ਪੰਚਾਇਤ ਚੋਣਾਂ: ਹਿੰਸਕ ਘਟਨਾਵਾਂ ਦਰਮਿਆਨ ਵੋਟਿੰਗ ਦਾ ਅਮਲ ਮੁਕੰਮਲ
ਆਤਿਸ਼ ਗੁਪਤਾ
ਚੰਡੀਗੜ੍ਹ, 15 ਅਕਤੂਬਰ
ਪੰਜਾਬ ਵਿੱਚ ਪੰਚਾਇਤ ਚੋਣਾਂ ਦੌਰਾਨ ਹਿੰਸਕ ਘਟਨਾਵਾਂ ਦਰਮਿਆਨ ਵੋਟਿੰਗ ਦਾ ਅਮਲ ਮੁਕੰਮਲ ਹੋ ਗਿਆ ਹੈ। ਵੋਟਿੰਗ ਦੌਰਾਨ ਸੂਬੇ ਵਿੱਚ ਤਿੰਨ ਥਾਵਾਂ ’ਤੇ ਗੋਲੀਆਂ ਚੱਲੀਆਂ। ਇਸ ਕਾਰਨ ਦੋ ਜਣੇ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਪੰਜਾਬ ਦੇ ਦਰਜਨ ਦੇ ਕਰੀਬ ਜ਼ਿਲ੍ਹਿਆਂ ਵਿੱਚ ਝੜਪਾਂ ਹੋਈਆਂ ਤੇ ਕੁਝ ਥਾਵਾਂ ’ਤੇ ਪੱਥਰਬਾਜ਼ੀ ਵੀ ਹੋਈ। ਕਈ ਥਾਵਾਂ ’ਤੇ ਪੁਲੀਸ ਮੁਲਾਜ਼ਮ ਸਣੇ ਵੱਡੀ ਗਿਣਤੀ ਵਿੱਚ ਲੋਕ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਦਾ ਹਸਪਤਾਲਾਂ ਵਿੱਚ ਇਲਾਜ ਜਾਰੀ ਹੈ। ਇਸ ਦੌਰਾਨ ਕਈ ਥਾਵਾਂ ’ਤੇ ਵੋਟਾਂ ਦੌਰਾਨ ਗੜਬੜੀਆਂ, ਧਾਂਦਲੀਆਂ ਤੇ ਧੱਕੇਸ਼ਾਹੀ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਹਨ। ਇਸ ਦੌਰਾਨ 67 ਫੀਸਦ ਦੇ ਕਰੀਬ ਵੋਟਾਂ ਪਈਆਂ ਹਨ।
ਪੰਜਾਬ ਦੀਆਂ ਕੁੱਲ 13225 ਗ੍ਰਾਮ ਪੰਚਾਇਤਾਂ ਵਿੱਚੋਂ 9400 ਦੇ ਕਰੀਬ ਗ੍ਰਾਮ ਪੰਚਾਇਤਾਂ ਦੀ ਚੋਣ ਲਈ ਵੋਟਿੰਗ ਹੋਈ ਹੈ, ਜਦੋਂ ਕਿ 3798 ਗ੍ਰਾਮ ਪੰਚਾਇਤਾਂ ’ਤੇ ਪਹਿਲਾਂ ਹੀ ਸਰਸੰਮਤੀ ਨਾਲ ਚੋਣ ਹੋ ਚੁੱਕੀ ਹੈ। ਸਰਪੰਚ ਦੇ 13225 ਅਹੁਦਿਆਂ ਲਈ 25588 ਅਤੇ ਪੰਚ ਦੇ 83427 ਅਹੁਦਿਆਂ ਲਈ 80598 ਉਮੀਦਵਾਰ ਚੋਣ ਮੈਦਾਨ ਵਿੱਚ ਨਿੱਤਰੇ ਹੋਏ ਸਨ। ਸਵੇਰੇ 8 ਵਜੇ ਵੋਟਿੰਗ ਸ਼ੁਰੂ ਹੁੰਦਿਆਂ ਹੀ ਲੋਕਾਂ ਵਿੱਚ ਵੋਟਾਂ ਪਾਉਣ ਨੂੰ ਲੈ ਕੇ ਕਾਫੀ ਉਤਸ਼ਾਹ ਵੇਖਿਆ ਗਿਆ, ਜਿਸ ਕਰਕੇ ਪੰਜਾਬ ਭਰ ਵਿੱਚ ਪੋਲਿੰਗ ਸਟੇਸ਼ਨਾਂ ਦੇ ਬਾਹਰ ਲੋਕਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਰਹੀਆਂ। ਇਸ ਦੌਰਾਨ ਪੰਜਾਬ ਦੇ ਵੱਖ-ਵੱਖ ਪਿੰਡਾਂ ਵਿੱਚ ਚੋਣ ਮੈਦਾਨ ਵਿੱਚ ਨਿੱਤਰੇ ਉਮੀਦਵਾਰਾਂ ਤੇ ਉਨ੍ਹਾਂ ਦੇ ਹਮਾਇਤੀਆਂ ਦੇ ਦੂਜੇ ਉਮੀਦਵਾਰਾਂ ਨਾਲ ਲੜਾਈ-ਝਗੜੇ ਸ਼ੁਰੂ ਹੋ ਗਏ। ਇਸ ਦੌਰਾਨ ਤਰਨ ਤਾਰਨ ਦੇ ਪਿੰਡ ਸੈਣ ਭਗਤ (ਸੋਹਲ) ਵਿੱਚ ਦੋ ਧੜਿਆਂ ਵਿੱਚਕਾਰ ਝਗੜਾ ਹੋ ਗਿਆ। ਇਸ ਮੌਕੇ ਗੋਲੀ ਚੱਲ ਗਈ, ਜਿਸ ਕਰਕੇ ਇਕ ਨੌਜਵਾਨ ਜ਼ਖ਼ਮੀ ਹੋ ਗਿਆ। ਪੀੜਤ ਨੂੰ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ।
ਪੰਚਾਇਤ ਚੋਣ ਦੌਰਾਨ ਅੰਮ੍ਰਿਤਸਰ, ਪਟਿਆਲਾ, ਮੋਗਾ, ਤਰਨ ਤਾਰਨ, ਬਠਿੰਡਾ, ਜਲੰਧਰ, ਗੁਰਦਾਸਪੁਰ, ਲੁਧਿਆਣਾ ਸਣੇ ਕਈ ਹੋਰ ਜ਼ਿਲ੍ਹਿਆਂ ਦੇ ਵੱਖ-ਵੱਖ ਪਿੰਡਾਂ ਵਿੱਚ ਆਪਸੀ ਲੜਾਈ ਝਗੜੇ ਤੇ ਚੋਣਾਂ ਦੌਰਾਨ ਧਾਂਦਲੀਆਂ ਦੇ ਮਾਮਲੇ ਵੀ ਸਾਹਮਣੇ ਆਏ ਹਨ। ਬਲਾਕ ਮਹਿਲਕਲਾਂ ਦੇ ਪਿੰਡ ਕਰਮਗੜ੍ਹ ਵਿਚ ਪੰਚ ਦੇ ਉਮੀਦਵਾਰ ’ਤੇ ਕੁਝ ਨੌਜਵਾਨਾਂ ਨੇ ਹਮਲਾ ਕਰ ਦਿੱਤਾ।
ਪੰਚਾਇਤ ਚੋਣਾਂ ਦੌਰਾਨ ਚਾਰ ਥਾਵਾਂ ’ਤੇ ਬੈਲੇਟ ਪੇਪਰ ਗਲਤ ਛਪਣ ਕਰਕੇ ਵੋਟਿੰਗ ਕਾਫੀ ਸਮਾਂ ਰੁਕੀ ਰਹੀ। ਬਸਪਾ ਦੇ ਸੰਸਥਾਪਕ ਬਾਬੂ ਕਾਂਸ਼ੀਰਾਮ ਦੇ ਪਿੰਡ ਖਵਾਸਪੁਰਾ ਵਿੱਚ ਗਲਤ ਬੈਲੇਟ ਪੇਪਰ ਛਪਣ ਕਰਕੇ ਵੋਟਿੰਗ ਬਹੁਤ ਪੱਛੜ ਕੇ ਸ਼ੁਰੂ ਹੋਈ ਹੈ।
ਸ਼ੁਤਰਾਣਾ ਦੇ ਵਿਧਾਇਕ ਦੇ ਪਿੰਡ ਵਿੱਚ ਗੜਬੜ, ਸਨੌਰ ਨੇੜਲੇ ਪਿੰਡ ਖੁੱਡਾ ’ਚ ਗੋਲੀ ਚੱਲੀ, ਇਕ ਜ਼ਖ਼ਮੀ
ਪਟਿਆਲਾ ਜ਼ਿਲ੍ਹੇ ਦੇ ਸ਼ੁਤਰਾਣਾ ਹਲਕੇ ਅਧੀਨ ਪੈਂਦੇ ਪਿੰਡ ਕਰੀਮਗੜ੍ਹ ਚਿੱਚੜਵਾਲ ਅਤੇ ਸਨੌਰ ਨੇੜਲੇ ਪਿੰਡ ਖੁੱਡਾ ਸਮੇਤ ਕੁਝ ਹੋਰ ਥਾਵਾਂ 'ਤੇ ਪੰਚਾਇਤੀ ਚੋਣਾਂ ਦੌਰਾਨ ਗੜਬੜੀਆਂ, ਧਾਂਦਲੀਆਂ ਤੇ ਧੱਕੇਸ਼ਾਹੀਆਂ ਦੀਆਂ ਘਟਨਾਵਾਂ ਹੋਣ ਦੀ ਖ਼ਬਰ ਹੈ।
ਇਸ ਦੌਰਾਨ ਜਿੱਥੇ ਸਨੌਰ ਨੇੜਲੇ ਪਿੰਡ ਖੁੱਡਾ ਵਿਖੇ ਗੋਲੀ ਚੱਲਣ ਨਾਲ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ, ਉੱਥੇ ਹੀ ਸਰਕਾਰ ਵਿਰੋਧੀ ਧਿਰ ਨਾਲ ਸਬੰਧਿਤ ਉਮੀਦਵਾਰ ਜੋਗਿੰਦਰ ਸਿੰਘ ਦੇ ਸਮਰਥਕਾਂ ਵਲੋਂ ਆਮ ਆਦਮੀ ਪਾਰਟੀ ਦੇ ਕਾਰਕੁਨਾਂ 'ਤੇ ਬੂਥ ਉੱਪਰ ਕਬਜ਼ਾ ਕਰ ਕੇ ਬੈਲਟ ਬਾਕਸ ਚੋਰੀ ਕਰਨ ਦੇ ਇਲਜ਼ਾਮ ਵੀ ਲਾਏ ਗਏ। ਦੱਸਿਆ ਜਾਂਦਾ ਹੈ ਕਿ ਇਹ ਬੈਲਟ ਬਾਕਸ ਬਾਅਦ ਵਿੱਚ ਖੇਤਾਂ ਵਿੱਚੋਂ ਮਿਲਿਆ।
ਦੂਜੇ ਬੰਨੇ ਸ਼ਤਰਾਣਾ ਦੇ ਆਪ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਦੇ ਪਿੰਡ ਕਰੀਮਗੜ੍ਹ ਚਿੱਚੜਵਾਲ ਵਿਖੇ ਸਰਪੰਚੀ ਦੀ ਚੋਣ ਲੜੇ ਗੁਰਚਰਨ ਰਾਮ ਅਤੇ ਹਮਾਇਤੀਆਂ ਨੇ ਦੋਸ਼ ਲਾਏ ਹਨ ਕਿ ਵਿਧਾਇਕ ਦੀ ਕਥਿਤ ਸ਼ਹਿ 'ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਸਮਰਥਕਾਂ ਵੱਲੋਂ ਬੂਥ 'ਤੇ ਕਬਜ਼ਾ ਕੀਤਾ ਗਿਆ। ਇਸ ਦੌਰਾਨ ਬੈਲਟ ਬਾਕਸ ਵਿੱਚ ਕਥਿਤ ਤੌਰ 'ਤੇ ਤੇਜ਼ਾਬ ਪਾ ਦਿੱਤਾ ਗਿਆ।
ਸੰਪਰਕ ਕਰਨ 'ਤੇ ਵਿਧਾਇਕ ਨੇ ਇਨ੍ਹਾਂ ਦੋਸ਼ਾਂ ਨੂੰ ਮੂਲੋਂ ਹੀ ਰੱਦ ਕਰਦਿਆਂ ਆਖਿਆ ਕਿ ਅਜਿਹੇ ਦੋਸ਼ ਉਨ੍ਹਾਂ ਨੂੰ ਬਦਨਾਮ ਕਰਨ ਲਈ ਲਾਏ ਜਾ ਰਹੇ। ਸਰਬਜੀਤ ਸਿੰਘ ਭੰਗੂ/ਪਟਿਆਲਾ
--------------------------------------------------------------------------------------------------------
ਬਠਿੰਡਾ ਵਿੱਚ ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਦੀ ਗੱਡੀ ਦੀ ਭੰਨ ਤੋੜ
ਬਠਿੰਡਾ ਜ਼ਿਲ੍ਹੇ ਦੇ ਪਿੰਡ ਅਕਾਲੀਆਂ ਕਲਾਂ ਵਿਚ ਪੰਚਾਇਤ ਚੋਣ ਦੌਰਾਨ ਆਮ ਆਦਮੀ ਪਾਰਟੀ ਦੇ ਆਗੂ ਅਤੇ ਟਰੱਕ ਯੂਨੀਅਨ ਦੇ ਗੋਨਿਆਣਾ ਦੇ ਪ੍ਰਧਾਨ ਹਰਪ੍ਰੀਤ ਸਿੰਘ ਦੀ ਸਵਿਫਟ ਗੱਡੀ ਦੀ ਗੁੰਡਾ ਅਨਸਰਾਂ ਵੱਲੋਂ ਤੇਜ਼ ਹਥਿਆਰਾਂ ਨਾਲ ਭੰਨ ਤੋੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਮਾਮਲੇ ਨੂੰ ਵੋਟਾਂ ਨਾਲ ਜੋੜ ਦੇਖਿਆ ਜਾ ਰਿਹਾ ਹੈ। ਪੀੜਤ ਹਰਪ੍ਰੀਤ ਸਿੰਘ ਨੇ ਦੱਸਿਆ ਉਹ ਟਰੱਕ ਯੂਨੀਅਨ ਗੋਨਿਆਣਾ ਦਾ ਪ੍ਰਧਾਨ ਹੈ। ਉਨਾਂ ਦਾ ਪਰਿਵਾਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਾਲਾ ਸਿੰਘ ਦੇ ਹੱਕ ਵਿਚ ਮਦਦ ਕਰ ਰਹੇ।
ਅੱਜ ਕ਼ਰੀਬ 11.30 ਵਜੇ ਕੁਝ ਨੌਜਵਾਨਾਂ ਨੇ ਤੇਜ਼ ਧਾਰ ਹਥਿਆਰਾਂ ਹਮਲਾ ਕਰਿਦਆਂ ਗੱਡੀ ਦੀ ਪੂਰੀ ਤਰ੍ਹਾਂ ਭੰਨਤੋੜ ਕੀਤੀ, ਇਸ ਦੌਰਾਨ ਮੇਰੇ ਭਰਾ ਨੇ ਭੱਜ ਕਿ ਅਪਣੀ ਜਾਨ ਬਚਾਈ । ਹਰਪ੍ਰੀਤ ਸਿੰਘ ਨੇ ਦੱਸਿਆ ਕਿ ਘਟਨਾ ਬਾਰੇ ਮੁੱਖ ਇਲੈਕਸ਼ਨ ਕਮਿਸ਼ਨ ਪੰਜਾਬ ਅਤੇ ਚੋਣ ਕਮਿਸ਼ਨਰ ਬਠਿੰਡਾ ਨੂੰ ਹਿੰਸਾ ਦੇ ਵੇਰਵੇ ਭੇਜ ਦਿੱਤੇ ਹਨ। ਥਾਣਾ ਨੇਹੀਆਂ ਵਾਲਾ ਮੁਖੀ ਨੇ ਕਿਹਾ ਕਿ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਮਨੋਜ ਸ਼ਰਮਾ/ਬਠਿੰਡਾ
--------------------------------------------------------------------------------------------------------
ਚੋਣ ਡਿਊਟੀ ਦੇਣ ਆਏ ਅਧਿਆਪਕ ਦੀ ਮੌਤ
ਜ਼ਿਲ੍ਹਾ ਜਲੰਧਰ ਦੇ ਆਦਮਪੁਰ ਬਲਾਕ ਦੇ ਪਿੰਡ ਅਰਜਨਵਾਲ ਵਿਖੇ ਪੰਚਾਇਤੀ ਚੋਣਾਂ ਲਈ ਡਿਊਟੀ ’ਤੇ ਪੁੱਜੇ ਸਕੂਲ ਅਧਿਆਪਕ ਅਰਮਿੰਦਰ ਸਿੰਘ ਦੀ ਬੀਤੀ ਰਾਤ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਹ ਪਿੰਡ ਧੁਦਿਆਲ (ਜਲੰਧਰ) ਦੇ ਸਕੂਲ ਵਿੱਚ ਪੜ੍ਹਾਉਂਦਾ ਸੀ ਅਤੇ ਫਾਜ਼ਲਿਕਾ ਜ਼ਿਲ੍ਹੇ ਦਾ ਵਸਨੀਕ ਸੀ। ਹਤਿੰਦਰ ਮਹਿਤਾ/ ਜਲੰਧਰ
--------------------------------------------------------------------------------------------------------
ਢੋਲੀ ਸਮੇਤ ਜੱਦੀ ਪਿੰਡ ਵੋਟ ਪਾਉਣ ਪੁੱਜਿਆ ਪਰਿਵਾਰ
ਹੁਣ ਲੁਧਿਆਣਾ ਜਿਲ੍ਹੇ ਦੇ ਪਿੰਡ ਜਗੇੜਾ ਦਾ ਵਸਨੀਕ ਗੁਰਜੰਟ ਸਿੰਘ ਜੰਟਾ ਦਾੜ੍ਹੀ ਵਾਲਾ ਜਦੋਂ ਆਪਣੇ ਪਰਿਵਾਰ ਸਮੇਤ ਢੋਲ੍ਹ ਢਮੱਕੇ ਨਾਲ ਵੀਹ ਕਿਲੋਮੀਟਰ ਦੂਰ ਸਥਿਤ ਆਪਣੇ ਜੱਦੀ ਪਿੰਡ ਵਜੀਦਗੜ੍ਹ ਰੋਹਣੋਂ ਜਾ ਕੇ ਵੋਟ ਪਾਉਣ ਲਈ ਪੁੱਜਿਆ ਤਾਂ ਲੋਕੀਂ ਖੜ੍ਹ-ਖੜ੍ਹ ਦੇਖਣ ਲੱਗੇ। ਜਗੇੜਾ ਪੁਲ ਕੋਲ ਹੀ ਖੇਤਾਂ ਵਿੱਚ ਆਪਣੀ ਛੋਟੀ ਜਿਹੀ ਦਾੜ੍ਹੀ ਮੁੱਛਾਂ ਦੇ ਕੁੰਡਲ ਪਾਉਣ ਵਾਲੀ ਦੁਕਾਨ ਨਾਲ ਨੌਜਵਾਨਾਂ ਵਿੱਚ ਹਰਮਨ ਪਿਆਰਾ ਹੋਇਆ ਹੋਇਆ ਜੰਟਾਂ ਜਦੋਂ ਆਪਣੇ ਪਿੰਡ ਦੇ ਪੋਲਿੰਗ ਬੂਥ ਵਿਖੇ ਪਹੁੰਚਿਆ ਤਾਂ ਪਿੰਡ ਵਾਸੀਆਂ ਵੱਲੋਂ ਉਸਦਾ ਵਿਸ਼ੇਸ ਸਨਮਾਨ ਕੀਤਾ ਗਿਆ। ਨੌਜਵਾਨ ਜੰਟਾ ਨੇ ਦੱਸਿਆ ਕਿ ਹੁਣ ਉਹ ਪੱਕੇ ਤੌਰ ’ਤੇ ਜਗੇੜਾ ਵਿਖੇ ਰਹਿਣ ਲੱਗ ਗਿਆ ਹੈ ਇਸ ਲਈ ਹੁਣ ਆਪਣੀ ਵੋਟ ਵਜੀਦਗੜ੍ਹ ਰੋਹਨੋਂ ਤੋਂ ਕਟਵਾ ਲਵੇਗਾ ਅੱਜ ਉਹ ਇਥੇ ਆਖ਼ਰੀ ਵਾਰ ਵੋਟ ਪਾਉਣ ਪੁੱਜਿਆ ਹੈ।
ਉਸ ਨੇ ਦਾਅਵਾ ਕੀਤਾ ਕਿ ਉਹ ਕਿਸੇ ਪਾਰਟੀ ਵਿਸ਼ੇਸ ਨਾਲ ਸਬੰਧਤ ਨਹੀਂ ਹੈ ਪਰ ਲੋਕਤੰਤਰ ਵਿੱਚ ਵੋਟ ਦੇ ਹੱਕ ਦੀ ਅਹਿਮੀਅਤ ਨੂੰ ਪ੍ਰਗਟ ਕਰਨ ਲਈ ਢੋਲ ਦੀ ਥਾਪ ਨਾਲ ਪਰਿਵਾਰ ਸਮੇਤ ਆਪਣੇ ਜੱਦੀ ਪਿੰਡ ਵੋਟ ਪਾਉਣ ਆਇਆ ਹੈ। ਮਹੇਸ਼ ਸ਼ਰਮਾ/ਮੰਡੀ ਅਹਿਮਦਗੜ੍ਹ
ਸਮਰਾਲਾ ਦੇ ਪਿੰਡ ਦਿਆਲਪੁਰਾ ਵਿਚ 101 ਸਾਲ ਦੇ ਬਾਬੇ ਨੇ ਪਾਈ ਵੋਟ
ਵਿਧਾਨ ਸਭਾ ਹਲਕਾ ਸਮਰਾਲਾ ਦੇ ਪਿੰਡਾਂ ਦੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਅੱਜ ਸਵੇਰ ਤੋਂ ਹੀ ਵੋਟਾਂ ਪੈਣ ਦਾ ਕੰਮ ਪੂਰੇ ਅਮਨ ਅਮਾਨ ਨਾਲ ਸ਼ੁਰੂ ਹੋ ਚੁੱਕਿਆ ਹੈ। ਹਲਕੇ ਵਿਚ ਕੁੱਲ 198 ਪੰਚਾਇਤਾਂ ਹਨ ਜਿਨ੍ਹਾਂ ਵਿੱਚੋਂ 53 ਪੰਚਾਇਤਾਂ ਦੀ ਪਹਿਲਾਂ ਹੀ ਸਰਬ ਸੰਮਤੀ ਹੋ ਚੁੱਕੀ ਹੈ। ਬਾਕੀ ਰਹਿੰਦੀਆਂ 145 ਪੰਚਾਇਤਾਂ ਚੁਣਨ ਲਈ ਲੋਕਾਂ 'ਚ ਵੋਟਾਂ ਪਾਉਣ ਲਈ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। 12 ਵਜੇ ਤੱਕ 30 ਪ੍ਰਤੀਸ਼ਤ ਦੇ ਕਰੀਬ ਵੋਟਾਂ ਭੁਗਤ ਚੁੱਕੀਆਂ ਹਨ। ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਦੇ ਜੱਦੀ ਪਿੰਡ ਦਿਆਲਪੁਰਾ ਵਿਖੇ ਪੋਲਿੰਗ ਬੂਥਾਂ ਦੇ ਬਾਹਰ ਲੰਬੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਡੀਪੀਐੱਸ ਬੱਤਰਾ/ਸਮਰਾਲਾ
--------------------------------------------------------------------------------------------------------------------------
ਪਿੰਡ ਖੁਆਸਪੁਰਾ 12 ਵਜੇ ਤੋਂ ਬਾਅਦ ਸ਼ੁਰੂ ਹੋਈ ਵੋਟਿੰਗ
ਬਸਪਾ ਸੰਸਥਾਪਕ ਬਾਬੂ ਕਾਂਸ਼ੀਰਾਮ ਦੇ ਪਿੰਡ ਖੁਆਸਪੁਰਾ ’ਚ ਮਹਿਲਾ ਰਾਖਵੇਂ ਸਰਪੰਚ ਦੀ ਚੋਣ ਦੀ ਚੋਣ ਪ੍ਰਕਿਰਿਆ ਦੌਰਾਨ ਵੋਟਾਂ ਪਾਉਣ ਲਈ ਵੋਟਰਾਂ ਨੂੰ ਲੰਮਾ ਇੰਤਜ਼ਾਰ ਕਰਨ ਪਿਆ ਹੈ। ਚੋਣ ਨਿਸ਼ਾਨ ਗਲਤ ਛਾਪੇ ਜਾਣ ਕਾਰਨ ਇਹ ਮਾਮਲਾ ਸਾਹਮਣੇ ਆਇਆ ਹੈ। ਸਰਪੰਚ ਉਮੀਦਵਾਰ ਪਰਮਜੀਤ ਕੌਰ ਨੂੰ ਟਰੈਕਟਰ ਦੀ ਥਾਂ ਬਾਲਟੀ ਅਤੇ ਸਰਬਜੀਤ ਕੌਰ ਨੂੰ ਬਾਲਟੀ ਦੀ ਥਾਂ ਟਰੈਕਟਰ ਦਾ ਚੋਣ ਨਿਸ਼ਾਨ ਦਿੱਤਾ ਗਿਆ, ਜਿਸ ਕਾਰਨ ਬੈਲਟ ਪੈਪਰਾਂ ਦੀ ਛਪਾਈ ਫਿਰ ਤੋਂ ਕਰਵਾਈ ਗਈ। ਪਿੰਡ ਦੇ ਲਖਬੀਰ ਸਿੰਘ ਨੇ ਦੱਸਿਆ ਕਿ ਪ੍ਰੀਜ਼ਾਈਡਿੰਗ ਅਫਸਰ ਦੀ ਗਲਤੀ ਕਾਰਨ ਅਜਿਹਾ ਹੋਇਆ ਹੈ।ਜਗਮੋਹਨ ਸਿੰਘ/ਰੂਪਨਗਰ
--------------------------------------------------------------------------------------------------------------------------
ਹਲਕਾ ਭਦੌੜ ਤੋਂ ਵਿਧਾਇਕ ਲਾਭ ਸਿੰਘ ਨੇ ਪਾਈ ਵੋਟ
ਪੰਚਾਇਤੀ ਚੋਣਾਂ ਵਿੱਚ ਭਦੌੜ ਤੋਂ ਆਪ ਵਿਧਾਇਕ ਲਾਭ ਸਿੰਘ ਉਗੋਕੇ ਵਲੋਂ ਵੋਟ ਪਾਈ ਗਈ ਹੈ। ਉਹਨਾਂ ਆਪਣੇ ਪਿੰਡ ਉਗੋਕੇ ਦੇ ਪੋਲਿੰਗ ਬੂਥ ’ਤੇ ਪਹੁੰਚਣ ਮੌਕੇ ਉਹਨਾਂ ਹਲਕੇ ਦੇ ਸਮੂਹ ਵੋਟਰਾਂ ਨੂੰ ਆਪਣੀ ਵੋਟ ਦਾ ਇਸਤੇਮਾਲ ਕਰਨ ਦੀ ਅਪੀਲ ਕੀਤੀ। ਵਿਧਾਇਕ ਉਗੋਕੇ ਨੇ ਕਿਹਾ ਕਿ ਸਭ ਲੋਕਤੰਤਰ ਵਿਚ ਹਰ ਯੋਗ ਵਿਅਕਤੀ ਨੂੰ ਚੋਣਾਂ ਵਿਚ ਖੜ੍ਹੇ ਹੋਣ ਦਾ ਹੱਕ ਹੈ ਅਤੇ ਵੋਟਾਂ ਦਾ ਅਮਲ ਸ਼ਾਂਤੀ ਪੂਰਵਕ ਤਰੀਕੇ ਨਾਲ ਜਾਰੀ ਹੈ। ਰੋਹਿਤ ਗੋਇਲ/ਪੱਖੋ ਕੈਂਚੀਆਂ
--------------------------------------------------------------------------------------------------------------------------
ਕੈਬਨਿਟ ਰੈਂਕ ਪ੍ਰਾਪਤ ਹਲਕਾ ਵਿਧਾਇਕ ਬੀਬਾ ਬਲਜਿੰਦਰ ਕੌਰ ਪਰਿਵਾਰ ਸਮੇਤ ਵੋਟ ਪਾਉਣ ਪੁੱਜੇ
ਪੰਚਾਇਤੀ ਚੋਣਾਂ ਚ ਅੱਜ ਜਿੱਥੇ ਆਮ ਲੋਕਾਂ ’ਚ ਵੋਟਾਂ ਪਾਉਣ ਨੂੰ ਲੈਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਓਥੇ ਵੱਡੇ ਸਿਆਸੀ ਆਗੂ ਵੀ ਆਪਣੀ ਵੋਟ ਪਾਉਂਦੇ ਦਿਖਾਈ ਦਿੱਤੇ ਇਸੇ ਲੜੀ ਤਹਿਤ ਕੈਬਨਿਟ ਰੈਂਕ ਪ੍ਰਾਪਤ ਹਲਕਾ ਵਿਧਾਇਕਾ ਬੀਬਾ ਬਲਜਿੰਦਰ ਕੌਰ ਨੇ ਆਪਣੇ ਮਾਤਾ, ਪਿਤਾ ਅਤੇ ਸਮੁੱਚੇ ਪਰਿਵਾਰ ਸਮੇਤ ਪਿੰਡ ਜਗਾ ਰਾਮ ਤੀਰਥ ਦੇ ਪੋਲਿੰਗ ਬੂਥ ਤੇ ਵੋਟ ਪਾਈ। ਓਹਨਾਂ ਗੱਲਬਾਤ ਦੌਰਾਨ ਦਾਅਵਾ ਕੀਤਾ ਪੰਜਾਬ ਚ ਅਮਨ ਸ਼ਾਂਤੀ ਨਾਲ ਸਮੁੱਚੀ ਚੋਣ ਪ੍ਰੀਕ੍ਰਿਆ ਚੱਲ ਰਹੀ ਹੈ। ਜਗਜੀਤ ਸਿੰਘ ਸਿੱਧੂ/ਤਲਵੰਡੀ ਸਾਬੋ
ਕਟਾਰੂਚੱਕ ਦੀ ਪਤਨੀ ਨੇ ਸਰਪੰਚੀ ਦੀ ਚੋਣ ਜਿੱਤੀ
ਪਿੰਡ ਕਟਾਰੂਚੱਕ ਵਿੱਚ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਪਤਨੀ ਉਰਮਿਲਾ ਦੇਵੀ ਨੇ ਸਰਪੰਚੀ ਦੀ ਚੋਣ ਲੜੀ। ਉਨ੍ਹਾਂ ਨੇ 197 ਵੋਟਾਂ ਦੇ ਫਰਕ ਨਾਲ ਵਿਰੋਧੀ ਉਮੀਦਵਾਰ ਸਾਵਨ ਕੁਮਾਰ ਨੂੰ ਹਰਾਇਆ। ਮੰਤਰੀ ਦੀ ਪਤਨੀ ਉਰਮਿਲਾ ਦੇਵੀ ਨੂੰ 372 ਵੋਟਾਂ ਮਿਲੀਆਂ, ਜਦਕਿ ਵਿਰੋਧੀ ਉਮੀਦਵਾਰ ਨੂੰ 175 ਵੋਟਾਂ ਮਿਲੀਆਂ ਅਤੇ ਨੋਟਾ ਨੂੰ 19 ਵੋਟਾਂ ਮਿਲੀਆਂ। ਜ਼ਿਕਰਯੋਗ ਹੈ ਕਿ ਮੰਤਰੀ ਦੀ ਪਤਨੀ ਉਰਮਿਲਾ ਦੇਵੀ ਪਿਛਲੇ 25 ਸਾਲਾਂ ਤੋਂ ਪਿੰਡ ਦੀ ਲਗਾਤਾਰ ਸਰਪੰਚ ਬਣਦੀ ਆ ਰਹੀ ਹੈ। ਲਾਲ ਚੰਦ ਕਟਾਰੂਚੱਕ ਵੀ ਇਸ ਪਿੰਡ ਤੋਂ ਇੱਕ ਵਾਰ ਸਰਪੰਚੀ ਦੀ ਚੋਣ ਜਿੱਤ ਚੁੱਕੇ ਹਨ। ਇਸ ਮੌਕੇ ਮੰਤਰੀ ਅਤੇ ਉਸ ਦੀ ਪਤਨੀ ਨੇ ਸਮੂਹ ਵੋਟਰਾਂ ਦਾ ਧੰਨਵਾਦ ਕੀਤਾ ਹੈ। -ਐੱਨਪੀ ਧਵਨ/ਪਠਾਨਕੋਟ
ਦੋ ਪਿੰਡਾਂ ’ਚ ਹਾਕਮ ਧਿਰ ਦੇ ਵਿਧਾਇਕਾਂ ਦਾ ਘਿਰਾਓ
ਮੋਗਾ ਜ਼ਿਲ੍ਹੇ ਵਿਚ ਅੱਜ ਪੰਚਾਇਤ ਚੋਣਾਂ ਦਰਮਿਆਨ ਕਈ ਥਾਈਂ ਹਿੰਸਾ ਹੋਈ। ਮੋਗਾ ਸ਼ਹਿਰੀ ਹਲਕੇ ਤੋਂ ਹਾਕਮ ਧਿਰ ਦੀ ਵਿਧਾਇਕਾ ਦਾ ਪਿੰਡ ਮੱਲੀਆਂ ਵਾਲਾ ਅਤੇ ਹਲਕਾ ਧਰਮਕੋਟ ਤੋਂ ਵਿਧਾਇਕ ਦਾ ਪਿੰਡ ਮਸੀਤਾਂ ਵਿਚ ਲੋਕਾਂ ਨੇ ਘਿਰਾਓ ਕੀਤਾ। ਇਸ ਮੌਕੇ ਲੋਕਾਂ ਵੱਲੋਂ ਵਿਧਾਇਕਾਂ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਪਿੰਡ ਮੰਗੇਵਾਲਾ ਵਿਚ ਵੋਟਾਂ ਦੌਰਾਨ ਪੱਥਰਬਾਜ਼ੀ ਹੋਣ ਕਾਰਨ ਦੋ ਵਿਅਕਤੀ ਜਖ਼ਮੀ ਹੋ ਗਏ ਅਤੇ ਭੀੜ ਨੂੰ ਖਿੰਡਾਉਣ ਲਈ ਪੁਲੀਸ ਨੂੰ ਹਵਾ ’ਚ ਗੋਲੀ ਚਲਾਉਣੀ ਪਈ। ਇਸ ਤੋਂ ਇਲਾਵਾ ਬਲਾਕ ਕੋਟ ਈਸੇ ਖਾਂ ਦੇ ਪਿੰਡਾਂ ਮਸੀਤਾਂ ’ਚ ਪੱਥਰਬਾਜ਼ੀ ਕਾਰਨ ਤਣਾਅ ਵੱਧ ਗਿਆ। ਥਾਣਾ ਬਾਘਾਪੁਰਾਣਾ ਅਧੀਨ ਆਉਂਦੇ ਪਿੰਡ ਕੋਟਲਾ ਮੇਹਰ ਸਿੰਘ ਵਾਲਾ ’ਚ ਗੋਲੀ ਚੱਲਣ ਦੀ ਘਟਨਾ ਵਾਪਰੀ। ਥਾਣਾ ਬਾਘਾਪੁਰਾਣਾ ਅਧੀਨ ਪਿੰਡ ਕੋਟਲਾ ਮੇਹਰ ਸਿੰਘ ਵਾਲਾ ਵਿਚ ਪੋਲਿੰਗ ਖ਼ਤਮ ਹੋਣ ਮੌਕੇ ਗੋਲੀਆਂ ਚੱਲੀਆਂ। ਪਿੰਡ ਵਾਸੀਆਂ ਮੁਤਾਬਕ ਤਿੰਨ ਵਾਹਨਾਂ ਵਿਚ ਆਏ ਹਮਲਾਵਰਾਂ ਨੇ ਭੀੜ ਉੱਤੇ ਗੋਲੀ ਚਲਾ ਦਿੱਤੀ ਤੇ ਫ਼ਰਾਰ ਹੋ ਗਏ। ਇਸ ਮੌਕੇ ਗੋਲੀ ਲੱਗਣ ਨਾਲ ਜ਼ਖ਼ਮੀ ਹੋਏ ਗੁਰਚਰਨ ਸਿੰਘ ਨੂੰ ਡਾਕਟਰਾਂ ਨੇ ਲੁਧਿਆਣਾ ਰੈਫ਼ਰ ਕਰ ਦਿੱਤਾ ਹੈ ਅਤੇ ਦੂਜੇ ਜਖ਼ਮੀ ਬਲਦੇਵ ਸਿੰਘ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾਂਦੀ ਹੈ। ਐੱਸਐੱਸਪੀ ਅਜੈ ਗਾਂਧੀ ਨੇ ਕਿਹਾ ਕਿ ਉਹ ਮਾਮਲੇ ਦੀ ਪੜਤਾਲ ਕਰ ਰਹੇ ਹਨ। -ਮਹਿੰਦਰ ਸਿੰਘ ਰੱਤੀਆਂ/ ਮੋਗਾ
ਪਿੰਡ ਲਖਮੀਰ ਕੇ ਉਤਾੜ ਦੀ ਚੋਣ ਮੁਲਤਵੀ
ਬਲਾਕ ਮਮਦੋਟ ਅਧੀਨ ਪੈਂਦੇ ਪਿੰਡ ਲਖਮੀਰ ਕੇ ਉਤਾੜ ਦੀਆਂ 441 ਵੋਟਾਂ ਕੱਟੇ ਜਾਣ ਦੇ ਵਿਰੋਧ ਵਿੱਚ ਪਿੰਡ ਵਾਸੀਆਂ ਵੱਲੋਂ ਧਰਨਾ ਲਗਾਇਆ ਗਿਆ ਸੀ। ਪ੍ਰਸ਼ਾਸਨ ਵੱਲੋਂ ਧਰਨਾ ਚੁਕਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਸਫ਼ਲ ਨਾ ਹੋ ਸਕਿਆ। ਅੱਜ ਧਰਨਾਕਾਰੀਆਂ ਦੀ ਮੰਗ ਅੱਗੇ ਝੁਕਦੇ ਹੋਏ ਐੱਸਡੀਐੱਮ ਗੁਰੂ ਹਰਸਹਾਇ ਵੱਲੋਂ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਗਈ ਅਤੇ ਪੰਚਾਇਤ ਚੋਣ ਮੁਲਤਵੀ ਕਰ ਦਿੱਤੀ ਗਈ। -ਜਸਵੰਤ ਥਿੰਦ/ਮਮਦੋਟ