For the best experience, open
https://m.punjabitribuneonline.com
on your mobile browser.
Advertisement

ਪਿੰਡ ਮਾਹਲਾ ਕਲਾਂ ਕੈਂਸਰ ਦੀ ਲਪੇਟ ਵਿੱਚ ਆਇਆ

07:48 AM Sep 27, 2024 IST
ਪਿੰਡ ਮਾਹਲਾ ਕਲਾਂ ਕੈਂਸਰ ਦੀ ਲਪੇਟ ਵਿੱਚ ਆਇਆ
ਮਾਹਲਾ ਕਲਾਂ ਵਿੱਚ ਦੂਸ਼ਿਤ ਪਾਣੀ ਬਾਰੇ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀ।
Advertisement

ਮਹਿੰਦਰ ਸਿੰਘ ਰੱਤੀਆਂ
ਮੋਗਾ, 26 ਸਤੰਬਰ
ਮਾਲਵਾ ਖੇਤਰ ’ਚ ਕੈਂਸਰ ਵਰਗੀਆਂ ਬਿਮਾਰੀਆਂ ਤੋਂ ਲੋਕ ਬੇਹੱਦ ਦੁਖੀ ਹਨ। ਭਾਵੇਂ ਇਨ੍ਹਾਂ ਬਿਮਾਰੀਆਂ ਦਾ ਕਾਰਨ ਪ੍ਰਦੂਸ਼ਿਤ ਪਾਣੀ ਤੇ ਕੀਟਨਾਸ਼ਕਾਂ ਨੂੰ ਮੰਨਿਆ ਜਾ ਰਿਹਾ ਹੈ ਪਰ ਹਰ ਇਕ ਖੋਜ ਸੰਸਥਾ ਕੈਂਸਰ ਦੇ ਕਾਰਨਾਂ ਦਾ ਪਤਾ ਲਗਾਉਣ ’ਚ ਨਾਕਾਮ ਰਹੀ ਹੈ।
ਪਿੰਡ ਮਾਹਲਾ ਕਲਾਂ ਦੇ ਵਾਸੀ ਪਿੰਡ ’ਚ ਅੱਠ ਦਹਾਕੇ ਪੁਰਾਣੇ ਛੱਪੜ ’ਚ ਖੜ੍ਹੇ ਗੰਦੇ ਪਾਣੀ ਅਤੇ ਧਰਤੀ ਹੇਠੋਂ ਨਿਕਲ ਰਹੇ ਦੂਸ਼ਿਤ ਪਾਣੀ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ’ਚ ਵਾਧੇ ਦਾ ਦਾਅਵਾ ਕਰ ਰਹੇ ਹਨ। ਪਿੰਡ ਵਾਸੀਆਂ ਅਨੁਸਾਰ ਕੈਂਸਰ ਤੇ ਹੋਰ ਬਿਮਾਰੀਆਂ ਕਾਰਨ ਦੋ ਸਾਲਾਂ ’ਚ ਲਗਪਗ 24 ਮੌਤਾਂ ਹੋਣ ਤੋਂ ਇਲਾਵਾ ਹਰ ਤੀਜੇ ਘਰ ਵਿੱਚ ਕਿਸੇ ਨਾਂ ਕਿਸੇ ਭਿਆਨਕ ਬਿਮਾਰੀ ਦਾ ਸ਼ਿਕਾਰ ਮੈਂਬਰ ਪਿਆ ਹੈ। ਉਹ 6 ਮਹੀਨੇ ਤੋਂ ਧਰਨੇ ’ਤੇ ਬੈਠੇ ਕੈਂਸਰ ਵਰਗੀ ਭਿਆਨਕ ਬਿਮਾਰੀ ਫੈਲਣ ਦਾ ਰੌਲਾ ਪਾ ਰਹੇ ਹਨ ਪਰ ਕਿਸੇ ਵੀ ਸਿਆਸੀ ਪਾਰਟੀ ਦੇ ਆਗੂ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ ਅਤੇ ਨਾ ਹੀ ਸਿਹਤ ਵਿਭਾਗ ਨੇ ਕੋਈ ਧਿਆਨ ਦਿੱਤਾ।
ਅਕਾਲੀ ਦਲ ਦੇ ਬਾਘਾਪੁਰਾਣਾ ਹਲਕੇ ਤੋਂ ਇੰਚਾਰਜ ਤੀਰਥ ਸਿੰਘ ਇਸ ਪਿੰਡ ਦੇ ਵਸਨੀਕ ਹਨ। ਇਹ ਪਿੰਡ ਸਾਲ 1962 ਦੀ ਚੀਨ ਜੰਗ ’ਚ ਦੁਸ਼ਮਣਾਂ ਦੇ ਛੱਕੇ ਛੁਡਾਉਣ ਵਾਲੇ ਯੋਧੇ ਪਰਮਵੀਰ ਚੱਕਰ ਵਿਜੇਤਾ ਸੂਬੇਦਾਰ ਜੋਗਿੰਦਰ ਸਿੰਘ ਦਾ ਪਿੰਡ ਹੋਣ ਦਾ ਮਾਣ ਵੀ ਰੱਖਦਾ ਹੈ।
ਪਿੰਡ ਵਾਸੀ ਨਿਰੰਜਨ ਸਿੰਘ ਗਿੱਲ, ਬਲਦੇਵ ਪੰਡਿਤ, ਦੇਵ ਗਿੱਲ, ਗੁੱਗਾ ਪਰਜਾਪਤ ਤੇ ਜਗਰੂਪ ਸਿੰਘ ਗਿੱਲ ਸਣੇ ਹੋਰਾਂ ਨੇ ਕਿਹਾ ਕਿ ਇਸ ਵਾਰ ਪੰਚਾਇਤੀ ਚੋਣਾਂ ’ਚ ਵੀ ਉਹ ਉਸ ਪਾਰਟੀ ਦਾ ਸਾਥ ਦੇਣਗੇ ਜੋ ਉਨ੍ਹਾਂ ਦੀ ਸਮੱਸਿਆ ਦਾ ਹੱਲ ਕਰੇਗਾ। ਪਿੰਡ ਵਾਸੀ ਬਲਦੇਵ ਸਿੰਘ ਅਨੁਸਾਰ ਉਹ ਇੱਕੋ ਸਾਲ ’ਚ ਦੋ ਭਰਾਵਾਂ ਨੂੰ ਗੁਆ ਚੁੱਕਾ ਹੈ। ਜਸਵੀਰ ਸਿੰਘ ਮੁਤਾਬਕ ਉਸ ਦੀ ਪਤਨੀ ਦੀ ਕੈਂਸਰ ਨਾਲ ਮੌਤ ਹੋ ਚੁੱਕੀ ਹੈ। ਧਰਨੇ ’ਤੇ ਬੈਠੇ ਗੁਰਮੀਤ ਸਿੰਘ ਨੇ ਦੱਸਿਆ ਕਿ ਛੱਪੜ ਦਾ ਗੰਦਾ ਪਾਣੀ ਘਰਾਂ ’ਚ ਵੜ ਜਾਂਦਾ ਹੈ। ਛੱਪੜ ਦੀ ਕਦੇ ਸਫਾਈ ਨਹੀਂ ਹੋਈ ਅਤੇ ਨਾ ਹੀ ਗੰਦੇ ਪਾਣੀ ਲਈ ਕੋਈ ਨਿਕਾਸ ਹੈ, ਜਿਸ ਕਾਰਨ ਛੱਪੜ ਦੇ ਪਾਣੀ ਨੇ ਹੁਣ ਧਰਤੀ ਹੇਠਲੇ ਪਾਣੀ ਨੂੰ ਵੀ ਦੂਸ਼ਿਤ ਕਰ ਦਿੱਤਾ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ਦੇ ਪਿੰਡ ਵਿੱਚ ਕੈਂਸਰ ਵਰਗੀ ਬਿਮਾਰੀ ਫੈਲ ਗਈ ਹੈ। 6 ਹਜ਼ਾਰ ਦੀ ਆਬਾਦੀ ਵਾਲੇ ਪਿੰਡ ਵਿੱਚ 2 ਸਾਲਾਂ ਵਿੱਚ 2 ਦਰਜਨ ਮੌਤਾਂ ਹੋਈਆਂ ਹਨ। ਨਿਰੰਜਨ ਸਿੰਘ ਗਿੱਲ ਤੇ ਬਲਦੇਵ ਸਿੰਘ ਦੱਸਿਆ ਕਿ ਥਾਪਰ ਸਿਸਟਮ ਤਹਿਤ ਛੱਪੜ ਲਈ ਕੇਂਦਰ ਸਰਕਾਰ ਤੋਂ 32 ਲੱਖ ਰੁਪਏ ਦੀ ਗਰਾਂਟ ਆਈ ਨੂੰ ਕਰੀਬ ਦੋ ਸਾਲ ਹੋ ਗਏ ਹਨ ਪਰ ਸਿਆਸੀ ਖਹਿਬਾਜ਼ੀ ਕਾਰਨ ਕੰਮ ਸ਼ੁਰੂ ਨਹੀਂ ਹੋ ਰਿਹਾ।

Advertisement

ਮੇਰੇ ਧਿਆਨ ਵਿੱਚ ਨਹੀਂ ਮਾਮਲਾ: ਸਿਵਲ ਸਰਜਨ

ਜ਼ਿਲ੍ਹਾ ਪਰਿਵਾਰ ਤੇ ਭਲਾਈ ਅਫ਼ਸਰ ਕਮ ਕਾਰਜਕਾਰੀ ਸਿਵਲ ਸਰਜਨ ਡਾ. ਰਿਤੂ ਜੈਨ ਨੇ ਕਿਹਾ ਕਿ ਮਾਮਾਲਾ ਉਨ੍ਹਾਂ ਦੇ ਧਿਆਨ ’ਚ ਨਹੀਂ ਉਹ ਐੱਸਐੱਮਓ ਬਾਘਾਪੁਰਾਣਾ ਤੋਂ ਰਿਪੋਰਟ ਹਾਸਲ ਕਰਨਗੇ। ਉਨ੍ਹਾਂ ਕਿਹਾ ਕਿ ਗੰਦੇ ਪਾਣੀ ਜਾਂ ਯੂਰੇਨਿਅਮ ਕੈਂਸਰ ਦਾ ਕਾਰਨ ਹੋ ਸਕਦਾ ਹੈ ਜਾਂ ਨਹੀਂ ਇਸ ਬਾਰ ਕੋਈ ਪੁਖ਼ਤਾ ਖੋਜ ਨਹੀਂ ਹੋਈ।

Advertisement

Advertisement
Author Image

sukhwinder singh

View all posts

Advertisement