ਵਿਜੈ ਪ੍ਰਤਾਪ ਸਿੰਘ ਵੱਲੋਂ ਆਧੁਨਿਕ ਪੰਜਾਬੀ ਭਵਨ ਬਣਾਉਣ ਦਾ ਵਾਅਦਾ
ਕੁਲਵਿੰਦਰ ਕੌਰ
ਫਰੀਦਾਬਾਦ, 29 ਸਤੰਬਰ
ਬੜਖਲ ਵਿਧਾਨ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਵਿਜੈ ਪ੍ਰਤਾਪ ਸਿੰਘ ਵੱਲੋਂ ਹਲਕੇ ਦੇ ਪੰਜਾਬੀ ਭਾਈਚਾਰੇ ਨਾਲ ਇਸ ਖੇਤਰ ਵਿੱਚ ਆਧੁਨਿਕ ਪੰਜਾਬੀ ਭਵਨ ਬਣਾਉਣ ਦਾ ਵਾਅਦਾ ਕੀਤਾ ਗਿਆ। ਉਨ੍ਹਾਂ ਬੜਖਲ ਦੇ ਪੰਜਾਬੀ ਬਹੁ ਵਸੋਂ ਵਾਲੇ ਇਲਾਕਿਆਂ ਐੱਨਆਈਟੀ ਦੇ ਨੰਬਰ ਇੱਕ, ਦੋ, ਤਿੰਨ ਅਤੇ ਪੰਜ ਵਿੱਚ ਨੁੱਕੜ ਮੀਟਿੰਗਾਂ ਦੌਰਾਨ ਪੰਜਾਬੀਆਂ ਨਾਲ ਵਾਅਦੇ ਕੀਤੇ।
ਉਨ੍ਹਾਂ ਕਿਹਾ ਕਿ ਜਿਵੇਂ ਸੈਕਟਰ 16 ਵਿੱਚ ਪੰਜਾਬੀ ਭਵਨ ਭੁਪਿੰਦਰ ਸਿੰਘ ਹੁੱਡਾ ਦੀ ਪਿਛਲੀ ਕਾਂਗਰਸ ਸਰਕਾਰ ਵੇਲੇ ਬਣਾਇਆ ਗਿਆ ਸੀ, ਉਵੇਂ ਹੀ ਹਰਿਆਣਾ ਵਿੱਚ ਕਾਂਗਰਸ ਦੀ ਸਰਕਾਰ ਬਣਦੇ ਹੀ ਇਸ ਹਲਕੇ ਵਿੱਚ ਆਧੁਨਿਕ ਪੰਜਾਬੀ ਭਵਨ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਫਰੀਦਾਬਾਦ ਦੀ ਸਨਅਤ ਨੂੰ ਕਾਇਮ ਕਰਨ ਵਿੱਚ ਪੰਜਾਬੀ ਸਨਅਤਕਾਰਾਂ ਦੀ ਵੱਡੀ ਭੂਮਿਕਾ ਹੈ ਪਰ ਉਹ ਲਾਲ ਫੀਤਾਸ਼ਾਹੀ ਤੋਂ ਪ੍ਰੇਸ਼ਾਨ ਹਨ।
ਉਨ੍ਹਾਂ ਵਾਅਦਾ ਕੀਤਾ ਕਿ ਸਨਅਤਕਾਰਾਂ ਨੂੰ ਕਾਰੋਬਾਰ ਆਸਾਨੀ ਨਾਲ ਕਰਨ ਵਾਲਾ ਮਾਹੌਲ ਬਣਾਇਆ ਜਾਵੇਗਾ ਤੇ ਵੱਡੀ ਸਨਅਤ ਇੱਥੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਇਸੇ ਦੌਰਾਨ ਵਿਜੈ ਪ੍ਰਤਾਪ ਦੀ ਪਤਨੀ ਵੈਨੁਕਾ ਪ੍ਰਤਾਪ ਖੁੱਲਰ ਵੱਲੋਂ ਐਨਆਈਟੀ ਫਰੀਦਾਬਾਦ ਵਿੱਚ ਗੁਰੂ ਸਿੰਘ ਸਭਾ ਗੁਰਦੁਆਰਾ ਨੰਬਰ -1 ਵਿੱਚ ਸਵੇਰੇ ਦੇ ਦੀਵਾਨ ਵਿੱਚ ਸ਼ਿਰਕਤ ਕੀਤੀ ਗਈ।
ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੈਨੁਕਾ ਨੂੰ ਸ਼ਾਲ ਪਾ ਕੇ ਸਵਾਗਤ ਕੀਤਾ ਗਿਆ। ਵੈਨੁਕਾ ਵੱਲੋਂ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਨਾਲ ਗੱਲਬਾਤ ਕਰਦਿਆਂ ਇੱਥੇ ਚੱਲ ਰਹੇ ਸਕੂਲ ਦੀ ਜਾਣਕਾਰੀ ਲਈ ਗਈ। ਇਸ ਮੌਕੇ ਉਜਾਗਰ ਸਿੰਘ, ਰੇਨਬੋ ਪੇਂਟ, ਕੁਲਵੰਤ ਸਿੰਘ ਹਾਜ਼ਰ ਸਨ। ਸ਼ਾਮ ਨੂੰ ਉਨ੍ਹਾਂ ਸ੍ਰੀ ਗੁਰੂ ਸਿੰਘ ਸਭਾ ਗਾਂਧੀ ਕਲੋਨੀ ਵਿੱਚ ਹੋਏ ਧਾਰਮਿਕ ਸਮਾਗਮ ਵਿੱਚ ਹਿੱਸਾ ਲਿਆ ਅਤੇ ਗੁਰਬਾਣੀ ਕੀਰਤਨ ਸਰਵਣ ਕੀਤਾ।