ਬੀਕੇਯੂ ਏਕਤਾ ਉਗਰਾਹਾਂ ਵੱਲੋਂ ਪੱਕੇ ਮੋਰਚੇ ਸਬੰਧੀ ਪਿੰਡ-ਪਿੰਡ ਲਾਮਬੰਦੀ
ਦੇਵਿੰਦਰ ਸਿੰਘ ਜੱਗੀ
ਪਾਇਲ, 13 ਜਨਵਰੀ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ 22 ਤੋਂ 26 ਜਨਵਰੀ ਤੱਕ ਪੰਜਾਬ ਪੱਧਰ ’ਤੇ ਜ਼ਿਲ੍ਹਾ ਹੈੱਡਕੁਆਰਟਰਾਂ ’ਤੇ ਲੱਗਣ ਵਾਲੇ ਦਿਨ ਰਾਤ ਦੇ ਮੋਰਚੇ ਲਈ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ। ਇਸੇ ਕੜੀ ਤਹਿਤ ਅੱਜ ਬਲਾਕ ਮਲੌਦ ਦੇ ਪਿੰਡ ਪੰਧੇਰ ਖੇੜੀ ਵਿੱਚ ਮੀਟਿੰਗ ਕੀਤੀ ਗਈ, ਜਿਸ ਵਿੱਚ ਬੀਬੀਆਂ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਹੋਈਆਂ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਵਿੱਤ ਸਕੱਤਰ ਮਾ. ਰਾਜਿੰਦਰ ਸਿੰਘ ਸਿਆੜ, ਮੀਤ ਪ੍ਰਧਾਨ ਮਨੋਹਰ ਸਿੰਘ ਕਲਾੜ੍ਹ, ਜ਼ਿਲ੍ਹਾ ਕਮੇਟੀ ਮੈਂਬਰ ਪ੍ਰਿੰਸੀਪਲ ਜਗਮੀਤ ਸਿੰਘ ਕਲਾੜ੍ਹ, ਬਲਾਕ ਪ੍ਰਧਾਨ ਦਵਿੰਦਰ ਸਿੰਘ ਰਾਜੂ ਸਿਰਥਲਾ, ਜਨਰਲ ਸਕੱਤਰ ਨਾਜ਼ਰ ਸਿੰਘ ਸਿਆੜ, ਨਰਿੰਦਰਪਾਲ ਸਿੰਘ ਸਿਆੜ, ਭਜਨ ਸਿੰਘ ਸਿਆੜ੍ਹ ਨੇ ਮੰਗ ਕੀਤੀ ਕਿ ਸਰਕਾਰ ਆਪਣੇ ਵਾਅਦੇ ਅਨੁਸਾਰ ਨਵੀਂ ਕਿਸਾਨ-ਮਜ਼ਦੂਰ ਪੱਖੀ ਖੇਤੀ ਨੀਤੀ ਤੁਰੰਤ ਲਾਗੂ ਕਰੇ। ਉਨ੍ਹਾਂ ਕਿਹਾ ਕਿ ਖੇਤੀ ਖੇਤਰ ਸਭ ਤੋਂ ਵੱਧ ਰੁਜ਼ਗਾਰ ਦੇਣ ਵਾਲਾ ਖੇਤਰ ਹੈ ਪਰ ਸਾਰੀਆਂ ਸਰਕਾਰਾਂ ਨੇ ਇਸ ਨੂੰ ਅੱਖੋਂ ਪਰੋਖੇ ਕੀਤਾ ਹੈ। ‘ਆਪ’ ਸਰਕਾਰ ਬਹੁਤ ਚਿਰ ਤੋਂ ਨਵੀਂ ਖੇਤੀ ਨੀਤੀ ਲਾਗੂ ਕਰਨ ਦੀਆਂ ਗੱਲਾਂ ਕਰ ਰਹੀ ਹੈ। ਪੰਜਾਬ ਸਰਕਾਰ ਨੇ ਉਗਰਾਹਾਂ ਜਥੇਬੰਦੀ ਤੋਂ ਇਸ ਸਬੰਧ ਵਿੱਚ ਸੁਝਾਅ ਮੰਗੇ ਸਨ, ਜਿਹੜੇ ਕਿ ਜਥੇਬੰਦੀ ਵਲੋਂ ਕਈ ਮਹੀਨੇ ਪਹਿਲਾਂ ਹੀ ਲਿਖਤੀ ਰੂਪ ਵਿੱਚ ਸਰਕਾਰ ਨੂੰ ਦੇ ਦਿੱਤੇ ਗਏ ਸਨ ਪਰ ਹੁਣ ਪੰਜਾਬ ਸਰਕਾਰ ਅਮਰੀਕਾ ਦੀ ਕਿਸੇ ਏਜੰਸੀ ਕੋਲੋਂ ਖੇਤੀ ਨੀਤੀ ਬਣਵਾ ਰਹੀ ਹੈ। ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਖੇਤੀ ਵਸਤਾਂ ਮਹਿੰਗੀਆਂ ਹੋਣ ਕਾਰਨ ਖੇਤੀ ਘਾਟੇ ਵਾਲਾ ਕਿੱਤਾ ਬਣ ਗਿਆ ਹੈ। ਨਵੀਂ ਖੇਤੀ ਨੀਤੀ ਨੂੰ ਕਿਸਾਨ ਮਜ਼ਦੂਰ ਪੱਖੀ ਬਣਾਉਣ, ਕਿਰਤ ਪ੍ਰਧਾਨ ਬਣਾਉਣ ਲਈ ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਬੰਦ ਕਰਨ, ਸਾਰੀਆਂ ਫਸਲਾਂ ਦਾ ਘੱਟੋ ਘੱਟ ਸਮਰਥਨ ਮੁੱਲ ਤੈਅ ਕਰ ਕੇ ਸਾਰੀਆਂ ਫਸਲਾਂ ਦੀ ਸਰਕਾਰੀ ਖਰੀਦ ਨੂੰ ਯਕੀਨੀ ਬਣਾਉਣ, ਸੂਦਖੋਰਾਂ ਤੇ ਜਗੀਰਦਾਰਾਂ ਦੇ ਲੋਟੂ ਰੁਝਾਨ ਨੂੰ ਠੱਲ੍ਹ ਪਾਉਣ, ਖੇਤੀ ਖੇਤਰ ਨੂੰ ਘਾਟੇ ਵਿੱਚੋਂ ਬਾਹਰ ਕੱਢਣ, ਕਾਰਪੋਰੇਟ ਘਰਾਣਿਆਂ ’ਤੇ ਸਿੱਧੇ ਮੋਟੇ ਟੈਕਸ ਲਾਉਣ ਦੀ ਮੰਗ ਕੀਤੀ ਗਈ। ਇਸ ਮੌਕੇ ਕਿਰਨਜੀਤ ਸਿੰਘ ਪੰਧੇਰ ਖੇੜੀ, ਗੁਰਜੀਤ ਸਿੰਘ, ਮਲਕੀਤ ਸਿੰਘ ਅਤੇ ਸ਼ਮਸ਼ੇਰ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।