ਮਿਲਾਵਟਖੋਰੀ ਨੂੰ ਰੋਕਣ ਲਈ ਜ਼ਿਲ੍ਹਾ ਸੰਗਰੂਰ ’ਚ ਤਿੰਨ ਅੰਤਰਰਾਜੀ ਨਾਕਿਆਂ ’ਤੇ ਚੌਕਸੀ ਟੀਮਾਂ ਤਾਇਨਾਤ
ਗੁਰਦੀਪ ਸਿੰਘ ਲਾਲੀ
ਸੰਗਰੂਰ, 9 ਨਵੰਬਰ
ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਜ਼ਿਲ੍ਹੇ ਵਿੱਚ ਵਿਕਣ ਵਾਲੇ ਖਾਧ ਪਦਾਰਥਾਂ ਵਿੱਚ ਮਿਲਾਵਟਖੋਰੀ ਨੂੰ ਸਖ਼ਤੀ ਨਾਲ ਰੋਕਣ ਲਈ ਜ਼ਿਲ੍ਹਾ ਸੰਗਰੂਰ ਦੇ 3 ਅੰਤਰ ਰਾਜੀ ਨਾਕਿਆਂ ’ਤੇ ਚੌਕਸੀ ਵਧਾਉਣ ਦੇ ਹੁਕਮ ਦਿੱਤੇ ਹਨ। ਡਿਪਟੀ ਕਮਿਸ਼ਨਰ ਨੇ ਆਮ ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਮੂਨਕ, ਲਹਿਰਾ ਤੇ ਖਨੌਰੀ ਵਿਖੇ ਪ੍ਰਸ਼ਾਸਨ ਅਤੇ ਪੁਲੀਸ ਦੇ ਅਧਿਕਾਰੀਆਂ ’ਤੇ ਆਧਾਰਤਿ ਵਿਸ਼ੇਸ ਚੌਕਸੀ ਟੀਮਾਂ ਤਾਇਨਾਤ ਕੀਤੀਆਂ ਹਨ, ਜੋ 24 ਘੰਟੇ ਮੁਸਤੈਦ ਰਹਿਣਗੀਆਂ ਅਤੇ ਹੋਰਨਾਂ ਰਾਜਾਂ ਤੋਂ ਨਕਲੀ ਜਾਂ ਮਿਲਾਵਟੀ ਮਠਿਆਈ ਸਮੇਤ ਕਿਸੇ ਵੀ ਅਜਿਹੇ ਹੋਰ ਖਾਧ ਪਦਾਰਥ ਨੂੰ ਰੋਕਣ ਲਈ ਦਿਨ ਰਾਤ ਡਿਊਟੀ ਨਿਭਾਉਣਗੀਆਂ। ਡਿਪਟੀ ਕਮਿਸ਼ਨਰ ਦੇ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਸਾਧਨਾਂ ਦੀ ਚੈਕਿੰਗ ਦੌਰਾਨ ਜੇ ਕੋਈ ਵੀ ਅਜਿਹਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਜ਼ਿਲ੍ਹਾ ਸਿਹਤ ਅਫ਼ਸਰ ਸੰਗਰੂਰ ਡਾ. ਬਲਜੀਤ ਸਿੰਘ ਨੂੰ ਇਸ ਬਾਰੇ ਸੂਚਤਿ ਕੀਤਾ ਜਾਵੇ ਤਾਂ ਜੋ ਇਸ ਸਬੰਧੀ ਕਾਨੂੰਨ ਅਨੁਸਾਰ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ। ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ’ਤੇ ਥਾਣਾ ਮੂਨਕ ਦੇ ਨਾਕਾ ਰਾਮਪੁਰਾ ਗਨੋਟਾ ਵਿਖੇ ਡੀਐੱਸਪੀ ਸੰਗਰੂਰ ਸੁਖਦੇਵ ਸਿੰਘ ਦੀ ਨਿਗਰਾਨੀ ਹੇਠ ਇੰਸਪੈਕਟਰ ਜੋਗਿੰਦਰ ਸਿੰਘ ਤੇ ਜੇਈ ਜਲ ਸਪਲਾਈ ਵਿਕਾਸ ਅਤੇ ਡੀੱਐਸਪੀ ਮੂਨਕ ਪਰਮਿੰਦਰ ਸਿੰਘ ਦੀ ਨਿਗਰਾਨੀ ਹੇਠ ਸਹਾਇਕ ਥਾਣੇਦਾਰ ਬਾਬੂ ਸਿੰਘ ਤੇ ਪੰਚਾਇਤ ਅਫ਼ਸਰ ਨਰੇਸ਼ ਕੁਮਾਰ ਤਾਇਨਾਤ ਕੀਤੇ ਗਏ ਹਨ ਜਦਕਿ ਨਾਕਾ ਚੋਟੀਆਂ ਪਿਕਟ ਥਾਣਾ ਲਹਿਰਾ ਵਿਖੇ ਡੀਐੱਸਪੀ ਸਥਾਨਕ ਗੁਰਮੁਖ ਸਿੰਘ ਦੀ ਨਿਗਰਾਨੀ ਹੇਠ ਇੰਸਪੈਕਟਰ ਵਿਨੋਦ ਕੁਮਾਰ ਤੇ ਜੇਈ ਜਲ ਸਪਲਾਈ ਗੁਰਪ੍ਰੀਤ ਸਿੰਘ ਅਤੇ ਡੀਐੱਸਪੀ ਲਹਿਰਾ ਦੀਪਕ ਰਾਏ ਦੀ ਨਿਗਰਾਨੀ ਹੇਠ ਥਾਣੇਦਾਰ ਹਰਮਿੰਦਰ ਸਿੰਘ ਤੇ ਜੇਈ ਸਿੰਜਾਈ ਯੁਗਰਾਜ ਬਾਂਸਲ ਤਾਇਨਾਤ ਰਹਿਣਗੇ। ਇਸ ਤੋਂ ਇਲਾਵਾ ਨਾਕਾ ਨੇੜੇ ਚੂੰਗੀ ਨਰਵਾਣਾ ਰੋਡ ਖਨੌਰੀ ਵਿਖੇ ਰਵਿੰਦਰ ਸਿੰਘ ਡੀਐੱਸਪੀ (ਸੀਏਡਬਲਿਊ) ਦੀ ਨਿਗਰਾਨੀ ਹੇਠ ਸਹਾਇਕ ਥਾਣੇਦਾਰ ਦਿਲਬਾਗ ਸਿੰਘ ਤੇ ਜੇਈ ਜਲ ਸਪਲਾਈ ਸੋਮਪਾਲ ਅਤੇ ਡੀਐੱਸਪੀ ਦੀਪਕ ਰਾਏ ਦੀ ਨਿਗਰਾਨੀ ਹੇਠ ਸਹਾਇਕ ਥਾਣੇਦਾਰ ਬਲਵੀਰ ਸਿੰਘ ਤੇ ਜੇਈ ਪੀਐੱਸਪੀਸੀਐੱਲ ਕੁਲਦੀਪ ਸਿੰਘ ਨੂੰ ਤਾਇਨਾਤ ਕੀਤਾ ਗਿਆ ਹੈ।