ਵਿਰੋਧੀ ਧਿਰ ਦੇ ਨੇਤਾ ਵਿਜੇਂਦਰ ਗੁਪਤਾ ਵੱਲੋਂ ਫਲਾਈਓਵਰ ਦਾ ਜਾਇਜ਼ਾ
ਕੁਲਵਿੰਦਰ ਕੌਰ ਦਿਓਲ
ਨਵੀਂ ਦਿੱਲੀ, 27 ਨਵੰਬਰ
ਦਿੱਲੀ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਵਿਜੇਂਦਰ ਗੁਪਤਾ ਨੇ ਅੱਜ ਭਾਜਪਾ ਵਿਧਾਇਕ ਜਤਿੰਦਰ ਮਹਾਜਨ ਨਾਲ ਮਿਲ ਕੇ ਨੱਥੂ ਕਲੋਨੀ ਚੌਕ ਸ਼ਾਹਦਰਾ ਵਿੱਚ ਬਣੇ ਫਲਾਈਓਵਰ ਦਾ ਨਿਰੀਖਣ ਕੀਤਾ। ਸ੍ਰੀ ਗੁਪਤਾ ਨੇ ਦਿੱਲੀ ਸਰਕਾਰ ’ਤੇ ਦੋਸ਼ ਲਗਾਇਆ ਹੈ ਕਿ ਸਰਕਾਰ ’ਚ ਭ੍ਰਿਸ਼ਟਾਚਾਰ ਕਾਰਨ ਦਿੱਲੀ ’ਚ ਡਰਾਈਵਰਾਂ ਨੂੰ ਫਲਾਈਓਵਰ ਤੋਂ ਲੰਘਣ ਲਈ ਆਪਣੀ ਜਾਨ ਖਤਰੇ ’ਚ ਪਾਉਣੀ ਪੈਂਦੀ ਹੈ। ਨਿਰੀਖਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਜੇਂਦਰ ਗੁਪਤਾ ਨੇ ਕਿਹਾ ਕਿ ਕੇਜਰੀਵਾਲ ਸਰਕਾਰ ਦੇ ਭ੍ਰਿਸ਼ਟਾਚਾਰ ਵਿੱਚ ਲਿਪਤ ਹੋਣ ਕਾਰਨ ਅੱਜ ਵਾਹਨ ਚਾਲਕ ਇਸ ਫਲਾਈਓਵਰ ਤੋਂ ਲੰਘਣ ਲਈ ਆਪਣੀ ਜਾਨ ਜੋਖਮ ਵਿੱਚ ਪਾਉਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ 2017 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਬਣਾਇਆ ਗਿਆ ਇਹ ਫਲਾਈਓਵਰ ਭ੍ਰਿਸ਼ਟਾਚਾਰ ਦਾ ਸ਼ਿਕਾਰ ਹੋ ਗਿਆ ਹੈ। ਭ੍ਰਿਸ਼ਟਾਚਾਰ ਕਾਰਨ ਫਲਾਈਓਵਰ ਦੀ ਉਸਾਰੀ ਦੀ ਗੁਣਵੱਤਾ ਨਾਲ ਸਮਝੌਤਾ ਕੀਤਾ ਗਿਆ ਅਤੇ ਲੋਕਾਂ ਦੀ ਜਾਨ ਖਤਰੇ ਵਿੱਚ ਪਾ ਦਿੱਤੀ ਗਈ। ਗੁਪਤਾ ਅਨੁਸਾਰ ਇਸ ਫਲਾਈਓਵਰ ਦਾ ਨਿਰਮਾਣ ਦਿੱਲੀ ਸਰਕਾਰ ਦੇ ਪੀਡਬਲਯੂਡੀ ਅਤੇ ਦਿੱਲੀ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ (ਡੀਟੀਡੀਸੀ) ਨੇ 2017 ਵਿੱਚ ਕੀਤਾ ਸੀ ਅਤੇ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਸੀ ਪਰ ਕੁਝ ਸਮੇਂ ਬਾਅਦ ਇਸ ਦੇ ਨਿਰਮਾਣ ਵਿੱਚ ਤਰੇੜਾਂ ਆਉਣ ਕਾਰਨ ਇਸ ਦੀਆਂ ਸਲੈਬਾਂ ਡਿੱਗਣੀਆਂ ਸ਼ੁਰੂ ਹੋ ਗਈਆਂ ਸਨ। ਇਸ ਕਾਰਨ ਭਾਰੀ ਵਾਹਨਾਂ ਦੇ ਇੱਥੋਂ ਲੰਘਣ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਅੱਜ ਇਸ ਪਾਬੰਦੀ ਨੂੰ 7 ਸਾਲ ਹੋ ਗਏ ਹਨ ਅਤੇ ਹੁਣ ਇਸ ਦੇ ਨਿਰਮਾਣ ਵਿੱਚ ਵਿੱਤੀ ਬੇਨਿਯਮੀਆਂ ਨੂੰ ਹਟਾਉਣ ਅਤੇ ਜਾਂਚ ਲਈ ਭਾਜਪਾ ਵਿਧਾਇਕ ਜਤਿੰਦਰ ਮਹਾਜਨ ਵੱਲੋਂ ਹਾਈ ਕੋਰਟ ਵਿੱਚ ਦਾਇਰ ਪਟੀਸ਼ਨ ਦੀ ਸੁਣਵਾਈ ਦੌਰਾਨ ਹਾਈਕੋਰਟ ਨੇ ਦਿੱਲੀ ਸਰਕਾਰ ਨੂੰ ਨਿਰਦੇਸ਼ ਵੀ ਦਿੱਤੇ ਸਨ।
ਗੁਪਤਾ ਨੇ ਕਿਹਾ ਕਿ ਇਸ ਤੋਂ ਵੱਡੀ ਸ਼ਰਮਨਾਕ ਗੱਲ ਕੀ ਹੋ ਸਕਦੀ ਹੈ ਕਿ ਹਾਈ ਕੋਰਟ ਨੇ ਆਮ ਆਦਮੀ ਪਾਰਟੀ ਦੇ ਭ੍ਰਿਸ਼ਟਾਚਾਰ ’ਤੇ ਅਸਿੱਧੇ ਤੌਰ ’ਤੇ ਟਿੱਪਣੀ ਕੀਤੀ ਹੈ। ਸ੍ਰੀ ਗੁਪਤਾ ਨੇ ਕਿਹਾ ਕਿ ਦਿੱਲੀ ਸਰਕਾਰ ਦੇ ਢਿੱਲੇ ਰਵੱਈਏ ਕਾਰਨ ਪੁਲ ਦੇ ਨਿਰਮਾਣ ਵਿੱਚ ਤਕਨੀਕੀ ਖਾਮੀਆਂ ਦਾ ਪਤਾ ਲਗਾਉਣ ਲਈ ਸਰਕਾਰ ਵੱਲੋਂ ਤਿੰਨ ਸਾਲ ਪਹਿਲਾਂ ਨਿਯੁਕਤ ਕੀਤੇ ਗਏ ਤਕਨੀਕੀ ਸਲਾਹਕਾਰ ਨੇ ਵੀ ਆਪਣੀ ਰਿਪੋਰਟ ਪੇਸ਼ ਨਹੀਂ ਕੀਤੀ।