For the best experience, open
https://m.punjabitribuneonline.com
on your mobile browser.
Advertisement

ਵਿਗਿਆਨ ਪੰਧ: ਸਿਰੜੀ ਲੋਕਾਂ ਦੀ ਗਾਥਾ

06:54 AM Aug 04, 2023 IST
ਵਿਗਿਆਨ ਪੰਧ  ਸਿਰੜੀ ਲੋਕਾਂ ਦੀ ਗਾਥਾ
Advertisement

ਗੁਰਪ੍ਰੀਤ ਸਿੰਘ (ਡਾ.)

ਅਮਰੀਕੀ ਵਿਗਿਆਨਕ ਗਲਪਕਾਰ ਰਾਬਰਟ ਏ. ਹੇਨਲਿਨ ਦਾ ਕਥਨ ਹੈ ਕਿ ‘ਸਭ ਕੁਝ ਸਿਧਾਂਤਕ ਤੌਰ ’ਤੇ ਅਸੰਭਵ ਹੁੰਦਾ ਹੈ ਜਦ ਤੱਕ ਉਹ ਹਾਸਿਲ ਨਹੀਂ ਹੁੰਦਾ।’ ਇਸ ਕਥਨ ਨੂੰ ਦੁਨੀਆ ਭਰ ਦੇ ਵਿਗਿਆਨੀਆਂ ਨੇ ਆਪਣੀਆਂ ਖੋਜਾਂ ਰਾਹੀਂ ਨਾ ਸਿਰਫ਼ ਸਾਬਿਤ ਕੀਤਾ ਸਗੋਂ ਆਪਣੀ ਵਿਗਿਆਨਕ ਅਤੇ ਤਰਕਮਈ ਦ੍ਰਿਸ਼ਟੀ ਰਾਹੀਂ ਸਦੀਆਂ ਤੋਂ ਦੁਨੀਆਂ ਦੇ ਮੱਥੇ ਉੱਤੇ ਜੰਮੀ ਅੰਨ੍ਹੀ ਸ਼ਰਧਾ ਦੀ ਧੂੜ ਨੂੰ ਵੀ ਝਾੜਿਆ। ਇਹ ਅਸੰਭਵ ਕਾਰਜ ਸਿਰਫ਼ ਵਿਗਿਆਨੀਆਂ ਨੇ ਹੀ ਨਹੀਂ ਕੀਤਾ ਸਗੋਂ ਵਿਗਿਆਨ ਨਾਲ ਜੁੜੇ ਅਨੇਕਾਂ ਲੇਖਕਾਂ ਨੇ ਵੀ ਕੀਤਾ। ਕਈ ਲੇਖਕਾਂ ਨੇ ਵਿਗਿਆਨਕ ਖੋਜਾਂ ਨੂੰ ਸਾਹਿਤ ਦੀ ਵਿਧਾ ਰਾਹੀਂ ਆਮ ਲੋਕਾਈ ਤੱਕ ਪਹੁੰਚਾਇਆ। ਬੇਸ਼ੱਕ ਸਾਹਿਤ ਅਤੇ ਵਿਗਿਆਨ ਦੋਵੇਂ ਵਿਪਰੀਤ ਧਾਰਾਵਾਂ ਹਨ, ਪਰ ਇਸ ਦਾ ਸੁਮੇਲ ਵਾਰਤਕ ਜਿਹੇ ਸਾਹਿਤ ਰੂਪ ਨਾਲ ਹੀ ਸੰਭਵ ਹੋ ਸਕਿਆ ਹੈ। ਵਿਗਿਆਨ ਦਾ ਅੰਗਰੇਜ਼ੀ ਭਾਸ਼ਾ ਤੋਂ ਇਲਾਵਾ ਭਾਰਤੀ ਦੇਸੀ ਭਾਸ਼ਾਵਾਂ ਵਿੱਚ ਤਰਜਮਾ ਕਰਨਾ ਇੱਕ ਚੁਣੌਤੀਪੂਰਨ ਕਾਰਜ ਰਿਹਾ ਹੈ। ਬਾਕੀ ਭਾਰਤੀ ਭਾਸ਼ਾਵਾਂ ਦੀ ਤਰ੍ਹਾਂ ਪੰਜਾਬੀ ਵਿੱਚ ਵੀ ਵਿਗਿਆਨਕ ਸ਼ਬਦਾਵਲੀ ਅਤੇ ਵਾਰਤਕ ਦੇ ਖੇਤਰ ਵਿੱਚ ਨਾਂ-ਮਾਤਰ ਕਾਰਜ ਹੀ ਹੋਏ ਹਨ। ਕੁਝ ਲੇਖਕਾਂ ਨੇ ਹੀ ਇਸ ਨੂੰ ਮਹੱਤਵ ਦਿੱਤਾ ਅਤੇ ਇਸ ਵਿੱਚ ਸਭ ਤੋਂ ਨਿਵੇਕਲੇ ਪ੍ਰਯੋਗ ਕਰਨ ਵਾਲਾ ਨਾਂ ਡਾ. ਹਰੀਸ਼ ਮਲਹੋਤਰਾ ਦਾ ਹੈ।
ਡਾ. ਹਰੀਸ਼ ਮਲਹੋਤਰਾ ਇੰਗਲੈਂਡ ਵਾਸੀ ਵਾਰਤਕਕਾਰ ਹੈ ਜੋ ਹੁਣ ਤੱਕ 21 ਪੁਸਤਕਾਂ ਦੀ ਸਿਰਜਣਾ ਕਰ ਚੁੱਕਿਆ ਹੈ। ਉਸ ਦੀਆਂ ਸਾਰੀਆਂ ਪੁਸਤਕਾਂ ਤਰਕਪੂਰਨ ਦ੍ਰਿਸ਼ਟੀਕੋਣ ਵਾਲੀਆਂ ਹਨ। ਉਸ ਦੀ ਨਵੀਂ ਪੁਸਤਕ ‘ਵਿਗਿਆਨੀ ਬਾਬੇ’ ਤਰਕਮਈ ਦ੍ਰਿਸ਼ਟੀਕੋਣ ਦੇ ਮੋਢੀਆਂ ਨੂੰ ਸਮਰਪਿਤ ਹੈ ਜਿਨ੍ਹਾਂ ਨੇ ਪ੍ਰਕ੍ਰਿਤੀ ਦੀਆਂ ਘਟਨਾਵਾਂ ਨੂੰ ਹੋਣੀ ਦੇ ਤੌਰ ’ਤੇ ਸਵੀਕਾਰ ਨਹੀਂ ਕੀਤਾ ਸਗੋਂ ਉਸ ਪਿਛਲੇ ਕਾਰਨਾਂ ਦੀ ਪੜਚੋਲ ਕੀਤੀ ਅਤੇ ਮਨੁੱਖੀ ਇਤਿਹਾਸ ਵਿੱਚ ਆਧੁਨਿਕਤਾ ਦੀ ਨੀਂਹ ਰੱਖੀ। ਇਸ ਪੁਸਤਕ ਦੀ ਵਸਤੂ-ਸਮੱਗਰੀ ਪੰਜਾਬੀ ਵਾਰਤਕ ਨੂੰ ਇੱਕ ਅੱਡਰੇ ਨਿਵੇਕਲੇ ਵਿਸ਼ਾ ਖੇਤਰ ਵਿੱਚ ਸ਼ਾਮਿਲ ਕਰਦੀ ਹੈ।
ਪੁਸਤਕ ‘ਵਿਗਿਆਨੀ ਬਾਬੇ’ ਵਿੱਚ ਵਿਗਿਆਨ ਜਿਹੇ ਖੁਸ਼ਕ ਵਿਸ਼ੇ ਨੂੰ ਸ਼ਬਦ ਚੋਣ ਰਾਹੀਂ ਬਹੁਤ ਹੀ ਰਸੀਲੀ, ਰੌਚਕ ਅਤੇ ਸਰਲ ਭਾਸ਼ਾ ਵਿੱਚ ਬਿਆਨ ਕੀਤਾ ਗਿਆ ਹੈ। ਜਿੱਥੇ-ਜਿੱਥੇ ਵਿਸ਼ਾ ਖੁਸ਼ਕ ਬਣਦਾ ਹੈ ਉੱਥੇ-ਉੱਥੇ ਲੇਖਕ ਵਿਗਿਆਨੀਆਂ ਦੀਆਂ ਨਿੱਜੀ ਜੀਵਨ-ਮੂਲਕ ਘਟਨਾਵਾਂ ਸਿਰਜ ਕੇ ਵਿਗਿਆਨ ਦੀ ਖੁਸ਼ਕੀ ਨੂੰ ਤੋੜਦਾ ਵੀ ਹੈ।
ਲੇਖਕ ਵਿਗਿਆਨੀਆਂ ਨੂੰ ‘ਬਾਬੇ’ ਸ਼ਬਦ ਨਾਲ ਸੰਬੋਧਨ ਕਰਦਾ ਹੈ। ਇਹ ਵਿਗਿਆਨਕ ਖੇਤਰ ਦੇ ਉਹ ਬਾਬੇ ਹਨ ਜਿਨ੍ਹਾਂ ਨੇ ਆਉਣ ਵਾਲੀਆਂ ਪੀੜ੍ਹੀ ਨੂੰ ਨਾ ਆਪਣੇ ਖੱਟੇ-ਮਿੱਠੇ ਅਨੁਭਵਾਂ ਦੇ ਨਾਲ-ਨਾਲ ਅਮੀਰ ਵਿਗਿਆਨਕ ਵਿਰਾਸਤ ਵੀ ਦਿੱਤੀ। ਬਾਬਾ ਸ਼ਬਦ ਡੂੰਘੇ ਤਜਰਬੇ ਦਾ ਦੂਜਾ ਨਾਮ, ਜ਼ਿੰਦਗੀ ਦੀ ਤੱਤੀ-ਠੰਢੀ ਵਾਅ ਦਾ ਅਨੁਭਵ ਅਤੇ ਠੋਕਰਾਂ ਖਾ-ਖਾ ਕੇ ਇਕੱਤਰ ਕੀਤੀ ਸਿਆਣਪ ਹੈ। ਲੇਖਕ ਦਾ ਵਿਗਿਆਨੀਆਂ ਨੂੰ ਬਾਬੇ ਕਹਿਣਾ ਸਤਿਕਾਰ ਦੀ ਨਿਸ਼ਾਨੀ ਹੈ।
ਹਥਲੀ ਪੁਸਤਕ ਵਿੱਚ ਵਿਗਿਆਨੀਆਂ ਦੀਆਂ ਜੀਵਨ ਕਹਾਣੀਆਂ ਹਨ। ਉਨ੍ਹਾਂ ਦੁਆਰਾ ਸ਼ਿੱਦਤ ਨਾਲ ਕੀਤੀਆਂ ਖੋਜਾਂ ਹਨ। ਇਨ੍ਹਾਂ ਖੋਜਾਂ ਦੌਰਾਨ ਆਈਆਂ ਮੁਸ਼ਕਿਲਾਂ ਤੇ ਔਕੜਾਂ ਅਤੇ ਇਨ੍ਹਾਂ ਕਾਰਨ ਪ੍ਰਪੱਕ ਹੋਏ ਵਿਚਾਰ ਹਨ। ਇਸ ਪੁਸਤਕ ਵਿੱਚ ਲਗਭਗ ਪੌਣੇ ਚਾਰ ਸਦੀਆਂ ਦਾ ਵਿਗਿਆਨਕ ਇਤਿਹਾਸ ਹੈ। ਇਸ ਵਿੱਚੋਂ ਪੱਛਮੀ ਸਮਾਜ-ਸੱਭਿਆਚਾਰਕ ਕਦਰਾਂ-ਕੀਮਤਾਂ ਦੀ ਛਟਦੀ ਧੁੰਦ ਦਾ ਚਿੱਤਰ ਦੇਖਿਆ ਜਾ ਸਕਦਾ ਹੈ। ਪੁਸਤਕ 45 ਸਾਲ ਤੋਂ ਲੈ ਕੇ 104 ਸਾਲ ਦੇ ਵਿਗਿਆਨੀ ਬਾਬਿਆਂ ਦੀਆਂ ਹੱਡ-ਬੀਤੀਆਂ ਅਤੇ ਜੱਗ-ਬੀਤੀਆਂ ਦਾ ਨਿਚੋੜ ਪੇਸ਼ ਕਰਦੀ ਹੈ।
ਇਸ ਪੁਸਤਕ ਵਿੱਚ ਕੁੱਲ 14 ਵਿਗਿਆਨੀਆਂ ਦਾ ਬਿਓਰਾ ਦਿੱਤਾ ਗਿਆ ਹੈ। ਪੁਸਤਕ ਦਾ ਪਹਿਲਾ ਵਿਗਿਆਨੀ ਗੁਰੂਤਾ ਆਕਰਸ਼ਣ ਦਾ ਸਿਧਾਂਤ ਦੇਣ ਵਾਲਾ ਸਰ ਆਈਜ਼ਕ ਨਿਊਟਨ ਹੈ ਜਿਸ ਦੀ ਖੋਜ ਨਾਲ ਬ੍ਰਹਿਮੰਡ ਦੇ ਕਈ ਰਹੱਸਾਂ ਨੂੰ ਸੁਲਝਾਇਆ ਜਾ ਸਕਿਆ। ਭਾਫ਼ ਨਾਲ ਚੱਲਣ ਵਾਲੇ ਇੰਜਣ ਦਾ ਨਿਰਮਾਣ ਕਰਨ ਵਾਲਾ ਜੇਮਜ਼ ਵਾਟ ਹੈ ਜਿਸ ਦੀ ਬਦੌਲਤ ਉਦਯੋਗਿਕ ਕ੍ਰਾਂਤੀ ਹੋਈ। ਇਹੀ ਇੰਜਣ ਰੇਲਵੇ ਦਾ ਆਧਾਰ ਵੀ ਬਣਿਆ ਜਿਸ ਦੀ ਖੋਜ ਰੇਲਵੇ ਦੇ ਮੋਢੀ ਜੌਰਜ ਸਟੀਫਨਸਨ ਨੇ ਕੀਤੀ ਸੀ। ਟਰਾਂਸਫਾਰਮਰ ਦਾ ਖੋਜੀ ਮਾਈਕਲ ਫੈਰਾਡੇ ਅਤੇ ਬਲਬ ਦਾ ਨਿਰਮਾਤਾ ਥੋਮਸ ਅਲਵਾ ਐਡੀਸਨ ਹਨ। ਮੈਡੀਕਲ ਵਿਗਿਆਨ ਦੇ ਖੇਤਰ ਵਿੱਚ ਅਨੇਕਾਂ ਖੋਜਾਂ ਕਾਰਨ ਵਾਲਾ ਲੂਈ ਪਾਸਚਰ ਹੈ ਜਿਸ ਨੇ ਹਵਾ ਵਿੱਚ ਕੀਟਾਣੂਆਂ ਦੇ ਹੋਣ, ਮੂੰਹ-ਖੁਰ ਦੀ ਬਿਮਾਰੀ, ਚੇਚਕ ਅਤੇ ਹਲਕ ਦੇ ਟੀਕੇ ਦੀ ਖੋਜ ਕੀਤੀ। ਰੇਡੀਅਮ ਦੀ ਖੋਜ ਕਰਨ ਵਾਲੀ ਮੇਰੀ ਕਿਊਰੀ ਹੈ ਜਿਸ ਦੀ ਖੋਜ ਨੇ ਕੈਂਸਰ ਵਰਗੀ ਲਾ-ਇਲਾਜ ਬਿਮਾਰੀ ਨੂੰ ਇਲਾਜ ਯੋਗ ਬਣਾ ਦਿੱਤਾ। ਡਾਕਟਰ ਹਰਗੋਵਿੰਦ ਖੁਰਾਣਾ ਦੁਆਰਾ ਨਿਊਕਲੋਟਾਈਟ ਦੀ ਖੋਜ ਕਰਨ ਨਾਲ ਡੀ.ਐੱਨ.ਏ. ਦੇ ਰਹੱਸਾਂ ਨੂੰ ਜਾਣਿਆ ਜਾ ਸਕਿਆ। ਸੀ.ਵੀ. ਰਮਨ ਦੇ ਸਪੈਕਟਰੋਸਕੋਪ, ਇਲੈਕਟ੍ਰਾਨ ਮਾਈਕ੍ਰੋਸਕੋਪ ਨਿਰਮਾਣ ਨਾਲ ਕਈ ਗੰਭੀਰ ਬਿਮਾਰੀਆਂ ਦੇ ਕੀਟਾਣੂਆਂ ਦੀ ਛਾਣ-ਬੀਣ ਕਰਨ ਵਿੱਚ ਸਹਿਯੋਗ ਮਿਲਿਆ। ਟੈਲੀਫੋਨ ਦੀ ਕਾਢ ਕੱਢਣ ਵਾਲੇ ਅਲੈਗਜ਼ਾਂਡਰ ਗਰਾਹਮ ਬੈੱਲ ਅਤੇ ਬੇਤਾਰ ਦੀ ਖੋਜ ਕਰਨ ਵਾਲੇ ਗੁਗਲਿਲਮੋ ਮਾਰਕੋਨੀ ਨੇ ਅਜੋਕੀ ਸੰਚਾਰ ਕ੍ਰਾਂਤੀ ਦੀ ਨੀਂਹ ਰੱਖੀ। ਸਾਪੇਖਤਾ ਦਾ ਸਿਧਾਂਤ ਦੇਣ ਵਾਲਾ ਅਲਬਰਟ ਆਇੰਸਟਾਈਨ ਹੈ ਜਿਸ ਦੀਆਂ ਖੋਜਾਂ ਨੇ ਪਹਿਲਾਂ ਹੋਈਆਂ ਕਈ ਖੋਜਾਂ ਉੱਤੇ ਪ੍ਰਸ਼ਨ ਚਿੰਨ੍ਹ ਲਗਾ ਦਿੱਤਾ। ਸਾਪੇਖਤਾ ਦਾ ਸਿਧਾਂਤ ਅਜੋਕੀ ਨਿਊਕਲੀਅਰ ਊਰਜਾ ਕ੍ਰਾਂਤੀ ਦਾ ਵਾਹਕ ਬਣਿਆ। ਹਵਾਈ ਜਹਾਜ਼ ਦੀ ਖੋਜ ਕਰਨ ਵਾਲੇ ਰਾਈਟ ਭਰਾਵਾਂ ਨੇ ਦੁਨੀਆਂ ਵਿਚਲੀ ਦੂਰੀ ਨੂੰ ਘਟਾ ਕੇ ਅਸਿੱਧੇ ਤੌਰ ’ਤੇ ਵਿਸ਼ਵੀਕਰਨ ਦਾ ਰਾਹ ਪੱਧਰਾ ਕੀਤਾ। ਚਾਰਲਸ ਰੌਬਰਟ ਡਾਰਵਿਨ ਨੇ ਪ੍ਰਜਾਤੀਆਂ ਦੀ ਉਤਪਤੀ ਸਿਧਾਂਤ ਰਾਹੀਂ ਮਨੁੱਖੀ ਇਤਿਹਾਸ ਵਿੱਚ ਉਥਲ-ਪੁਥਲ ਮਚਾ ਦਿੱਤੀ ਜਿਸ ਨਾਲ ਕਈ ਪ੍ਰਕਾਰ ਦੇ ਧਾਰਮਿਕ ਵਿਸ਼ਵਾਸਾਂ ਨੂੰ ਚੁਣੌਤੀ ਮਿਲੀ।
ਅਜਿਹੀਆਂ ਵਡਮੁੱਲੀਆਂ ਖੋਜਾਂ ਕਰਨ ਵਾਲਿਆਂ ਵਾਸਤੇ ਆਮ ਲੋਕਾਂ ਦੇ ਮਨ ਵਿੱਚ ਇਹ ਭੁਲੇਖਾ ਹੋਵੇਗਾ ਕਿ ਇਨ੍ਹਾਂ ਸਾਰਿਆਂ ਦਾ ਜੀਵਨ ਸੁੱਖ-ਸਹੂਲਤਾਂ ਨਾਲ ਭਰਪੂਰ ਰਿਹਾ ਹੋਵੇਗਾ। ਇਹੀ ਕਾਰਨ ਹੈ ਕਿ ਬਿਨਾਂ ਕਿਸੇ ਆਮਦਨੀ ਪ੍ਰਤੀ ਚਿੰਤਾ ਦੇ ਇਹ ਵਿਗਿਆਨੀ ਨਿਰੰਤਰ ਖੋਜਾਂ ਵਿੱਚ ਲੱਗੇ ਰਹੇੇ। ਪੁਸਤਕ ਵਿਚਲੇ ਵਿਗਿਆਨੀ ਬਾਬਿਆਂ ਦੀ ਜੀਵਨ ਯਾਤਰਾ ਆਮ ਪਾਠਕ ਨੂੰ ਹੈਰਾਨੀ ਅਤੇ ਊਰਜਾ ਨਾਲ ਭਰ ਦਿੰਦੀ ਹੈ ਜਦੋਂ ਇਨ੍ਹਾਂ ਵਿਗਿਆਨੀ ਬਾਬਿਆਂ ਵਿੱਚੋਂ ਜ਼ਮੀਨ ਦੀ ਵਾਹੀ ਅਤੇ ਡੰਗਰਾਂ ਦੀ ਸੰਭਾਲ ਵਿੱਚ ਦਿਲਚਸਪੀ ਨਾ ਲੈਣ ਵਾਲਾ ਆਦਮੀ ਸਰ ਆਈਜ਼ਕ ਨਿਊਟਨ ਬਣਦਾ ਹੈ। ਇੱਕ ਫੈਕਟਰੀ ਵਿੱਚ ਹਿਸਾਬ ਦੀ ਗਿਣਤੀ-ਮਿਣਤੀ ਵਾਲੇ ਸੰਦ ਤਿਆਰ ਕਰਨ ਵਾਲਾ ਆਦਮੀ ਜੇਮਜ਼ ਵਾਟ ਬਣਦਾ ਹੈ। ਜੁੱਤੀਆਂ ਗੰਢਣ ਅਤੇ ਘੜੀਆਂ ਠੀਕ ਕਰਨ ਵਾਲਾ ਆਦਮੀ ਜੌਰਜ ਸਟੀਫਨਸਨ ਬਣਦਾ ਹੈ। ਘਰ ’ਚ ਗ਼ਰੀਬੀ ਹੋਣ ਕਾਰਨ ਕਿਤਾਬਾਂ ਵੇਚਣ ਵਾਲੇ ਕੋਲ ਨੌਕਰੀ ਕਰਨਾ ਅਤੇ ਅਖ਼ਬਾਰ ਲੈ ਕੇ ਲੋਕਾਂ ਤੱਕ ਪਹੁੰਚਾਉਣ ਵਾਲਾ ਆਦਮੀ ਮਾਈਕਲ ਫੈਰਾਡੇ ਬਣਦਾ ਹੈ। ਚਮੜੇ ਰੰਗਣ ਵਾਲੇ ਬਾਪ ਦਾ ਹਾਜ਼ਰ-ਜਵਾਬ ਵਾਲਾ ਮੁੰਡਾ ਲੂਈ ਪਾਸਚਰ ਬਣਦਾ ਹੈ। ਸਾਗ-ਸਬਜ਼ੀਆਂ ਖਰੀਦ ਕੇ ਥੋੜ੍ਹੇ ਜਿਹੇ ਮੁਨਾਫ਼ੇ ਨਾਲ ਵੇਚਣ ਵਾਲਾ ਮੁੰਡਾ ਥੋਮਸ ਅਲਵਾ ਐਡੀਸਨ ਬਣਦਾ ਹੈ। ਅਪੰਗਤਾ ਦੇ ਸਰਾਪ ਤੋਂ ਛੁਟਕਾਰਾ ਦਿਵਾਉਣ ਵਾਲਾ ਸੰਗੀਤਕ ਅਧਿਆਪਕ ਅਲੈਗਜ਼ਾਂਡਰ ਗਰਾਹਮ ਬੈੱਲ ਬਣਦਾ ਹੈ। ਸਕੂਲ ਜਾਂ ਕਾਲਜ ਵਿੱਚ ਦਾਖਲ ਨਾ ਹੋਣ ਵਾਲਾ ਨਵੇਂ ਯੁੱਗ ਦਾ ਸਿਰਜਕ ਗੁਗਲਿਲਮੋ ਮਾਰਕੋਨੀ ਬਣਦਾ ਹੈ। ਆਪਣੀ ਮਾੜੀ ਯਾਦਾਸ਼ਤ ਕਾਰਨ ਬਦਨਾਮ ਹੋਣ ਵਾਲਾ ਸ਼ਖ਼ਸ ਅਲਬਰਟ ਆਇੰਸਟਾਈਨ ਬਣਦਾ ਹੈ। ਦੋ ਨੋਬੇਲ ਪੁਰਸਕਾਰ ਜਿੱਤਣ ਵਾਲੀ ਨਾਰੀ ਸ਼ਕਤੀ ਦਾ ਚਿੰਨ੍ਹ ਮੇਰੀ ਕਿਊਰੀ ਬਣਦੀ ਹੈ। ਘਰ ਵਿੱਚ ਅੱਗ ਬਾਲਣ ਲਈ ਬਾਹਰੋਂ ਅੰਗਿਆਰੇ ਮੰਗ ਕੇ ਲਿਆਉਣ ਵਾਲਾ ਵਿਅਕਤੀ ਡਾਕਟਰ ਹਰਗੋਵਿੰਦ ਖੁਰਾਣਾ ਬਣਦਾ ਹੈ। ਗ਼ਰੀਬ ਲੋਕਾਂ ਦੀ ਹੂਕ ਸੁਣਨ ਵਾਲਾ ਮਸੀਹਾ ਸਰ ਸੀ.ਵੀ. ਰਮਨ ਬਣਦਾ ਹੈ। ਸਾਈਕਲ ਮੁਰੰਮਤ ਦੀ ਦੁਕਾਨ ਚਲਾਉਣ ਵਾਲੇ ਆਦਮੀ ਰਾਈਟ ਭਰਾ ਬਣਦੇ ਹਨ। ਵੱਖ-ਵੱਖ ਚੀਜ਼ਾਂ ਇਕੱਠੀਆਂ ਕਰਨ ਵਾਲਾ ਸ਼ਾਂਤੀ ਦਾ ਪੁੰਜ ਚਾਰਲਸ ਡਾਰਵਿਨ ਬਣਦਾ ਹੈ।
‘ਵਿਗਿਆਨੀ ਬਾਬੇ’ ਪੁਸਤਕ ਦੀ ਪੜ੍ਹਤ ਕਰਨ ਤੋਂ ਬਾਅਦ ਇਹ ਤੱਥ ਸਾਹਮਣੇ ਆਉਂਦੇ ਹਨ ਕਿ ਇਹ 14 ਵਿਗਿਆਨੀ ਬਾਬਿਆਂ ਦਾ ਆਪੋ-ਆਪਣਾ ਰਹਿਣ-ਸਹਿਣ ਅਤੇ ਸੋਚਣ-ਸਮਝਣ ਦਾ ਢੰਗ-ਤਰੀਕਾ ਸੀ ਪਰ ਸਮਾਨਤਾ ਇਸ ਗੱਲ ਵਿੱਚ ਹੈ ਕਿ ਇਹ ਸਾਰੇ ਵਿਗਿਆਨੀ ਬਾਬੇ ਲਗਭਗ ਪੜ੍ਹਾਈ ਵਿੱਚ ਨਾਲਾਇਕ, ਸਰੀਰਕ ਤੌਰ ’ਤੇ ਕਮਜ਼ੋਰ, ਸੁਭਾਅ ਪੱਖੋਂ ਸ਼ਾਂਤ ਤੇ ਸ਼ਰਮਾਕਲ, ਯਾਦਦਾਸ਼ਤ ਸ਼ਕਤੀ ਪੱਖੋਂ ਭੁਲੱਕੜ, ਆਰਥਿਕ ਪੱਖੋਂ ਲਗਭਗ ਗ਼ਰੀਬ ਅਤੇ ਅਕਾਦਮਿਕ ਪੱਖੋਂ ਘੱਟ ਪੜ੍ਹੇ ਲਿਖੇ ਸਨ ਜਦੋਂਕਿ ਮਿਹਨਤ ਪੱਖੋਂ ਜਨੂੰਨੀ ਤੇ ਸਿਰੜੀ ਸਨ ਜਿਸ ਕਾਰਨ ਉਨ੍ਹਾਂ ਨੂੰ ਯੁੱਗ ਪਲਟਾਊ ਸਫ਼ਲਤਾ ਮਿਲੀ। ਸਮਾਜ ਨੂੰ ਹਰ ਪੱਖੋਂ ਸਹੂਲਤ ਦੇਣ ਲਈ ਆਪਣਾ ਆਪਾ ਵਾਰਨ ਵਾਲੇ ਸੂਰਮੇ ਸਨ। ਬੁਲੰਦੀਆਂ ਦੀਆਂ ਟੀਸੀਆਂ ਉੱਤੇ ਬੈਠਿਆਂ ਵੀ ਸ਼ਾਂਤ-ਚਿੱਤ ਦੇ ਮਾਲਕ ਸਨ। ਲੱਖਾਂ-ਕਰੋੜਾਂ ਪੈਸਿਆਂ ਦੀ ਮਲਕੀਅਤ ਹੋਣ ਦੇ ਬਾਵਜੂਦ ਸਾਦੇ ਜੀਵਨ ਨੂੰ ਪਹਿਲ ਦੇਣ ਵਾਲੇ ਫ਼ੱਕਰ ਸਨ। ਖੁੱਲ੍ਹ-ਦਿਲੀ ਨਾਲ ਹਰ ਕਿਸੇ ਦੀ ਸਹਾਇਤਾ ਕਰਨ ਵਾਲੇ ਦਿਆਲੂ ਵਿਅਕਤੀ ਸਨ।
ਇਸ ਪੁਸਤਕ ਵਿੱਚ 13 ਵਿਗਿਆਨੀ ਪੁਰਸ਼ ਹਨ ਪਰ ਇੱਕੋ-ਇੱਕ ਇਸਤਰੀ ਵਿਗਿਆਨੀ ਮੇਰੀ ਕਿਊਰੀ ਹੈ। ਇੱਕੋ-ਇੱਕ ਅਜਿਹੀ ਇਸਤਰੀ ਵਿਗਿਆਨੀ ਜਿਸ ਦਾ ਆਈ-ਕਿਊ ਪੱਧਰ (180-200) ਆਇੰਸਟਾਈਨ (160-180) ਤੋਂ ਵੀ ਜ਼ਿਆਦਾ ਸੀ। ਦੋ ਵਾਰ ਨੋਬੇਲ ਪੁਰਸਕਾਰ ਲੈਣ ਵਾਲੀ ਇਸ ਇਸਤਰੀ ਨੇ ਨਾਰੀ ਨਾਲ ਜੁੜੀਆਂ ਰੂੜ੍ਹੀਵਾਦੀ ਧਾਰਨਾਵਾਂ ਨੂੰ ਤੋੜਿਆ। ਇਉਂ ਮੇਰੀ ਕਿਊਰੀ ਅਜੋਕੀ ਇਸਤਰੀ ਦੀਆਂ ਅਸੀਮ ਸੰਭਾਵਨਾਵਾਂ ਦੀ ਵਾਹਕ ਬਣਦੀ ਹੈ।
ਅਸੀਂ ਵਿਗਿਆਨੀ ਬਾਬਿਆਂ ਦੀਆਂ ਭਰਪੂਰ ਖੋਜਾਂ ਦਾ ਆਨੰਦ ਮਾਣ ਰਹੇ ਹਾਂ ਅਤੇ ਇਨ੍ਹਾਂ ਦਾ ਜੀਵਨ ਸੰਘਰਸ਼ ਸਾਨੂੰ ਨਵੀਂ ਊਰਜਾ ਨਾਲ ਭਰਦਾ ਹੈ। ਸਾਨੂੰ ਸੋਚਣ ਲਈ ਨਿੱਗਰ ਦ੍ਰਿਸ਼ਟੀ ਪ੍ਰਦਾਨ ਕਰਦਾ ਹੈ। ਇਨ੍ਹਾਂ ਸਾਰਿਆਂ ਦੀ ਜੀਵਨ-ਯਾਤਰਾ ਇਲਮ ਦੀਆਂ ਡੀਂਗਾਂ ਮਾਰਨ ਵਾਲੇ ਤੁੱਛ ਬੁੱਧੀ ਦੇ ਮਾਲਕਾਂ ਨੂੰ ਦੱਸਦੀ ਹੈ ਕਿ ਇਲਮ ਅਥਾਹ ਅਤੇ ਵਿਸ਼ਾਲ ਸਮੁੰਦਰ ਹੈ। ਛੋਟੀ ਜਿਹੀ ਸਰੀਰਕ ਬਿਮਾਰੀ ਨਾਲ ਘਬਰਾਉਣ ਵਾਲਿਆਂ ਨੂੰ ਸਿਖਾਉਂਦੀ ਹੈ ਕਿ ਜਨੂੰਨੀ ਅਤੇ ਹਠੀ ਮਨ ਦੀ ਹੀ ਅੰਦਰੋਂ-ਬਾਹਰੋਂ ਜਿੱਤ ਹੁੰਦੀ ਹੈ। ਜ਼ਿੰਦਗੀ ਤੋਂ ਥੱਕੇ ਹਾਰਿਆਂ ਨੂੰ ਆਸ ਨਾਲ ਭਰਦੀ ਹੈ ਕਿ ਕਠੋਰ ਮਿਹਨਤ ਹਰ ਮੁਸ਼ਕਿਲ ਦਾ ਹੱਲ ਹੈ ਅਤੇ ਅਸਫ਼ਲਤਾ ਵਿੱਚੋਂ ਹੀ ਸਫ਼ਲਤਾ ਦਾ ਰਾਹ ਲੰਘਦਾ ਹੈ। ਲਕੀਰ ਦੇ ਫਕੀਰ ਬਣਨ ਵਾਲੀ ਮਾਨਸਿਕਤਾ ਨੂੰ ਪ੍ਰੇਰਨਾ ਦਿੰਦੀ ਹੈ ਕਿ ਕਦੇ-ਕਦਾਈਂ ਸਿੱਧੀ ਪਗਡੰਡੀ ਉੱਤੇ ਤੁਰਨ ਦੀ ਬਜਾਇ ਜੰਗਲ-ਬੇਲੇ ’ਚੋਂ ਵੀ ਗੁਜ਼ਰਨਾ ਚਾਹੀਦਾ ਹੈ ਤਾਂ ਜੋ ਨਵੇਂ ਰਹੱਸਾਂ ਨੂੰ ਜਾਣਿਆ ਜਾ ਸਕੇ। ਮਾਨਸਿਕ ਤੌਰ ’ਤੇ ਤਿੜਕੇ ਆਦਮੀ ਨੂੰ ਹਲੂਣਾ ਦਿੰਦੀ ਹੈ ਕਿ ਉਸ ਇਨਸਾਨ ਦੇ ਅੰਦਰ ਸੋਕਾ ਪੈਦਾ ਨਹੀਂ ਹੋ ਸਕਦਾ ਜੋ ਨਿਰਖ-ਪਰਖ ਕਰਦਾ ਅਤੇ ਆਪਣੇ ਆਪ ਨੂੰ ਨਵੇਂ ਵਿਚਾਰਾਂ ਨਾਲ ਭਰਦਾ ਹੈ। ਧਰਮ ਦੇ ਠੇਕੇਦਾਰਾਂ ਨੂੰ ਇਹ ਪਾਠ ਪੜ੍ਹਾਉਂਦੀ ਹੈ ਕਿ ਕੰਮ ਹੀ ਪੂਜਾ ਹੈ। ਰੂੜ੍ਹੀਵਾਦੀ ਵਿਚਾਰਾਂ ਵਾਲੇ ਲੋਕਾਂ ਨੂੰ ਵਿਗਿਆਨਕ ਨਜ਼ਰੀਆ ਦਿੰਦੀ ਹੈ ਕਿ ਜ਼ਿੰਦਾ ਰਹਿਣ ਲਈ ਤਬਦੀਲੀ ਅਨੁਕੂਲ ਢਲਣ ਦੀ ਲੋੜ ਹੁੰਦੀ ਹੈ। ਇਹ ਵੀ ਦੱਸਦੀ ਹੈ ਕਿ ਮਨੁੱਖ ਪੈਸੇ ਨਾਲ ਨਹੀਂ ਸਗੋਂ ਨੇਕ-ਨੀਅਤ ਨਾਲ ਕੀਤੇ ਕਰਮਾਂ ਨਾਲ ਵੱਡਾ ਹੁੰਦਾ ਹੈ। ਅਜਿਹੇ ਵਿਚਾਰਾਂ ਅਤੇ ਖੋਜ ਕਾਰਜਾਂ ਨਾਲ ਭਰਪੂਰ ‘ਵਿਗਿਆਨੀ ਬਾਬੇ’ ਵਾਰਤਕ ਪੁਸਤਕ ਪੜ੍ਹਨ ਅਤੇ ਵਿਚਾਰਨ ਯੋਗ ਹੈ।
ਸੰਪਰਕ: 94176-18624

Advertisement

Advertisement
Advertisement
Author Image

joginder kumar

View all posts

Advertisement