‘ਵਿਕਸਿਤ ਭਾਰਤ ਸੰਕਲਪ ਯਾਤਰਾ’ ਅੱਜ ਹੋਵੇਗੀ ਰਵਾਨਾ
ਪੱਤਰ ਪ੍ਰੇਰਕ
ਜਲੰਧਰ, 27 ਨਵੰਬਰ
ਕੇਂਦਰ ਸਰਕਾਰ ਦੀਆਂ ਕਈ ਭਲਾਈ ਸਕੀਮਾਂ ਅਧੀਨ ਵੱਧ ਤੋਂ ਵੱਧ ਲਾਭਪਾਤਰੀਆਂ ਨੂੰ ਲਾਭ ਪਹੁੰਚਾਉਣ ਲਈ ਅਤੇ ਉਨ੍ਹਾਂ ਨਾਲ ਸਿੱਧਾ ਸੰਪਰਕ ਕਰਨ ਲਈ ਜਲੰਧਰ ਦਿਹਾਤੀ ਖੇਤਰ ਵਿੱਚ 28 ਨਵੰਬਰ ਤੋਂ ਵਿਕਸਿਤ ਭਾਰਤ ਸੰਕਲਪ ਯਾਤਰਾ ਆਰੰਭ ਕੀਤੀ ਜਾ ਰਹੀ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਯਾਤਰਾ ਨੂੰ ਸਫ਼ਲ ਬਣਾਉਣ ਲਈ ਪਹਿਲਾਂ ਹੀ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਕੇਂਦਰ ਸਰਕਾਰ ਦੀਆਂ ਕਈ ਭਲਾਈ ਸਕੀਮਾਂ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਵੈਨ ਵਿੱਚ ਸੂਚਨਾ, ਸਿੱਖਿਆ ਅਤੇ ਸੰਚਾਰ ਸਬੰਧੀ ਜਾਗਰੂਕਤਾ ਸਮੱਗਰੀ ਜਿਵੇਂ ਪੈਂਫਲੈਟ, ਬੁੱਕਲੈਟ ਆਦਿ ਮੌਜੂਦ ਹੋਣਗੇ, ਜਿਨ੍ਹਾਂ ਰਾਹੀਂ ਪਹਿਲਾਂ ਨਿਰਧਾਰਿਤ ਰੂਟ ਅਨੁਸਾਰ ਜ਼ਿਲ੍ਹੇ ਦੀਆਂ ਵੱਖ-ਵੱਖ ਥਾਵਾਂ ’ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਵੈਨ ਵਿੱਚ ਸਾਊਂਡ ਸਿਸਟਮ ਅਤੇ ਡਿਜੀਟਲ ਐੱਲ.ਈ.ਡੀ. ਹੋਵੇਗੀ, ਜਿਸ ਰਾਹੀਂ ਪ੍ਰਧਾਨ ਮੰਤਰੀ ਦੇ ਸੰਬੋਧਨ, ਲਾਭਪਾਤਰੀਆਂ ਦੀਆਂ ਵੀਡੀਓਜ਼ ਅਤੇ ਕੁਝ ਜਾਗਰੂਕਤਾ ਵਾਲੀਆਂ ਛੋਟੀਆਂ ਫਿਲਮਾਂ ਦਿਖਾਈਆਂ ਜਾਣਗੀਆਂ। ਵੈਨ ਨੂੰ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਵਲੋਂ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਤੋਂ ਰਸਮੀ ਤੌਰ ’ਤੇ ਝੰਡੀ ਦਿਖਾ ਕੇ ਰਵਾਨਾ ਕੀਤਾ ਜਾਵੇਗਾ।