ਇਪਸਾ ਵੱਲੋਂ ਵਿਜੇ ਯਮਲਾ ਦਾ ਸਨਮਾਨ
ਬ੍ਰਿਸਬੇਨ: ਆਸਟਰੇਲੀਆ ਦੀ ਸਾਹਿਤਕ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕਾਦਮੀ ਆਫ ਆਸਟਰੇਲੀਆ ਵੱਲੋਂ ‘ਸੰਦਲੀ ਪੈੜਾਂ’ ਦੇ ਸੱਦੇ ’ਤੇ ਆਸਟਰੇਲੀਆ ਆਏ ਉਸਤਾਦ ਯਮਲਾ ਜੱਟ ਦੇ ਪੋਤਰੇ, ਲੋਕ ਕਲਾਕਾਰ ਵਿਜੇ ਯਮਲਾ ਦਾ ਰੂਬਰੂ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਇਪਸਾ ਦੇ ਮੀਤ ਪ੍ਰਧਾਨ ਮਨਜੀਤ ਬੋਪਾਰਾਏ ਦੇ ਸਵਾਗਤੀ ਸ਼ਬਦਾਂ ਨਾਲ ਹੋਈ। ਉਸ ਨੇ ਯਮਲਾ ਜੱਟ ਦੇ ਪਹਿਲੇ ਅਖਾੜੇ ਦੀ ਯਾਦ ਨਾਲ ਸਾਂਝ ਪਵਾਉਂਦਿਆਂ ਕਿਹਾ ਕਿ ਯਮਲਾ ਜੱਟ ਦੀ ਪੰਜਾਬੀ ਸੰਗੀਤ ਨੂੰ ਹੀ ਨਹੀਂ, ਸਮੁੱਚੇ ਪੰਜਾਬੀਅਤ ਦੇ ਪ੍ਰਵਾਹ ਨੂੰ ਹੀ ਬਹੁਤ ਦੇਣ ਹੈ।
ਦਲਵੀਰ ਹਲਵਾਰਵੀ ਨੇ ਵਿਜੇ ਯਮਲਾ ਦਾ ਸਵਾਗਤ ਕਰਦਿਆਂ ਇੰਗਲੈਂਡ ਵਿੱਚ ਮਨਾਏ ਜਾਂਦੇ ਰਹੇ ਯਮਲਾ ਜੱਟ ਦੇ ਮੇਲਿਆਂ ਬਾਰੇ ਸਰੋਤਿਆਂ ਨਾਲ ਸਾਂਝ ਪਾਈ। ਨਿਰਮਲ ਦਿਓਲ ਨੇ ਕਿਹਾ ਕਿ ਉਹ ਪੰਜਾਬੀ ਗਾਇਕੀ ਦੇ ਪਿਤਾਮਾ ਹਨ, ਉਨ੍ਹਾਂ ਦੇ ਗੀਤ ਪੂਰੇ ਪੰਜਾਬੀ ਸੰਗੀਤ ਦੇ ਆਦਰਸ਼ ਹਨ। ਪਾਲ ਰਾਊਕੇ ਅਤੇ ਰਾਜਦੀਪ ਲਾਲੀ ਨੇ ਜਿੱਥੇ ਵਿਜੇ ਯਮਲਾ ਦੇ ਕਾਰਜਾਂ ਦੀ ਤਰੀਫ਼ ਕੀਤੀ, ਉੱਥੇ ਯਮਲਾ ਜੱਟ ਦੇ ਗੀਤਾਂ ਵਿੱਚੋਂ ਕੁੱਝ ਬੋਲਾਂ ਨਾਲ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਗੁਰਦੀਪ ਜਗੇੜਾ ਨੇ ਵਿਜੇ ਯਮਲਾ ਦੀ ਸੰਗੀਤਕ ਸਰਗਰਮੀ ਨੂੰ ਅਰਥ ਭਰਪੂਰ ਕਿਹਾ ਅਤੇ ਇੱਕ ਕਵਿਤਾ ਨਾਲ ਆਪਣੀ ਹਾਜ਼ਰੀ ਲਵਾਈ। ਰੁਪਿੰਦਰ ਸੋਜ਼ ਨੇ ਯਮਲਾ ਜੱਟ ਦੀ ਮਾਣਯੋਗ ਸੰਗੀਤਕ ਵਿਰਾਸਤ ਨੂੰ ਪੰਜਾਬੀਅਤ ਦੀ ਅਸਲ ਬੁਨਿਆਦ ਕਿਹਾ ਤੇ ਮੌਜੂਦਾ ਦੌਰ ਦੀ ਹਿੰਸਕ ਗਾਇਕੀ ਨੂੰ ਵਰਤਮਾਨ ਦੀ ਤ੍ਰਾਸਦੀ ਕਿਹਾ।
ਸੰਦਲੀ ਪੈੜਾਂ ਸੰਸਥਾ ਵੱਲੋਂ ਭੰਗੜਾ ਕੋਚ ਅਜੀਤਪਾਲ ਚੀਮਾ ਨੇ ਇਪਸਾ ਦਾ ਧੰਨਵਾਦ ਕਰਦਿਆਂ ਵਿਜੇ ਯਮਲਾ ਦੀ ਸ਼ਖ਼ਸੀਅਤ ਬਾਰੇ ਚਾਨਣਾ ਪਾਇਆ। ਅੰਤ ਵਿੱਚ ਵਿਜੇ ਯਮਲਾ ਨੇ ਸੰਦਲੀ ਪੈੜਾਂ ਦੀ ਪਹਿਲਕਦਮੀ ਅਤੇ ਇਪਸਾ ਦੇ ਇਸ ਉਪਰਾਲੇ ਲਈ ਧੰਨਵਾਦ ਕਰਦਿਆਂ ਬ੍ਰਿਸਬੇਨ ਦੇ ਸਮੂਹ ਪੰਜਾਬੀਆਂ ਦੀ ਸਾਹਿਤ, ਸੰਗੀਤ ਅਤੇ ਸੱਭਿਆਚਾਰ ਪ੍ਰਤੀ ਮੁਹੱਬਤ ਦੀ ਸਿਫ਼ਤ ਕੀਤੀ। ਉਸ ਨੇ ਮੌਜੂਦਾ ਦੌਰ ਵਿੱਚ ਪੰਜਾਬੀ ਗਾਇਕੀ ਵਿੱਚ ਆਏ ਨਿਘਾਰ, ਹਿੰਸਕ ਬਿਰਤੀ ਅਤੇ ਅਸ਼ਲੀਲਤਾ ਬਾਰੇ ਬੋਲਦਿਆਂ ਕਿਹਾ ਕਿ ਇਸ ਦਾ ਨਤੀਜਾ ਹੀ ਸਾਡਾ ਸਮਾਜ ਭੁਗਤ ਰਿਹਾ ਹੈ। ਉਸ ਨੇ ਕਿਹਾ ਕਿ ਆਦਰਯੋਗ ਯਮਲਾ ਜੀ ਨੇ ਤੂੰਬੀਆਂ ਬੀਜੀਆਂ ਸਨ, ਇਸ ਕਰਕੇ ਤੁੰਬੀਆਂ ਹੀ ਉੱਗੀਆਂ ਸਨ। ਜਿਨ੍ਹਾਂ ਨੇ ਰਫ਼ਲਾਂ ਬੀਜੀਆਂ ਸਨ, ਉਨ੍ਹਾਂ ਨੂੰ ਰਫ਼ਲਾਂ ਦੀ ਫ਼ਸਲ ਦੀ ਹੀ ਆਸ ਰੱਖਣੀ ਚਾਹੀਦੀ ਹੈ। ਇਸ ਮੌਕੇ ਗਾਇਕ ਮਨਪ੍ਰੀਤ ਸਰਾਂ, ਇਪਸਾ ਦੇ ਸਾਬਕਾ ਚੇਅਰਮੈਨ ਜਰਨੈਲ ਬਾਸੀ, ਗੁਰਵਿੰਦਰ ਖੱਟੜਾ, ਭਗਵਾਨ ਸਿੰਘ ਜਗੇੜਾ, ਗੁਰਜੀਤ ਉੱਪਲ, ਸਿਮਰਨ ਚੀਮਾ, ਅਰਸ਼ਦੀਪ ਦਿਓਲ ਸਮੇਤ ਕਈ ਨਾਮਵਰ ਚਿਹਰੇ ਹਾਜ਼ਰ ਸਨ। ਸਟੇਜ ਸੈਕਟਰੀ ਦੀ ਭੂਮਿਕਾ ਸਰਬਜੀਤ ਸੋਹੀ ਵੱਲੋਂ ਨਿਭਾਈ ਗਈ।
ਖ਼ਬਰ ਸਰੋਤ: ਇੰਡੋਜ਼ ਪੰਜਾਬੀ ਸਾਹਿਤ ਅਕਾਦਮੀ ਆਫ ਆਸਟਰੇਲੀਆ