‘ਵਿਕਸਿਤ ਭਾਰਤ ਸੰਕਲਪ ਯਾਤਰਾ’ ਪਿੰਡ ਬਲੌਂਗੀ ਪੁੱਜੀ
ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 16 ਦਸੰਬਰ
ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਵਿਕਸਿਤ ਭਾਰਤ ਸੰਕਲਪ ਯਾਤਰਾ’ ਪਿੰਡ ਬਲੌਂਗੀ ਪਹੁੰਚਣ ’ਤੇ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸ਼ੇਖਾਵਤ ਅਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ ਦੀ ਅਗਵਾਈ ਹੇਠ ਵਰਕਰਾਂ ਨੇ ਸਵਾਗਤ ਕੀਤਾ। ਸਮਾਗਮ ਦੌਰਾਨ ਸ੍ਰੀ ਸ਼ੇਖਾਵਤ ਨੇ ਕਿਹਾ ਕਿ ਸਰਕਾਰੀ ਸਹੂਲਤਾਂ ਤੋਂ ਵਾਂਝੇ ਨਾਗਰਿਕਾਂ ਲਈ ਵਿਕਸਿਤ ਭਾਰਤ ਸੰਕਲਪ ਯਾਤਰਾ ਸ਼ੁਰੂ ਕੀਤੀ ਗਈ ਹੈ।
ਉਨ੍ਹਾਂ ਯਾਤਰਾ ਦੌਰਾਨ ਵੱਖ-ਵੱਖ ਸਕੀਮਾਂ ਦੇ ਸਟਾਲਾਂ ਦਾ ਦੌਰਾ ਕਰ ਕੇ ਨਿਰੀਖਣ ਕੀਤਾ ਅਤੇ ਸਕੀਮਾਂ ਦਾ ਲਾਭ ਲੈਣ ਪਹੁੰਚੇ ਲੋਕਾਂ ਨਾਲ ਸਿੱਧੀ ਗੱਲਬਾਤ ਕੀਤੀ। ਉਨ੍ਹਾਂ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਅਤੇ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ, ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ, ਜਨਰਲ ਸਕੱਤਰ ਰਾਕੇਸ਼ ਰਠੌਰ, ਸੀਨੀਅਰ ਆਗੂ ਸੁਖਵਿੰਦਰ ਗੋਲਡੀ, ਸਾਬਕਾ ਮੰਤਰੀ ਤੀਕਸ਼ਨ ਸੂਦ, ਦਰਸ਼ਨ ਸਿੰਘ ਸ਼ਿਵਜੋਤ, ਕਮਲਦੀਪ ਸੈਣੀ ਅਤੇ ਹੋਰ ਪਤਵੰਤੇ ਮੌਜੂਦ ਸਨ।
ਕੇਂਦਰੀ ਮੰਤਰੀ ਵੱਲੋਂ ਪਿੰਡ ਘਨੌਲਾ ਵਿੱਚ ਲਾਏ ਕੈਂਪ ਵਿੱਚ ਸ਼ਿਰਕਤ
ਰੂਪਨਗਰ: ਇੱਥੇ ਪਿੰਡ ਘਨੌਲਾ ਵਿੱਚ ਵਿਕਸਿਤ ਭਾਰਤ ਸੰਕਲਪ ਯਾਤਰਾ ਅਧੀਨ ਲਗਾਏ ਕੈਂਪ ਦਾ ਜਾਇਜ਼ਾ ਲੈਣ ਲਈ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸ਼ੇਖਾਵਤ ਪੁੱਜੇ। ਇਸ ਮੌਕੇ ਉਨ੍ਹਾਂ ਵੱਖ-ਵੱਖ ਸਕੀਮਾਂ ਦੇ ਲਾਭਪਾਤਰੀਆਂ ਨਾਲ ਮੁਲਾਕਾਤ ਕਰਨ ਉਪਰੰਤ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਨੂੰ ਵਿਕਸਿਤ ਅਤੇ ਆਤਮ-ਨਿਰਭਰ ਬਣਾਉਣ ਲਈ ਸਿਰਤੋੜ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪ੍ਰਧਾਨ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ। ਉਨ੍ਹਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਉਹ ਕੇਂਦਰ ਸਰਕਾਰ ਦੀਆਂ ਭਲਾਈ ਸਕੀਮਾਂ ਦੀ ਆਮ ਲੋਕਾਂ ਤੱਕ ਪਹੁੰਚ ਨੂੰ ਯਕੀਨੀ ਬਣਾਉਣ। ਇਸ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ ਘਨੌਲਾ ਦੇ ਬੱਚਿਆਂ ਦੁਆਰਾ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਮਹਿਕਮਿਆਂ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ। -ਪੱਤਰ ਪ੍ਰੇਰਕ
ਮੁਹਾਲੀ ਦੇ ਕੌਮਾਂਤਰੀ ਏਅਰਪੋਰਟ ਤੋਂ ਕੈਨੇਡਾ ਲਈ ਉਡਾਣਾਂ ਸ਼ੁਰੂ ਕਰਨ ਦੀ ਮੰਗ
ਭਾਜਪਾ ਦੇ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਸੰਜੀਵ ਵਸ਼ਿਸ਼ਟ ਨੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਤੋਂ ਮੰਗ ਕੀਤੀ ਮੁਹਾਲੀ ਦੇ ਕੌਮਾਂਤਰੀ ਏਅਰਪੋਰਟ ਤੋਂ ਕੈਨੇਡਾ ਲਈ ਉਡਾਣਾਂ ਸ਼ੁਰੂ ਕੀਤੀਆਂ ਜਾਣ। ਇਸ ’ਤੇ ਸ੍ਰੀ ਸ਼ੇਖਾਵਤ ਨੇ ਭਰੋਸਾ ਦਿੱਤਾ ਕਿ ਇਸ ਸਬੰਧੀ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕੇਂਦਰੀ ਜਲ ਸ਼ਕਤੀ ਮੰਤਰੀ ਤੋਂ ਮੰਗ ਕੀਤੀ ਕਿ ਬਲੌਂਗੀ ’ਚੋਂ ਲੰਘਦੇ ਗੰਦੇ ਨਾਲਾ ਪੱਕਾ ਕਰਵਾਉਣ, ਪਿੰਡ ਵਿੱਚ ਸਾਫ਼ ਪੀਣ ਵਾਲਾ ਪਾਣੀ ਅਤੇ ਪਿੰਡ ਵਿੱਚ ਰਹਿੰਦੇ ਪ੍ਰਵਾਸੀਆਂ ਵੱਲੋਂ ਛਠ ਪੂਜਾ ਮਨਾਉਣ ਲਈ ਲੋੜੀਂਦੀ ਗਰਾਂਟ ਦੇਣ ਦੀ ਮੰਗ ਕੀਤੀ ਜਿਸ ’ਤੇਸ੍ਰੀ ਸ਼ੇਖਾਵਤ ਨੇ ਲੋੜੀਂਦੀ ਕਾਰਵਾਈ ਦਾ ਭਰੋਸਾ ਦਿੱਤਾ।