ਪਿੰਡਾਂ ਦਾ ਵਿਕਾਸ ਜੰਗੀ ਪੱਧਰ ’ਤੇ ਜਾਰੀ: ਨੀਨਾ ਮਿੱਤਲ
ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 8 ਜਨਵਰੀ
ਹਲਕਾ ਰਾਜਪੁਰਾ ਦੀ ਵਿਧਾਇਕਾ ਨੀਨਾ ਮਿੱਤਲ ਨੇ ਹਲਕੇ ਦੇ ਲਗਪਗ ਇਕ ਦਰਜਨ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਗਰਾਂਟਾਂ ਦੇ ਚੈੱਕ ਵੰਡੇ। ਇਸ ਦੌਰਾਨ ਵਿਧਾਇਕਾ ਨੇ ਪਿੰਡ ਖਰਾਜਪੁਰ ਦੀ ਪੰਚਾਇਤ ਦੀ ਮੰਗ ’ਤੇ ਪਿੰਡ ਵਿੱਚ ਵਾਟਰ ਸਪਲਾਈ ਲਈ 10 ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ। ਇਸੇ ਤਰ੍ਹਾਂ ਵਿਧਾਇਕਾ ਨੇ ਗ੍ਰਾਮ ਪੰਚਾਇਤਾਂ ਨੂੰ ਕੈਟਲ ਫੇਅਰ ਸਕੀਮ ਤਹਿਤ ਪਿੰਡ ਖਲੋਰ, ਰਾਮਪੁਰ ਖ਼ੁਰਦ, ਗੁਰਦਿੱਤਪੁਰਾ, ਮਨੌਲੀ ਸੂਰਤ, ਖਾਸਪੁਰ ਤੇ ਚੰਦੂਮਾਜਰਾ ਦੀ ਪੰਚਾਇਤ ਨੂੰ 75-75 ਹਜ਼ਾਰ ਰੁਪਏ ਦੇ ਚੈੱਕ ਵੰਡੇ। ਇਸ ਮੌਕੇ ਉਨ੍ਹਾਂ ਗ੍ਰਾਮ ਪੰਚਾਇਤ ਗੱਦੋ ਮਾਜਰਾ ਨੂੰ ਗਲੀਆਂ-ਨਾਲੀਆਂ ਲਈ 7 ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ। ਵਿਧਾਇਕਾ ਮਿੱਤਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਨੂੰ ਸ਼ਹਿਰੀ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਵੱਡੀ ਪੱਧਰ ’ਤੇ ਵਿਕਾਸ ਕਾਰਜਾਂ ਲਈ ਗਰਾਂਟਾਂ ਤਕਸੀਮ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹਲਕਾ ਰਾਜਪੁਰਾ ਵਿੱਚ ਵਿਕਾਸ ਕਾਰਜਾਂ ਨੂੰ ਜੰਗੀ ਪੱਧਰ ’ਤੇ ਕਰਵਾਇਆ ਜਾਵੇਗਾ। ਵਿਧਾਇਕਾ ਨੇ ਸਮੂਹ ਪੰਚਾਇਤਾਂ ਨੂੰ ਸੱਦਾ ਦਿੱਤਾ ਕਿ ਉਹ ਪੂਰੀ ਇਮਾਨਦਾਰੀ ਤੇ ਨਿਗਰਾਨੀ ਨਾਲ ਇਨ੍ਹਾਂ ਫੰਡਾਂ ਦੀ ਵਰਤੋਂ ਕਰਨ ਅਤੇ ਕੰਮ ਦੀ ਗੁਣਵੱਤਾ ਵੱਲ ਵੀ ਵਿਸ਼ੇਸ਼ ਧਿਆਨ ਦੇਣ। ਉਨ੍ਹਾਂ ਵਿਭਾਗੀ ਅਧਿਕਾਰੀਆਂ ਨੂੰ ਵੀ ਕਿਹਾ ਕਿ ਉਹ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਜਾ ਰਹੇ ਫੰਡਾਂ ਨਾਲ ਕੰਮ ਸਮੇਂ ਸਿਰ ਮੁਕੰਮਲ ਕਰਨ ਨੂੰ ਯਕੀਨੀ ਬਣਾਉਣ। ਇਸ ਮੌਕੇ ਅਮਰਿੰਦਰ ਸਿੰਘ ਮੀਰੀ, ਬਲਾਕ ਪ੍ਰਧਾਨ ਜਗਦੀਪ ਸਿੰਘ ਅਲੂਣਾ, ਬਲਾਕ ਪ੍ਰਧਾਨ ਮੇਜਰ ਸਿੰਘ ਬਖਸ਼ੀਵਾਲਾ, ਧਨਵੰਤ ਸਿੰਘ, ਬਲਾਕ ਪ੍ਰਧਾਨ ਜਸਵਿੰਦਰ ਸਿੰਘ ਲਾਲਾ, ਸਰਪੰਚ ਜਸਵੰਤ ਸਿੰਘ ਨੈਣਾ, ਸਰਪੰਚ ਜਲਿੰਦਰ ਸਿੰਘ ਮਨੋਲੀ ਸੂਰਤ ਤੇ ਹਰਜੀਤ ਸਿੰਘ ਆਦਿ ਹਾਜ਼ਰ ਸਨ।