ਵਿੱਜ ਨੇ ਕਬੂਤਰਬਾਜ਼ੀ ਦੇ ਤਿੰਨ ਹੋਰ ਮਾਮਲਿਆਂ ਦੀ ਜਾਂਚ ਸਿਟ ਨੂੰ ਸੌਂਪੀ
aਰਤਨ ਸਿੰਘ ਢਿੱਲੋਂ
ਅੰਬਾਲਾ, 11 ਜੂਨ
ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਕਬੂਤਰਬਾਜੀ ਦੇ ਮਾਮਲਿਆਂ ਨੂੰ ਲੈ ਕੇ ਸਖ਼ਤ ਰੌਂਅ ਵਿੱਚ ਹਨ। ਅੱਜ ਉਨ੍ਹਾਂ ਆਪਣੇ ਨਿਵਾਸ ਵਿਖੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਦੌਰਾਨ ਸਾਹਮਣੇ ਆਏ ਕਬੂਤਰਬਾਜ਼ੀ ਦੇ ਤਿੰਨ ਵੱਖ-ਵੱਖ ਮਾਮਲਿਆਂ ਦੀ ਜਾਂਚ ਦੇ ਅਜਿਹੇ ਮਾਮਲਿਆਂ ਨਾਲ ਨਜਿੱਠਣ ਲਈ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਨੂੰ ਸੌਂਪ ਦਿੱਤੀ।
ਕਰਨਾਲ ਤੋਂ ਆਏ ਵਿਅਕਤੀ ਨੇ ਆਪਣੀ ਸ਼ਿਕਾਇਤ ਦਿੰਦਿਆਂ ਗ੍ਰਹਿ ਮੰਤਰੀ ਨੂੰ ਦੱਸਿਆ ਕਿ ਉਸ ਦੇ ਬੇਟੇ ਨੇ ਅਮਰੀਕਾ ਜਾਣ ਲਈ ਏਜੰਟ ਨੂੰ 30 ਲੱਖ ਰੁਪਏ ਦਿੱਤੇ ਸਨ।ਏਜੰਟ ਨੇ ਉਸ ਨੂੰ ਅਮਰੀਕਾ ਭੇਜਣ ਦਾ ਵਾਅਦਾ ਕੀਤਾ ਸੀ ਪਰ ਸਰਬੀਆ ਭੇਜ ਦਿੱਤਾ ਜਿੱਥੇ ਉਹ ਛੇ ਮਹੀਨੇ ਫਸਿਆ ਰਿਹਾ। ਇਸ ਤੋਂ ਬਾਅਦ ਏਜੰਟ ਨੇ ਉਸ ਨੂੰ ਸਪੇਨ ਭੇਜ ਦਿੱਤਾ। ਹੁਣ ਜਦੋਂ ਉਨ੍ਹਾਂ ਨੇ ਏਜੰਟ ਕੋਲੋਂ ਪੈਸੇ ਵਾਪਸ ਮੰਗੇ ਤਾਂ ਉਸ ਨੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ।
ਕੁਰੂਕਸ਼ੇਤਰ ਤੋਂ ਆਏ ਵਿਅਕਤੀ ਨੇ ਦੱਸਿਆ ਕਿ ਏਜੰਟ ਨੇ ਉਸ ਨੂੰ ਇਟਲੀ ਭੇਜਣ ਦੇ ਨਾਂ ‘ਤੇ 11 ਲੱਖ ਰੁਪਏ ਦੀ ਠੱਗੀ ਮਾਰੀ ਹੈ। ਇਸੇ ਤਰ੍ਹਾਂ ਅੰਬਾਲਾ ਛਾਉਣੀ ਦੇ ਅਰਜਨ ਨਗਰ ਵਾਸੀ ਇਕ ਵਿਅਕਤੀ ਨੇ ਸ਼ਿਕਾਇਤ ਦਿੱਤੀ ਕਿ ਮੁਹਾਲੀ ਦੇ ਰੁਦਰਾਕਸ਼ ਗਰੁੱਪ ਨੇ ਉਸ ਦੇ ਪੁੱਤਰ ਨੂੰ ਕੈਨੇਡਾ ਭੇਜਣ ਦੇ ਨਾਂ ‘ਤੇ ਸੱਛ ਲੱਖ ਰੁਪਏ ਦੀ ਠੱਗੀ ਮਾਰੀ ਹੈ। ਗ੍ਰਹਿ ਮੰਤਰੀ ਨੇ ਐੱਸਆਈਟੀ ਨੂੰ ਤਿੰਨਾਂ ਮਾਮਲਿਆਂ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ।