ਚਿੱਪ ਵਾਲੇ ਸਮਾਰਟ ਬਿਜਲੀ ਮੀਟਰ ਲਾਉਣ ਦਾ ਪਿੰਡ-ਪਿੰਡ ਵਿਰੋਧ ਸ਼ੁਰੂ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 27 ਜੁਲਾਈ
ਚੌਕੀਮਾਨ ਨੇੜਲੇ ਪਿੰਡਾਂ ਤੋਂ ਬਾਅਦ ਗਾਲਬਿ ਕਲਾਂ ਅਤੇ ਰਸੂਲਪੁਰ ‘ਚ ਚਿੱਪ ਵਾਲੇ ਬਿਜਲੀ ਮੀਟਰ ਲਾਉਣ ਦੇ ਵਿਰੋਧ ਮਗਰੋਂ ਬੀਤੇ ਕੱਲ੍ਹ ਪਿੰਡ ਲੱਖਾ, ਅਖਾੜਾ ਅਤੇ ਅੱਜ ਪਿੰਡ ਚੀਮਾ ਤੇ ਭੰਮੀਪੁਰਾ ‘ਚ ਸਮਾਰਟ ਮੀਟਰ ਲਾਉਣ ਦਾ ਵਿਰੋਧ ਹੋਇਆ। ਪਾਵਰਕੌਮ ਦੇ ਰੂਮੀ ਸਥਿਤ ਦਫ਼ਤਰ ਮੂਹਰੇ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨੇ ਜਥੇਬੰਦੀਆਂ ਦੀਆਂ ਅਗਵਾਈ ਹੇਠ ਰੋਹ ਭਰਪੂਰ ਪ੍ਰਦਰਸ਼ਨ ਕੀਤਾ। ਬੀਕੇਯੂ ਏਕਤਾ (ਡਕੌਂਦਾ) ਦੇ ਕਾਰਕੁਨਾਂ ਨੇ ਹੱਥਾਂ ‘ਚ ਸਮਾਰਟ ਮੀਟਰ ਫੜ ਕੇ ਸਰਕਾਰ ਅਤੇ ਪਾਵਰਕੌਮ ਨੂੰ ਲੋਕਾਂ ਦਾ ਸਬਰ ਨਾ ਪਰਖਣ ਲਈ ਵਰਜਿਆ।
ਪ੍ਰਧਾਨ ਤਰਸੇਮ ਸਿੰਘ ਬੱਸੂਵਾਲ ਅਤੇ ਮੀਤ ਪ੍ਰਧਾਨ ਮਨਦੀਪ ਸਿੰਘ ਧਾਲੀਵਾਲ ਦੀ ਅਗਵਾਈ ‘ਚ ਠੀਕ-ਠਾਕ ਚਲਦੇ ਬਿਜਲੀ ਮੀਟਰ ਲਾਹ ਕੇ ਨਵੇਂ ਚਿੱਪ ਵਾਲੇ ਮੀਟਰ ਲਾਉਣ ਖ਼ਿਲਾਫ਼ ਰੋਸ ਰੈਲੀ ਨੂੰ ਸੰਬੋਧਨ ਨਿਰਮਲ ਸਿੰਘ ਭੰਮੀਪੁਰਾ, ਪਰਮਜੀਤ ਸਿੰਘ ਚੀਮਾ ਤੇ ਹੋਰਨਾਂ ਨੇ ਚਿਤਾਵਨੀ ਦਿੱਤੀ ਕਿ ਪੰਜਾਬੀਆਂ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਫ਼ੈਸਲੇ ਮੁਤਾਬਕ ਪਿਛਲੇ ਲੰਮੇ ਸਮੇਂ ਤੋਂ ਚਿੱਪ ਵਾਲੇ ਮੀਟਰਾਂ ਦਾ ਵਿਰੋਧ ਹੁੰਦਾ ਆ ਰਿਹਾ ਹੈ। ਪਾਵਰਕੌਮ ਨੂੰ ਵੱਡੇ ਲੁਟੇਰੇ ਕਾਰਪੋਰੇਟਾਂ ਦੇ ਹੱਥਾਂ ‘ਚ ਦੇਣ ਅਤੇ ਰੁਜ਼ਗਾਰ ਨੂੰ ਵੱਡੇ ਪੱਧਰ ‘ਤੇ ਖ਼ਤਮ ਕਰਨ ਲਈ ਇਹ ਮੀਟਰ ਲਗਾਏ ਜਾ ਰਹੇ ਹਨ ਜਿਸ ‘ਚ ਸੂਬਾ ਸਰਕਾਰ ਦੀ ਸਹਿਮਤੀ ਹੈ। ਸਿੱਟੇ ਵਜੋਂ ਜਿਥੇ ਬਿਜਲੀ ਦਰਾਂ ਦੀ ਰਾਹਤ ਮਾਫ਼ੀ ਖ਼ਤਮ ਹੋਵੇਗੀ ਉਥੇ ਪ੍ਰੀਪੇਡ ਮੀਟਰਾਂ ਰਾਹੀਂ ਅਗਾਊਂ ਰਕਮ ਹਾਸਲ ਕਰਕੇ ਹੀ ਬਿਜਲੀ ਸਪਲਾਈ ਕੀਤੀ ਜਾਵੇਗੀ। ਬੀਐੱਸਐੱਨਐੱਲ ਵਾਂਗ ਹੌਲੀ ਹੌਲੀ ਖਾਲੀ ਹੋ ਰਹੇ ਪਾਵਰਕੌਮ ਦਫ਼ਤਰ ਵੀ ਵੇਚ ਦਿੱਤੇ ਜਾਣਗੇ। ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਨੇ ਸਮੂਹ ਪਿੰਡਾਂ ਦੇ ਕਿਸਾਨ, ਮਜ਼ਦੂਰ ਭੈਣਾਂ ਭਰਾਵਾਂ ਨੂੰ ਚਿੱਪ ਮੀਟਰਾਂ ਖ਼ਿਲਾਫ਼ ਡਿਊਟੀਆਂ ਵੰਡ ਕੇ ਪਿੰਡਾਂ ‘ਚ ਪਹਿਰੇਦਾਰੀ ਕਰਨ ਦੀ ਅਪੀਲ ਕੀਤੀ ਹੈ। ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਕੰਵਲਜੀਤ ਖੰਨਾ ਨੇ ਕਿਹਾ ਕਿ ‘ਅਖੌਤੀ ਇਨਕਲਾਬੀਆਂ’ ਦਾ ਅਸਲ ਰੰਗ ਸਾਹਮਣੇ ਆ ਰਿਹਾ ਹੈ।
ਅੱਧੀ ਰਾਤ ਨੂੰ ਨਿੱਬੜਿਆ ਚਿੱਪ ਵਾਲੇ ਮੀਟਰਾਂ ਦਾ ਮਸਲਾ
ਪਿੰਡ ਲੱਖਾ ਅਤੇ ਹਠੂਰ ‘ਚ ਚੰਗੇ ਭਲੇ ਚਲਦੇ ਬਿਜਲੀ ਮੀਟਰ ਲਾਹ ਕੇ ਚਿੱਪ ਵਾਲੇ ਮੀਟਰ ਲਾਉਣ ਖ਼ਿਲਾਫ਼ ਕੱਲ੍ਹ ਦਿਨ ਸਮੇਂ ਉੱਠਿਆ ਲੋਕ ਰੋਹ ਅੱਧੀ ਰਾਤ ਨੂੰ ਜਾ ਕੇ ਸ਼ਾਂਤ ਹੋਇਆ। ਪਿੰਡ ਦੀਆਂ ਔਰਤਾਂ ਨੇ ਕਈ ਘੰਟੇ ਤੱਕ ਲੱਖਾ ਬਿਜਲੀ ਗਰਿੱਡ ਦਾ ਘਿਰਾਓ ਜਾਰੀ ਰੱਖਿਆ। ਸਾਰਾ ਦਿਨ ਧਰਨਾਕਾਰੀਆਂ ਅਤੇ ਐੱਸਡੀਓ ਦਰਮਿਆਨ ਕਈ ਗੇੜ ਦੀ ਗੱਲਬਾਤ ਚਲਦੀ ਅਤੇ ਟੁੱਟਦੀ ਰਹੀ। ਇਸ ਲਈ ਗੱਲ ਕਿਸੇ ਤਰ੍ਹਾਂ ਹੱਲ ਨਾ ਹੁੰਦੀ ਵੇਖ ਕੇ ਮੰਗਾਂ ਮੰਨੇ ਜਾਣ ਤੱਕ ਧਰਨਾ ਅਣਮਿਥੇ ਸਮੇਂ ਲਈ ਜਾਰੀ ਰੱਖਣ ਦਾ ਫ਼ੈਸਲਾ ਐਲਾਨਣ ‘ਤੇ ਸਿਵਲ ਤੇ ਪੁਲੀਸ ਪ੍ਰਸ਼ਾਸਨ ਮੁੜ ਹਰਕਤ ‘ਚ ਆਇਆ। ਰਾਤ ਨੂੰ ਪਿੰਡਾਂ ‘ਚੋਂ ਲੰਗਰ ਪਾਣੀ ਤੇ ਜ਼ਰੂਰੀ ਸਮਾਨ ਧਰਨੇ ‘ਚ ਪੰਹੁਚਣਾ ਸ਼ੁਰੂ ਹੋ ਗਿਆ। ਰਾਤ ਬਾਰਾਂ ਵਜੇ ਐੱਸਡੀਓ ਲੱਖਾ ਰਵੀ ਕੁਮਾਰ, ਐਕਸੀਅਨ ਕੁਲਵੰਤ ਸਿੰਘ ਅਤੇ ਵੱਡੀ ਗਿਣਤੀ ਪੁਲੀਸ ਅਧਿਕਾਰੀਆਂ ਦੀ ਹਾਜ਼ਰੀ ‘ਚ ਫ਼ੈਸਲਾ ਹੋਇਆ ਕਿ ਚਿੱਪ ਵਾਲੇ ਮੀਟਰ ਲਾਹ ਕੇ ਪੁਰਾਣੇ ਮੀਟਰ ਭਲਕੇ ਬਾਰਾਂ ਵਜੇ ਤੋਂ ਪਹਿਲਾਂ ਲਗਾ ਦਿੱਤੇ ਜਾਣਗੇ, ਜਿਸ ਤੋਂ ਬਾਅਦ ਧਰਨਾ ਖ਼ਤਮ ਹੋਇਆ।