ਵਿਜੀਲੈਂਸ ਵੱਲੋਂ ਜਲੰਧਰ ਨਿਗਮ ਦਫ਼ਤਰ ’ਤੇ ਛਾਪਾ
ਪੱਤਰ ਪ੍ਰੇਰਕ
ਜਲੰਧਰ, 7 ਫਰਵਰੀ
ਚੰਡੀਗੜ੍ਹ ਤੋਂ ਆਈ ਵਿਜੀਲੈਂਸ ਦੀ ਟੀਮ ਨੇ ਅੱਜ ਸਥਾਨਕ ਨਗਰ ਨਿਗਮ ਦਫ਼ਤਰ ’ਤੇ ਛਾਪਾ ਮਾਰਿਆ। ਇਸ ਦੌਰਾਨ ਟੀਮ ਨੇ ਸੌ ਤੋਂ ਵੱਧ ਫਾਈਲਾਂ ਦੀ ਜਾਂਚ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ ਲੰਬੇ ਸਮੇਂ ਤੋਂ ਸਥਾਨਕ ਲੋਕਾਂ ਵੱਲੋਂ ਨਗਰ ਨਿਗਮ ਖ਼ਿਲਾਫ਼ ਸ਼ਿਕਾਇਤਾਂ ਭੇਜੀਆਂ ਜਾ ਰਹੀਆਂ ਸਨ ਜਿਨ੍ਹਾਂ ’ਤੇ ਕਾਰਵਾਈ ਕਰਦਿਆਂ ਅੱਜ ਵਿਜੀਲੈਂਸ ਵੱਲੋਂ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਵਿਜੀਲੈਂਸ ਦੀ ਟੀਮ ਦੁਪਹਿਰ ਕਰੀਬ 12 ਵਜੇ ਨਗਰ ਨਿਗਮ ਦਫ਼ਤਰ ਪਹੁੰਚੀ ਤੇ ਅਧਿਕਾਰੀਆਂ ਨੇ ਫਾਈਲਾਂ ਦੀ ਜਾਂਚ ਆਰੰਭ ਦਿੱਤੀ। ਸੂਤਰਾਂ ਅਨੁਸਾਰ ਕਈ ਫਾਈਲਾਂ ਵਿੱਚ ਕਮੀਆਂ ਸਾਹਮਣੇ ਆਈਆਂ ਹਨ। ਇਸ ਦੌਰਾਨ ਕਈ ਇਮਾਰਤਾਂ ਦੀ ਉਸਾਰੀ ਪ੍ਰਕਿਰਿਆ ਵਿੱਚ ਵੀ ਖਾਮੀਆਂ ਮਿਲੀਆਂ ਹਨ। ਜਾਂਚ ਦੌਰਾਨ ਵਿਜੀਲੈਂਸ ਨੇ ਕਈ ਇਲਾਕਿਆਂ ਨੂੰ ਸੂਚੀਬੱਧ ਕੀਤਾ ਹੈ, ਜਿਨ੍ਹਾਂ ਵਿੱਚ ਰਿਹਾਇਸ਼ੀ ਇਲਾਕਿਆਂ ਵਿੱਚ ਵਪਾਰਕ ਇਮਾਰਤਾਂ ਬਣਾਈਆਂ ਗਈਆਂ ਹਨ। ਇਨ੍ਹਾਂ ਇਲਾਕਿਆਂ ਵਿੱਚ ਮੰਡੀ ਫਨਟ ਗੰਜ, ਮੁਹੱਲਾ ਗੋਬਿੰਦਗੜ੍ਹ , ਲੱਧੇਵਾਲੀ, ਸ਼ਮਸ਼ਾਨਘਾਟ ਨੇੜੇ ਘਾਸ ਮੰਡੀ, ਗੁਰੂਨਾਨਕ ਮਿਸ਼ਨ ਚੌਕ, ਕ੍ਰਿਸ਼ਨਾ ਨਗਰ, ਲਾਡੋਵਾਲੀ ਰੋਡ ਸੰਤ ਨਗਰ, ਸੈਦਾ ਗੇਟ, ਅਟਾਰੀ ਬਾਜ਼ਾਰ ਤੇ ਹੋਰ ਇਲਾਕੇ ਸ਼ਾਮਲ ਹਨ।