ਚੀਨੀ ਡੋਰ ਕਾਰਨ ਵਿਜੈ ਕੁਮਾਰ ‘ਲਹੂ-ਲੁਹਾਣ’..!
ਸ਼ਗਨ ਕਟਾਰੀਆ
ਬਠਿੰਡਾ, 16 ਜਨਵਰੀ
ਸ਼ਹਿਰ ਦੇ ਸਾਬਕਾ ਕੌਂਸਲਰ ਵਿਜੈ ਕੁਮਾਰ ਨੇ ਅੱਜ ਇੱਥੇ ਬਾਜ਼ਾਰ ’ਚ ਅਨੋਖਾ ਪ੍ਰਦਰਸ਼ਨ ਕਰਦਿਆਂ ਬੱਚਿਆਂ ਨੂੰ ਚੀਨੀ ਡੋਰ ਦੀ ਵਰਤੋਂ ਨਾ ਕਰਨ ਲਈ ਪ੍ਰੇਰਿਆ। ਪ੍ਰਦਰਸ਼ਨ ਦੌਰਾਨ ਵਿਜੈ ਕੁਮਾਰ ਸਕੂਟਰ ਦੀ ਸਵਾਰੀ ਕਰਦੇ ਹੋਏ ਜਦੋਂ ਬਾਜ਼ਾਰ ’ਚੋਂ ਲੰਘਦੇ ਹਨ ਤਾਂ ਉਹ ਉੱਡ ਰਹੇ ਪਤੰਗ ਦੀ ਡੋਰ ਵਿੱਚ ਉਲਝ ਕੇ ਜ਼ਮੀਨ ’ਤੇ ਡਿੱਗ ਜਾਂਦੇ ਹਨ। ਡਿੱਗਣ ਅਤੇ ਡੋਰ ਸਰੀਰ ’ਤੇ ਬਲੇਡ ਵਾਂਗ ਫਿਰਨ ਨਾਲ ਉਹ ਲਹੂ-ਲੁਹਾਣ ਹੋ ਜਾਂਦੇ ਹਨ। ਇੰਨੇ ਨੂੰ ਰਾਹਗੀਰ ਉਨ੍ਹਾਂ ਨੂੰ ਚੁੱਕਦੇ ਹਨ ਅਤੇ ਉਹ ਸੁਨੇਹਾ ਦਿੰਦੇ ਹਨ ਕਿ ਚੀਨੀ ਡੋਰ ਦੀ ਵਰਤੋਂ ਭੁੱਲ ਕੇ ਵੀ ਨਾ ਕਰੋ, ਕਿਉਂ ਕਿ ਇਹ ਮਨੁੱਖਾਂ ਤੋਂ ਇਲਾਵਾ ਪਸ਼ੂ, ਪੰਛੀਆਂ ਲਈ ਜਾਨਲੇਵਾ ਹੈ। ਉਹ ਦੱਸਦੇ ਹਨ ਕਿ ਚੀਨੀ ਡੋਰ ਦਾ ਧਾਗਾ ਪਲਾਸਟਿਕ, ਨਾਈਲੋਨ ਤੇ ਸਿੰਥੈਟਿਕ ਮੈਟੀਰੀਅਲ ਤੋਂ ਬਣਿਆ ਹੁੰਦਾ ਹੈ। ਉਹ ਕਹਿੰਦੇ ਹਨ ਕਿ ਇਸ ਘਾਤਕ ਧਾਗੇ ਨੂੰ ਸਟੋਰ ਕਰਨ, ਵੇਚਣ ਅਤੇ ਵਰਤੋਂ ਉੱਪਰ ਸਰਕਾਰ ਵੱਲੋਂ ਪਾਬੰਦੀ ਲਾਈ ਗਈ ਹੈ ਅਤੇ ਜੋ ਵੀ ਪਾਬੰਦੀ ਦੀ ਉਲੰਘਣਾ ਕਰਦਾ ਹੈ, ਉਸ ਲਈ ਜੁਰਮਾਨੇ ਅਤੇ ਕੈਦ ਦੀ ਵਿਵਸਥਾ ਹੈ। ਵਿਜੈ ਕੁਮਾਰ ਨੇ ਮਾਪਿਆਂ ਨੂੰ ਵੀ ਸੁਚੇਤ ਕੀਤਾ ਕਿ ਜੇਕਰ ਕਿਸੇ ਦਾ ਬੱਚਾ ਚੀਨੀ ਡੋਰ ਦੀ ਵਰਤੋਂ ਕਰਦਾ, ਪ੍ਰਸ਼ਾਸਨ ਨੇ ਕਾਬੂ ਕਰ ਲਿਆ ਤਾਂ ਬੱਚੇ ਦੇ ਵਾਰਸਾਂ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ।