ਆਰਡੀਨੈਂਸ ਖ਼ਿਲਾਫ਼ ਲਾਮਬੰਦੀ ਲਈ ਪਿੰਡ ਇਕਾਈਆਂ ਕਾਇਮ
ਜਤਿੰਦਰ ਬੈਂਸ
ਗੁਰਦਾਸਪੁਰ, 23 ਅਗਸਤ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਗੁਰਦਾਸਪੁਰ ਦੀ ਇਕੱਤਰਤਾ ਜ਼ੋਨ ਪ੍ਰਧਾਨ ਰਣਬੀਰ ਸਿੰਘ ਡੁੱਗਰੀ ਦੀ ਅਗਵਾਈ ਹੇਠ ਸਰਹੱਦੀ ਪਿੰਡ ਗੁਲੇਲੜਾ ਵਿੱਚ ਹੋਈ। ਇਕੱਤਰਤਾ ਦੌਰਾਨ ਕਿਸਾਨਾਂ ਮਜ਼ਦੂਰਾਂ ਦੀਆਂ ਮੁਸ਼ਕਿਲਾਂ ਬਾਰੇ ਵਿਚਾਰ ਵਟਾਂਦਰਾ ਕਰਕੇ ਪਿੰਡ ਪੱਧਰ ਦੀਆਂ ਇਕਾਈਆਂ ਦਾ ਗਠਨ ਕੀਤਾ ਗਿਆ।
ਆਗੂਆਂ ਨੇ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਕਿਸਾਨ ਤੇ ਮਜ਼ਦੂਰ ਵਿਰੋਧੀ ਨੀਤੀਆਂ ਦੀ ਤਿੱਖੇ ਸ਼ਬਦਾਂ ਵਿੱਚ ਆਲੋਚਨਾ ਕੀਤੀ। ਪ੍ਰੈਸ ਸਕੱਤਰ ਸੁਖਦੇਵ ਸਿੰਘ ਅੱਲੜਪਿੰਡੀ, ਸਤਨਾਮ ਸਿੰਘ ਅਤੇ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਗੁਲੇਲੜਾ ਇਕਾਈ ਦਾ ਪ੍ਰਧਾਨ ਬਖਸ਼ੀਸ਼ ਸਿੰਘ, ਸਕੱਤਰ ਦਲਜੀਤ ਸਿੰਘ ਅਤੇ ਖਜਾਨਚੀ ਦਰਸ਼ਨ ਸਿੰਘ ਅਤੇ ਪਿੰਡ ਚੱਗੂਵਾਲ ਇਕਾਈ ਦਾ ਪ੍ਰਧਾਨ ਬਲਦੇਵ ਸਿੰਘ, ਸਕੱਤਰ ਬਰਨਾਸੀ ਲਾਲ, ਖਜਾਨਚੀ ਕਸ਼ਮੀਰ ਸਿੰਘ ਨੂੰ ਨਿਯੁਕਤ ਕੀਤਾ ਗਿਆ।
ਕਿਸਾਨਾਂ ਨੇ ਕੇਂਦਰ ਸਰਕਾਰ ਦੀ ਅਰਥੀ ਸਾੜੀ
ਤਰਨ ਤਾਰਨ (ਗੁਰਬਖਸ਼ਪੁਰੀ): ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋਂ ਅੱਜ ਇਥੋਂ ਦੀ ਜੰਡਿਆਲਾ ਰੋਡ ’ਤੇ ਕਿਸਾਨ ਵਿਰੋਧੀ ਨੀਤੀਆਂ ਖਿਲਾਫ਼ ਰੋਸ ਪ੍ਰਗਟ ਕਰਦਿਆਂ ਕੇਂਦਰ ਸਰਕਾਰ ਦੀ ਅਰਥੀ ਸਾੜੀ| ਰਣਧੀਰ ਸਿੰਘ ਤੇ ਗਿਆਨ ਸਿੰਘ ਦੀ ਅਗਵਾਈ ਵਿੱਚ ਕਿਸਾਨਾਂ ਨੇ ਕੀਤੀ ਇਕੱਤਰਤਾ ਨੂੰ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਨਿਰਵੈਲ ਸਿੰਘ ਡਾਲੇਕੇ ਤੇ ਸੀਨੀਅਰ ਮੀਤ ਪ੍ਰਧਾਨ ਭੁਪਿੰਦਰ ਸਿੰਘ ਪੰਡੋਰੀ ਨੇ ਸੰਬੋਧਨ ਕੀਤਾ| ਬੁਲਾਰਿਆਂ ਨੇ ਖੇਤੀ ਸੁਧਾਰਾਂ ਦੇ ਨਾਂ ’ਤੇ ਜਾਰੀ ਕੀਤੇ ਆਰਡੀਨੈਂਸਾਂ ਅਤੇ ਬਿਜਲੀ ਸੋਧ ਬਿੱਲ ਨੂੰ ਕਿਸਾਨੀ ਲਈ ਘਾਤਕ ਕਰਾਰ ਦਿੱਤਾ। ਇਸ ਮੌਕੇ ਗੁਰਨਾਮ ਸਿੰਘ, ਜਸਵਿੰਦਰ ਸਿੰਘ, ਭਜਨ ਸਿੰਘ ਤੇ ਲਖਵਿੰਦਰ ਸਿੰਘ ਕੋਟ ਦੱਸਦੀ ਮੱਲ ਹਾਜ਼ਰ ਸਨ।