For the best experience, open
https://m.punjabitribuneonline.com
on your mobile browser.
Advertisement

ਵਿਜੀਲੈਂਸ ਦੇ ‘ਪ੍ਰੋਫਾਰਮੇ’ ਨੇ ਸਿਆਸਤਦਾਨਾਂ ਨੂੰ ਲਿਆਂਦੀਆਂ ਤਰੇਲੀਆਂ

10:25 PM Jun 23, 2023 IST
ਵਿਜੀਲੈਂਸ ਦੇ ‘ਪ੍ਰੋਫਾਰਮੇ’ ਨੇ ਸਿਆਸਤਦਾਨਾਂ ਨੂੰ ਲਿਆਂਦੀਆਂ ਤਰੇਲੀਆਂ
Advertisement

ਦਵਿੰਦਰ ਪਾਲ

Advertisement

ਚੰਡੀਗੜ੍ਹ, 6 ਜੂਨ

ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸਰੋਤਾਂ ਤੋਂ ਵੱਧ ਆਮਦਨ ਦੇ ਮਾਮਲਿਆਂ ਵਿੱਚ ਸਿਆਸਤਦਾਨਾਂ ਤੇ ਨੌਕਰਸ਼ਾਹਾਂ ਵਿਰੁੱਧ ਵਿੱਢੀ ਜਾਂਚ ਦੌਰਾਨ ਵਿਜੀਲੈਂਸ ਦਾ ਨਿਰਧਾਰਿਤ ਪ੍ਰੋਫਾਰਮਾ ਭਰਨ ਨੇ ਰਾਜਸੀ ਵਿਅਕਤੀਆਂ ਤੇ ਅਧਿਕਾਰੀਆਂ ਨੂੰ ਤਰੇਲੀਆਂ ਲਿਆ ਦਿੱਤੀਆਂ ਹਨ। ਵਿਜੀਲੈਂਸ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ 60 ਤੋਂ ਵੱਧ ਮਾਮਲਿਆਂ ਵਿੱਚ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਸਿਆਸੀ ਆਗੂਆਂ ਸਣੇ ਆਈਏਐੱਸ, ਪੀਸੀਐੱਸ, ਆਈਪੀਐੱਸ ਤੇ ਪੀਪੀਐੱਸ ਅਧਿਕਾਰੀਆਂ ਨੂੰ ਪ੍ਰੋਫਾਰਮੇ ਭਰਨ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚੋਂ 10 ਜਣਿਆਂ ਨੇ ਹੀ ਪ੍ਰਫਾਰਮਾ ਭਰਨ ਦੀ ਹਿੰਮਤ ਜੁਟਾਈ ਹੈ ਜਦੋਂਕਿ ਬਾਕੀ ਵਿਸ਼ੇਸ਼ ਵਿਅਕਤੀਆਂ ਵੱਲੋਂ ਨਾਂਹ-ਨੁੱਕਰ ਕੀਤੀ ਜਾ ਰਹੀ ਹੈ।

ਵਿਜੀਲੈਂਸ ਅਧਿਕਾਰੀਆਂ ਨੇ ਕਿਹਾ ਕਿ ਸਰੋਤਾਂ ਤੋਂ ਵੱਧ ਆਮਦਨ ਦੇ ਮਾਮਲਿਆਂ ਵਿੱਚ ਪ੍ਰੋਫਾਰਮਾ ਅਹਿਮ ਹੁੰਦਾ ਹੈ। ਇਸ ਪ੍ਰੋਫਾਰਮੇ ਰਾਹੀਂ ਸਬੰਧਤ ਵਿਅਕਤੀ ਨੇ ਆਪਣੇ ਤੇ ਪਰਿਵਾਰਕ ਮੈਂਬਰਾਂ ਦੇ ਨਾਮ ‘ਤੇ ਖ਼ਰੀਦੀਆਂ ਜਾਇਦਾਦਾਂ, ਸਾਰੇ ਪਰਿਵਾਰਕ ਮੈਂਬਰਾਂ ਦੇ ਬੈਂਕ ਖਾਤੇ, ਆਦਮਨ ਕਰ ਦੀਆਂ ਰਿਟਰਨਾਂ, ਵਿਦੇਸ਼ ਦੌਰਿਆਂ ਦੀਆਂ ਟਿਕਟਾਂ ਅਤੇ ਵਿਦੇਸ਼ ‘ਚ ਕੀਤੇ ਖਰਚ ਸਮੇਤ ਸਮੁੱਚੇ ਖ਼ਰਚ ਦਾ ਬਿਊਰਾ ਵਿਜੀਲੈਂਸ ਨੂੰ ਦੇਣਾ ਹੁੰਦਾ ਹੈ। ਵਿਜੀਲੈਂਸ ਸੂਤਰਾਂ ਦਾ ਦੱਸਣਾ ਹੈ ਕਿ ਕਈ ਸਿਵਲ ਤੇ ਪੁਲੀਸ ਅਧਿਕਾਰੀਆਂ ਵੱਲੋਂ ਆਪਣੇ ਤੇ ਪਤਨੀਆਂ ਦੇ ਪਾਸਪੋਰਟ ਵਿਜੀਲੈਂਸ ਦੇ ਤਫ਼ਤੀਸ਼ੀ ਅਫਸਰਾਂ ਹਵਾਲੇ ਕਰਨ ਤੋਂ ਟਾਲਾ ਵੱਟਿਆ ਜਾ ਰਿਹਾ ਹੈ। ਇਸ ਤੋਂ ਬਾਅਦ ਹੀ ਜਾਂਚ ਤਣ-ਪੱਤਣ ਲੱਗ ਸਕਦੀ ਹੈ। ਵਿਜੀਲੈਂਸ ਅਧਿਕਾਰੀਆਂ ਮੁਤਾਬਕ ਹੁਣ ਤੱਕ 30 ਤੋਂ ਵੱਧ ਕਾਂਗਰਸੀ ਆਗੂਆਂ, ਜਿਨ੍ਹਾਂ ਵਿੱਚ ਸਾਬਕਾ ਮੰਤਰੀ, ਮੌਜੂਦਾ ਤੇ ਸਾਬਕਾ ਵਿਧਾਇਕ ਸਮੇਤ ਸਾਬਕਾ ਮੁੱਖ ਮੰਤਰੀ ਵੀ ਸ਼ਾਮਲ ਹਨ, ਵਿਰੁੱਧ ਸਰੋਤਾਂ ਤੋਂ ਵੱਧ ਆਮਦਨ ਦੇ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨਾਲ ਸਬੰਧਤ 15 ਦੇ ਕਰੀਬ ਸਿਆਸਤਦਾਨ ਤੇ ਦਰਜਨ ਤੋਂ ਵੱਧ ਅਜਿਹੇ ਨੌਕਰਸ਼ਾਹ ਹਨ, ਜਿਨ੍ਹਾਂ ਦੇ ਅਸਾਸੇ ਵਿਜੀਲੈਂਸ ਵੱਲੋਂ ਘੋਖੇ ਜਾ ਰਹੇ ਹਨ। ਵਿਜੀਲੈਂਸ ਦੇ ਤਫ਼ਤੀਸ਼ੀ ਅਫ਼ਸਰਾਂ ਵੱਲੋਂ ਸਿਆਸਤਦਾਨਾਂ ਅਤੇ ਨੌਕਰਸ਼ਾਹਾਂ ਦੇ ਬੈਂਕ ਖਾਤੇ ਘੋਖੇ ਜਾ ਰਹੇ ਹਨ ਤੇ ਮਾਲ ਵਿਭਾਗ ਤੋਂ ਵੀ ਜਾਇਦਾਦਾਂ ਦੇ ਵੇਰਵੇ ਤੇ ਜਮ੍ਹਾਂਬੰਦੀਆਂ ਮੰਗੀਆਂ ਗਈਆਂ ਹਨ। ਇਸ ਆਧਾਰ ‘ਤੇ ਵਿਜੀਲੈਂਸ ਵੱਲੋਂ ਸਰੋਤਾਂ ਤੋਂ ਵੱਧ ਆਮਦਨ ਦੇ ਮਾਮਲਿਆਂ ਵਿੱਚ ਦੋਸ਼ ਪੱਤਰ ਤਿਆਰ ਕੀਤੇ ਜਾ ਰਹੇ ਹਨ।

ਸਮਾਂਬੱਧ ਤੇ ਪੇਸ਼ੇਵਰ ਜਾਂਚ ਲਈ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਤਾਇਨਾਤੀ

ਸੂਬੇ ਵਿੱਚ ਸੱਤਾ ਤਬਦੀਲੀ ਤੋਂ ਬਾਅਦ ਵਿਜੀਲੈਂਸ ਦੀਆਂ ਸਰਗਰਮੀਆਂ ਵਿੱਚ ਭਾਰੀ ਵਾਧਾ ਹੋਇਆ ਹੈ। ਪੰਜਾਬ ਵਿਜੀਲੈਂਸ ਬਿਊਰੋ ਨੇ ਇੱਕ ਸਾਲ ਦੇ ਸਮੇਂ ਦੌਰਾਨ ਅੱਧੀ ਦਰਜਨ ਤੋਂ ਵੱਧ ਸਾਬਕਾ ਕਾਂਗਰਸੀ ਮੰਤਰੀਆਂ ਖਿਲਾਫ਼ ਕਾਰਵਾਈ ਅਮਲ ਵਿੱਚ ਲਿਆਂਦੀ ਹੈ। ਇਨ੍ਹਾਂ ਮਾਮਲਿਆਂ ਦੀ ਸਮਾਂਬੱਧ ਤੇ ਪੇਸ਼ੇਵਰ ਢੰਗ ਨਾਲ ਜਾਂਚ ਲਈ ਅਧਿਕਾਰੀਆਂ ਤੇ ਮੁਲਾਜ਼ਮਾਂ ਸਣੇ ਮਾਹਿਰਾਂ ਦੀ ਗਿਣਤੀ ਵਧਾਉਣ ਦੀ ਮੰਗ ਉੱਠੀ ਸੀ। ਵਿਜੀਲੈਂਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਭ੍ਰਿਸ਼ਟਾਚਾਰ ਤੇ ਆਰਥਿਕ ਅਪਰਾਧਾਂ ਨਾਲ ਨਜਿੱਠਣ ਲਈ ਬਿਊਰੋ ਵਿੱਚ ਪੰਜਾਬ ਪੁਲੀਸ ਵੱਲੋਂ ਸਿਪਾਹੀ ਤੋਂ ਲੈ ਕੇ ਐੱਸਪੀ ਰੈਂਕ ਤੱਕ ਦੇ 100 ਦੇ ਕਰੀਬ ਮੁਲਾਜ਼ਮਾਂ ਤੇ ਅਧਿਕਾਰੀਆਂ ਦੀ ਤਾਇਨਾਤੀ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਆਰਥਿਕ ਅਪਰਾਧ ਨਾਲ ਨਜਿੱਠਣ ਲਈ ਪੇਸ਼ੇਵਰ ਮੁਲਾਜ਼ਮਾਂ ਦੀ ਭਰਤੀ ਵੀ ਕੀਤੀ ਜਾ ਰਹੀ ਹੈ। ਬਿਊਰੋ ਵੱਲੋਂ ਨਿਪੁੰਨ ਵਕੀਲਾਂ, ਚਾਰਟਰਡ ਅਕਾਊਂਟੈਂਟਸ ਸਣੇ ਈਡੀ ਅਤੇ ਸੀਬੀਆਈ ਦੇ ਮਾਹਿਰਾਂ ਦੀਆਂ ਸੇਵਾਵਾਂ ਵੀ ਲਈਆਂ ਜਾ ਰਹੀਆਂ ਹਨ।

Advertisement
Advertisement
Advertisement
×