ਵਿਜੈ ਸਿੰਗਲਾ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਸੁਣੀਆਂ
ਪੱਤਰ ਪ੍ਰੇਰਕ
ਮਾਨਸਾ, 5 ਜੂਨ
ਮਾਨਸਾ ਦੇ ਵਿਧਾਇਕ ਡਾ. ਵਿਜੈ ਸਿੰਗਲਾ ਨੇ ਇਥੇ ਬੀ.ਡੀ.ਓ. ਦਫ਼ਤਰ ਵਿੱਚ ਕੈਂਪ ਲਗਾ ਕੇ ਕਿਸਾਨਾਂ ਦੇ ਨਹਿਰੀ ਪਾਣੀ ਅਤੇ ਖਾਲਾਂ ਨਾਲ ਸਬੰਧਿਤ ਮਸਲਿਆਂ ਦੀ ਸੁਣਵਾਈ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਖੇਤੀਬਾੜੀ ਦੇ ਕਿੱਤੇ ਨੂੰ ਪ੍ਰਫੁੱਲਤ ਕਰਨ ਲਈ ਵਚਨਬੱਧ ਹੈ ਅਤੇ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਵਿਧਾਇਕ ਡਾ. ਸਿੰਗਲਾ ਨੇ ਸਬੰਧਤ ਵਿਭਾਗੀ ਅਧਿਕਾਰੀਆਂ ਨੂੰ ਕੱਚੇ ਖਾਲਾਂ ਨੂੰ ਪੱਕੇ ਕਰਨ ਦੇ ਕੰਮ ਨੂੰ ਪਹਿਲਕਦਮੀ ਨਾਲ ਕਰਵਾਉਣ ਦੇ ਆਦੇਸ਼ ਜਾਰੀ ਕੀਤੇ। ਉਨ੍ਹਾਂ ਕਿਹਾ ਕਿ ਨਹਿਰੀ ਖਾਲ ਪੱਕੇ ਹੋਣ ਨਾਲ ਪਾਣੀ ਬਰਬਾਦ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਘਰਾਂ ਜਾਂ ਸਕੂਲਾਂ ਦੇ ਨਜ਼ਦੀਕ ਬਣੇ ਨਹਿਰਾਂ ਜਾਂ ਸੂਏ ਦੇ ਕਿਨਾਰਿਆਂ ‘ਤੇ 4 ਫੁੱਟ ਦੀ ਦੀਵਾਰ ਬਣਾਈ ਜਾਵੇ। ਕੈਂਪ ਦੌਰਾਨ ਖਾਲਾਂ ਨੂੰ ਪੱਕਾ ਕਰਨ, ਨਹਿਰੀ ਪਾਣੀ ਦੀ ਪਹੁੰਚ ਲਈ ਜ਼ਮੀਨਦੋਜ਼ ਪਾਈਪਾਂ ਪਾਉਣ ਅਤੇ ਨਹਿਰੀ ਖਾਲ ਦੀ ਐਨ.ਓ.ਸੀ. ਲੈਣ ਸਬੰਧੀ ਪ੍ਰਾਪਤ ਹੋਈਆਂ ਦਰਖ਼ਾਸਤਾਂ ਦਾ ਮੌਕੇ ‘ਤੇ ਨਿਪਟਾਰਾ ਕੀਤਾ ਗਿਆ ਅਤੇ ਬਕਾਇਆ ਦਰਖ਼ਾਸਤਾਂ ਦਾ ਸਬੰਧਤ ਅਧਿਕਾਰੀਆਂ ਨੂੰ ਸੰਭਵ ਹੱਲ ਕਰਨ ਲਈ ਆਦੇਸ਼ ਦਿੱਤੇ ਗਏ।