜਨ ਸਿੰਘ ਕੰਗ, ਅਮਰਬੀਰ ਸਿੰਘ, ਗੁਰਮੇਜ ਸਿੰਘ,ਸਵਰਨ ਸਿੰਘ,ਬਲਬੀਰ ਚੰਦ ਦੀ ਹਾਜ਼ਰੀ ਵਿੱਚ ਦੱਸਿਆ ਕਿ ਹਾਲ ਦੀ ਘੜੀ ਦੋਵਾਂ ਧਿਰਾਂ ਨੂੰ ਸ਼ਾਂਤ ਕਰਕੇ ਤਕਰਾਰ ਟਾਲ ਦਿੱਤਾ ਗਿਆ ਹੈ। ਅਖੰਡ ਪਾਠ ਦੇ ਭੋਗ ਤੋਂ ਬਾਅਦ ਜੋ ਵੀ ਫੈਸਲਾ ਹੋਵੇਗਾ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ।