ਮਨਪ੍ਰੀਤ ਬਾਦਲ ਦੀ ਭਾਲਵਿੱਚ ਵਿਜੀਲੈਂਸ ਟੀਮ ਚੰਡੀਗੜ੍ਹ ਪੁੱਜੀ
ਦਵਿੰਦਰ ਪਾਲ
ਚੰਡੀਗੜ੍ਹ, 5 ਅਕਤੂਬਰ
ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਭਾਲ ’ਚ ਪੰਜਾਬ ਵਿਜੀਲੈਂਸ ਬਿਊਰੋ ਦੀ ਟੀਮ ਡੀਐੱਸਪੀ ਕੁਲਵੰਤ ਸਿੰਘ ਦੀ ਅਗਵਾਈ ਹੇਠ ਅੱਜ ਚੰਡੀਗੜ੍ਹ ਪਹੁੰਚੀ। ਇਸੇ ਦੌਰਾਨ ਟੀਮ ਨੂੰ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਸੂਤਰਾਂ ਅਨੁਸਾਰ ਵਿਜੀਲੈਂਸ ਦੀ ਟੀਮ ਜਵਿੇਂ ਹੀ ਸੈਕਟਰ-7 ਸਥਿਤ ਉਸਾਰੀ ਅਧੀਨ ਦੋ ਕਨਾਲ ਦੀ ਕੋਠੀ ’ਚ ਪਹੁੰਚੀ ਤਾਂ ਟੀਮ ਨੂੰ ਪਤਾ ਲੱਗਾ ਕਿ ਮਨਪ੍ਰੀਤ ਬਾਦਲ ਦੇ ਰਿਸ਼ਤੇਦਾਰਾਂ ਦੀ ਕੋਠੀ ਉਸਾਰੀ ਅਧੀਨ ਹੈ। ਮਨਪ੍ਰੀਤ ਸਿੰਘ ਦਾ ਸਾਲਾ ਜੈਜੀਤ ਸਿੰਘ ਜੋਜੋ ਸੈਕਟਰ-7 ਵਿੱਚ ਹੀ ਕਿਰਾਏ ਦੇ ਮਕਾਨ ’ਚ ਰਹਿੰਦਾ ਹੈ। ਉਹ ਘਰ ਵਿੱਚ ਮੌਜੂਦ ਨਹੀਂ ਸੀ। ਵਿਜੀਲੈਂਸ ਦੀ ਟੀਮ ਕਿਰਾਏ ਦੇ ਇਸ ਮਕਾਨ ਵੱਲ ਜਾਣ ਲੱਗੀ ਤਾਂ ਸਾਬਕਾ ਵਿੱਤ ਮੰਤਰੀ ਦੇ ਰਿਸ਼ਤੇਦਾਰਾਂ ਨੇ ਮੌਕੇ ’ਤੇ ਵਕੀਲਾਂ ਦੀ ਟੀਮ ਬੁਲਾ ਲਈ ਤੇ ਵਿਜੀਲੈਂਸ ਟੀਮ ਨੂੰ ਤਲਾਸ਼ੀ ਵਾਰੰਟ ਪੇਸ਼ ਕਰਨ ਲਈ ਕਿਹਾ। ਵਿਜੀਲੈਂਸ ਦੇ ਅਧਿਕਾਰੀ ਜਦੋਂ ਕੋਈ ਪੁਖ਼ਤਾ ਦਸਤਾਵੇਜ਼ ਨਾ ਦਿਖਾ ਸਕੇ ਤਾਂ ਉਨ੍ਹਾਂ ਨੂੰ ਘਰ ਦੇ ਅੰਦਰ ਦਾਖਲ ਨਹੀਂ ਹੋਣ ਦਿੱਤਾ ਗਿਆ। ਇਸੇ ਦੌਰਾਨ ਵਿਜੀਲੈਂਸ ਅਧਿਕਾਰੀਆਂ ਤੇ ਵਕੀਲਾਂ ਵਿਚਾਲੇ ਲੰਮਾ ਸਮਾਂ ਬਹਿਸ ਹੁੰਦੀ ਰਹੀ। ਵਿਜੀਲੈਂਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਇਸ ਘਟਕਾਕ੍ਰਮ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸਾਬਕਾ ਵਿੱਤ ਮੰਤਰੀ ਦੀ ਤਲਾਸ਼ ਜਾਰੀ ਹੈ। ਜ਼ਿਕਰਯੋਗ ਹੈ ਕਿ ਵਿਜੀਲੈਂਸ ਬਿਊਰੋ ਬਠਿੰਡਾ ਨੇ ਮਨਪ੍ਰੀਤ ਬਾਦਲ ਸਮੇਤ ਛੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੋਇਆ ਹੈ। ਇਨ੍ਹਾਂ ਵਿੱਚ ਮਨਪ੍ਰੀਤ ਬਾਦਲ ਤੋਂ ਇਲਾਵਾ ਕਾਰੋਬਾਰੀ ਰਾਜੀਵ ਗੋਇਲ, ਅਮਨਦੀਪ ਸਿੰਘ, ਬਿਕਰਮ ਸ਼ੇਰਗਿੱਲ, ਵਿਕਾਸ ਤੇ ਪ੍ਰਦੀਪ ਕਾਲੀਆ ਦੇ ਨਾਮ ਸ਼ਾਮਲ ਹਨ। ਇਹ ਕੇਸ ਵਿਜੀਲੈਂਸ ਬਿਊਰੋ ਨੇ ਮਨਪ੍ਰੀਤ ਸਿੰਘ ਬਾਦਲ ਵੱਲੋਂ ਕਮਰਸ਼ੀਅਲ ਪਲਾਟਾਂ ਨੂੰ ਰਿਹਾਇਸ਼ੀ ਪਲਾਟਾਂ ਵਿਚ ਤਬਦੀਲ ਕਰਕੇ ਘੱਟ ਰੇਟ ’ਤੇ ਖ਼ਰੀਦੋ-ਫ਼ਰੋਖ਼ਤ ਕਰਨ ਦੇ ਦੋਸ਼ ਤਹਿਤ ਦਰਜ ਕੀਤਾ ਹੈ। ਵਿਜੀਲੈਂਸ ਨੇ ਇਸ ਸਬੰਧ ’ਚ ਕਈ ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕੀਤਾ ਹੈ। ਬਠਿੰਡਾ ਦੀ ਇਕ ਅਦਾਲਤ ਨੇ ਬੀਤੇ ਦਨਿ ਸਾਬਕਾ ਵਿੱਤ ਮੰਤਰੀ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਸੀ।