ਪਿੰਡ ਵਾਸੀਆਂ ਵੱਲੋਂ ਸਰਪੰਚ ਦੇ ਪਤੀ ਖ਼ਿਲਾਫ਼ ਨਸ਼ਾ ਵੇਚਣ ਦਾ ਦੋਸ਼
ਦੇਵਿੰਦਰ ਸਿੰਘ ਜੱਗੀ
ਪਾਇਲ, 22 ਜੁਲਾਈ
ਨੇੜਲੇ ਪਿੰਡ ਰਾਣੋ ਦੀ ਮੌਜੂਦਾ ਸਰਪੰਚ ਦੇ ਪਤੀ ਵੱਲੋਂ ਨਸ਼ਾ ਵੇਚਣ ਅਤੇ ਪਿੰਡ ਦਾ ਮਾਹੌਲ ਖਰਾਬ ਸਬੰਧੀ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਮੰਗ ਪੱਤਰ ਦਿੱਤਾ ਗਿਆ। ਸਮੂਹ ਪਿੰਡ ਵਾਸੀਆਂ ਨੇ ਦਿੱਤੇ ਪੱਤਰ ਵਿੱਚ ਦੋਸ਼ ਲਾਇਆ ਹੈ ਕਿ ਪਿੰਡ ਦੀ ਮੌਜੂਦਾ ਸਰਪੰਚ ਦੇ ਪਤੀ ਭਿੰਦਰਜੀਤ ਸਿੰਘ ਵੱਲੋਂ ਪਿੰਡ ਵਿੱਚ ਬੱਚਿਆਂ ਨਸ਼ਿਆਂ ਦੀ ਦਲ ਦਲ ਵਿੱਚ ਧੱਕਿਆ ਜਾ ਰਿਹਾ ਹੈ, ਜੋ ਆਪ ਵੀ ਨਸ਼ਾ ਕਰਦਾ ਹੈ ਅਤੇ ਪਿੰਡ ਵਿੱਚ ਬੱਚਿਆਂ ਨੂੰ ਨਸ਼ਾ ਵੇਚ ਕੇ ਨੌਜਵਾਨ ਪੀੜ੍ਹੀ ਨੂੰ ਕੁਰਾਹੇ ਪਾ ਰਿਹਾ ਹੈ।
ਨਸ਼ਿਆਂ ਦੀ ਗ੍ਰਿਫਤ ਵਿੱਚ ਆਏ ਬੱਚੇ ਨਸ਼ਿਆਂ ਦੀ ਪੂਰਤੀ ਲਈ ਚੋਰੀਆਂ ਕਰ ਰਹੇ ਹਨ। ਪਿੰਡ ਵਾਸੀਆਂ ਵੱਲੋਂ ਤੰਗ ਹੋ ਕੇ ਮੰਗ ਪੱਤਰ ਦਿੱਤਾ ਗਿਆ ਹੈ ਅਤੇ ਸਰਪੰਚ ਦੇ ਪਤੀ ਦਾ ਡੌਪ ਟੈਸਟ ਕਰਵਾਉਣ ਦੀ ਮੰਗ ਵੀ ਕੀਤੀ ਗਈ ਹੈ। ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਪਿੰਡ ਰਾਣੋ ਵਾਸੀਆਂ ਵੱਲੋਂ ਨਸ਼ਿਆਂ ਖ਼ਿਲਾਫ਼ ਦਿੱਤੇ ਮੰਗ ਪੱਤਰ ਨੂੰ ਐੱਸਡੀਐੱਮ ਪਾਇਲ ਨੂੰ ਕਾਰਵਾਈ ਕਰਨ ਲਈ ਭੇਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹਲਕਾ ਪਾਇਲ ਅੰਦਰ ਨਸ਼ਿਆਂ ਦੀ ਤਸਕਰੀ ਕਰਨ ਵਾਲਿਆਂ ਨੂੰ ਬਖਸਿਆ ਨਹੀਂ ਜਾਵੇਗਾ। ਇਸ ਮੌਕੇ ਚੇਅਰਮੈਨ ਬੂਟਾ ਸਿੰਘ ਰਾਣੋ, ਟਰੱਕ ਯੂਨੀਅਨ ਦੇ ਪ੍ਰਧਾਨ ਭੁਪਿੰਦਰ ਸਿੰਘ, ਗੁਰਪ੍ਰੀਤ ਸਿੰਘ ਗੁਰੀ, ਕੈਪਟਨ ਗੁਰਮੀਤ ਸਿੰਘ, ਬਲਵਿੰਦਰ ਸਿੰਘ, ਮਿੰਦਰ ਕੌਰ, ਜਸਪਾਲ ਕੌਰ, ਅਮਨਦੀਪ ਸਿੰਘ, ਹਰਫੂਲ ਸਿੰਘ, ਸੁਰਜੀਤ ਸਿੰਘ, ਗੁਰਜੀਤ ਸਿੰਘ ਲੱਖੀ, ਗੁਰਿੰਦਰ ਸਿੰਘ ਗੋਲਡੀ, ਸੁਰਿੰਦਰਪਾਲ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿੱਤ ਪਿੰਡ ਵਾਸੀ ਹਾਜਰ ਸਨ।
ਜਦੋਂ ਇਸ ਸਬੰਧੀ ਸਰਪੰਚ ਦੇ ਪਤੀ ਭਿੰਦਰਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਆਪਣਾ ਪੱਖ ਰੱਖਦਿਆਂ ਕਿਹਾ ਕਿ ਪ੍ਰਸ਼ਾਸਨ ਉਸ ਦੀ ਜਾਂਚ ਕਰਵਾ ਲਵੇ ਪਰ ਅਸਲੀਅਤ ਕੁੱਝ ਹੋਰ ਹੈ ਕਿਉਂਕਿ ਮਨਰੇਗਾ ਦਾ ਰੁਕਿਆ ਕੰਮ ਉਸ ਨੇ ਬੀਡੀਪੀਓ ਦਫਤਰ ਧਰਨਾ ਲਗਵਾ ਕੇ ਸ਼ੁਰੂ ਕਰਵਾਇਆ ਹੈ।