ਮੁੱਖ ਮੰਤਰੀ ਦੀ ਪਤਨੀ ਵੱਲੋਂ ਪਿੰਡਾਂ ਵਿੱਚ ਦੌਰੇ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 10 ਨਵੰਬਰ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਦੀ ਪਤਨੀ ਸੁਮਨ ਸੈਣੀ ਨੇ ਕਿਹਾ ਹੈ ਕਿ ਸੂਬੇ ਵਿਚ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀਆਂ ਵਿਕਾਸ ਪੱਖੀ ਨੀਤੀਆਂ ’ਤੇ ਮੋਹਰ ਲਾ ਕੇ ਸੂਬੇ ਵਿੰਚ ਤੀਜੀ ਵਾਰ ਭਾਜਪਾ ਦੀ ਸਰਕਾਰ ਬਣਾਈ ਹੈ। ਉਨ੍ਹਾਂ ਅੱਜ ਇੱਥੇ ਹਲਕਾ ਲਾਡਵਾ ਦੇ ਲੋਕਾਂ ਦਾ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਜਿਤਾਉਣ ’ਤੇ ਧੰਨਵਾਦ ਕੀਤਾ। ਉਨਾਂ ਕਿਹਾ ਕਿ ਹੁਣ ਹਲਕੇ ਦੇ ਲੋਕਾਂ ਨੂੰ ਕਿਸੇ ਵੀ ਕੰਮ ਲਈ ਚੰਡੀਗੜ੍ਹ ਗੇੜੇ ਲਾਉਣ ਦੀ ਲੋੜ ਨਹੀਂ ਬਲਕਿ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਪਹਿਲ ਦੇ ਆਧਾਰ ’ਤੇ ਇੱਥੇ ਹੀ ਹੋਵੇਗਾ। ਮੁੱਖ ਮੰਤਰੀ ਦੀ ਅਗਵਾਈ ਹੇਠ ਹਲਕੇ ਵਿੱਚ ਅਧੂਰੀਆਂ ਪਈਆਂ ਯੋਜਨਾਵਾਂ ’ਤੇ ਤੇਜ਼ੀ ਨਾਲ ਕੰਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਲਾਡਵਾ ਦੀ ਸਭ ਤੋਂ ਪੁਰਾਣੀ ਮੰਗ ਲਾਡਵਾ-ਕੁਰੂਕਸ਼ੇਤਰ ਬਾਈਪਾਸ ਬਣਾਉਣ ਤੋਂ ਇਲਾਵਾ ਪਿਹੋਵਾ ਤੋਂ ਯਮੁਨਾਨਗਰ ਤਕ ਦੀ ਫੋਰਲੇਨ ਰੋਡ ਮਨਜ਼ੂਰ ਕਰਕੇ ਇਸ ਦੀ ਸ਼ੁਰੂਆਤ ਕਰ ਦਿੱਤੀ ਹੈ। ਸੁਮਨ ਸੈਣੀ ਨੇ ਕਿਹਾ ਕਿ ਮੁੱਖ ਮੰਤਰੀ ਦੇ ਨਾਲ-ਨਾਲ ਉਹ ਵੀ ਖੁਦ ਹਲਕੇ ਦੀ ਹਰ ਸਮੱਸਿਆ ਦਾ ਹੱਲ ਕਰੇਗੀ। ਇਸ ਦੌਰਾਨ ਉਨ੍ਹਾਂ ਪਿਪਲੀ ਮੰਡਲ ਦੇ ਕਈ ਪਿੰਡਾਂ ਵਿੱਚ ਮੀਟਿੰਗਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਕੌਰ ਕਸ਼ਯਪ, ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਕੰਵਲਜੀਤ ਕੌਰ, ਲਾਡਵਾ ਦੀ ਪਾਲਿਕਾ ਚੇਅਰਮੈਨ ਸਾਕਸ਼ੀ ਖੁਰਾਣਾ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰੀਨਾ ਸੈਣੀ, ਅਨੂੰ ਮਾਲਿਆਨ, ਮੰਡਲ ਪ੍ਰਧਾਨ ਦੇਵਿੰਦਰ ਸ਼ਰਮਾ, ਸਾਬਕਾ ਸਰਪੰਚ ਗੁਰੂ ਦੱਤ ਸ਼ਰਮਾ, ਨਰਿੰਦਰ ਸੈਣੀ, ਗਰਜਾ ਸਿੰਘ ਕਸ਼ਯਪ, ਸਿੰਮੀ ਸੈਣੀ ਮੌਜੂਦ ਸਨ।