ਦਿਹਾਤੀ ਮਜ਼ਦੂਰ ਸਭਾ ਵੱਲੋਂ ਪਿੰਡ ਪੱਧਰੀ ਇਕਾਈ ਕਾਇਮ
ਪੱਤਰ ਪ੍ਰੇਰਕ
ਤਰਨ ਤਾਰਨ, 3 ਨਵੰਬਰ
ਦਿਹਾਤੀ ਮਜ਼ਦੂਰ ਸਭਾ ਵੱਲੋਂ ਪਿੰਡ ਜਵੰਦਾ ਕਲਾਂ ਵਿੱਚ ਇੱਕ ਮੀਟਿੰਗ ਕਰ ਕੇ ਮਜ਼ਦੂਰ ਵਰਗ ਦੀਆਂ ਮੰਗਾਂ ’ਤੇ ਵਿਚਾਰ-ਚਰਚਾ ਕੀਤੀ| ਜਥੇਬੰਦੀ ਦੇ ਆਗੂ ਜੋਗਿੰਦਰ ਸਿੰਘ ਫ਼ੌਜੀ ਦੀ ਅਗਵਾਈ ਵਿੱਚ ਕੀਤੀ ਗਈ ਇਸ ਮੀਟਿੰਗ ਨੂੰ ਬਲਦੇਵ ਸਿੰਘ ਪੰਡੋਰੀ, ਸੁਖਦੇਵ ਸਿੰਘ ਜਵੰਦਾ ਕਲਾਂ, ਮੰਗਲ ਸਿੰਘ ਤੇ ਕਰਮ ਸਿੰਘ ਨੇ ਸੰਬੋਧਨ ਕੀਤਾ| ਬੁਲਾਰਿਆਂ ਨੇ ਕਿਹਾ ਕਿ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਅੱਜ ਵੱਡੇ ਪੱਧਰ ’ਤੇ ਬੇਰੁਜ਼ਗਾਰੀ, ਅਨਪੜ੍ਹਤਾ, ਲੁੱਟ-ਮਾਰ ਤੇ ਫਿਰੌਤੀਆਂ ਦੇ ਨਾਂ ’ਤੇ ਧਮਕੀਆਂ ਦੇਣ ਆਦਿ ਦਾ ਬੋਲਬਾਲਾ ਹੈ| ਉਨ੍ਹਾਂ ਸਰਕਾਰਾਂ ਦੀਆਂ ਗਰੀਬ ਮਾਰੂ ਨੀਤੀਆਂ ਖਿਲਾਫ਼ ਮਜ਼ਦੂਰ ਜਮਾਤ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣ ਦਾ ਸੱਦਾ ਦਿੱਤਾ|
ਇਸ ਦੌਰਾਨ ਜਥੇਬੰਦੀ ਦੇ ਅਹੁਦੇਦਾਰਾਂ ਦੀ ਕੀਤੀ ਗਈ ਚੋਣ ਦੌਰਾਨ ਜੋਗਿੰਦਰ ਸਿੰਘ ਫ਼ੌਜੀ ਨੂੰ ਪ੍ਰਧਾਨ, ਬਲਵਿੰਦਰ ਸਿੰਘ ਨੰਬਰਦਾਰ ਨੂੰ ਸਕੱਤਰ, ਸੱਜਣ ਸਿੰਘ ਨੂੰ ਮੀਤ ਪ੍ਰਧਾਨ, ਸੁਰਜੀਤ ਸਿੰਘ ਨੂੰ ਸੰਯੁਕਤ ਸਕੱਤਰ ਅਤੇ ਸਵਿੰਦਰ ਸਿੰਘ ਨੂੰ ਪ੍ਰਚਾਰ ਸਕੱਤਰ ਚੁਣਿਆ ਗਿਆ| ਆਗੂਆਂ ਨੇ ਇਲਾਕੇ ਅੰਦਰ ਜਥੇਬੰਦੀ ਦੀਆਂ ਇਕਾਈਆਂ ਦਾ ਗਠਨ ਕਰਨ ਦਾ ਵੀ ਨਿਰਣਾ ਲਿਆ|