ਵਿਜੀਲੈਂਸ ਵੱਲੋਂ ਦੋ ਕਾਰਜਸਾਧਕ ਅਫ਼ਸਰਾਂ ਸਣੇ ਤਿੰਨ ਗ੍ਰਿਫ਼ਤਾਰ
ਕੇ.ਪੀ. ਸਿੰਘ/ਦਲਬੀਰ ਸਿੰਘ ਸੱਖੋਵਾਲੀਆ
ਗੁਰਦਾਸਪੁਰ/ਬਟਾਲਾ, 24 ਜੁਲਾਈ
ਵਿਜੀਲੈਂਸ ਵਿਭਾਗ ਦੀ ਟੀਮ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਵਿੱਚ ਛਾਪੇ ਮਾਰ ਕੇ ਜ਼ਿਲ੍ਹੇ ਦੀਆਂ ਵੱਖ-ਵੱਖ ਨਗਰ ਕੌਂਸਲਾਂ ਦੇ ਦੋ ਕਾਰਜਸਾਧਕ ਅਫ਼ਸਰਾਂ ਸਣੇ ਤਿੰਨ ਜਣਿਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਹਿਰਾਸਤ ਵਿੱਚ ਨਗਰ ਕੌਂਸਲ ਫ਼ਤਿਹਗੜ੍ਹ ਚੂੜੀਆਂ ਦੇ ਕਾਰਜਸਾਧਕ ਅਫ਼ਸਰ ਭੁਪਿੰਦਰ ਸਿੰਘ, ਨਗਰ ਕੌਂਸਲ ਗੁਰਦਾਸਪੁਰ ਦੇ ਕਾਰਜਸਾਧਕ ਅਫ਼ਸਰ ਅਸ਼ੋਕ ਕੁਮਾਰ ਅਤੇ ਬਟਾਲਾ ਨਗਰ ਕੌਂਸਲ ਦੀ ਸੀਨੀਅਰ ਸਟੈਨੋਗ੍ਰਾਫ਼ਰ ਸਵਿਤਾ ਰਾਣੀ ਸ਼ਾਮਲ ਹੈ। ਇਨ੍ਹਾਂ ਸਾਰਿਆਂ ਨੂੰ ਸਾਲ 2017 ਵਿੱਚ ਬਟਾਲਾ ਨਗਰ ਕੌਂਸਲ ਵਿੱਚ ਹੋਏ ਭ੍ਰਿਸ਼ਟਾਚਾਰ ਸਬੰਧੀ ਹੋਈ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਜਾਂਚ ਤਹਿਤ ਹਿਰਾਸਤ ਵਿੱਚ ਲਿਆ ਗਿਆ ਹੈ।
ਬਟਾਲਾ ਨਗਰ ਕੌਂਸਲ ਦੇ ਸੁਪਰਡੈਂਟ ਨੇ ਦੱਸਿਆ ਕਿ ਅੱਜ ਉਨ੍ਹਾਂ ਕੋਲ ਵਿਜੀਲੈਂਸ ਭਾਗ ਦੇ ਅਧਿਕਾਰੀ ਆਏ ਸਨ ਅਤੇ ਉਨ੍ਹਾਂ ਨੇ ਕੁਝ ਅਧਿਕਾਰੀਆਂ ਬਾਰੇ ਜਾਣਕਾਰੀ ਮੰਗੀ। ਊਨ੍ਹਾਂ ਦੱਸਿਆ ਕਿ ਵਿਜੀਲੈਂਸ ਅਧਿਕਾਰੀ ਨਗਰ ਕੌਂਸਲ ਬਟਾਲਾ ਦੀ ਸੀਨੀਅਰ ਸਟੈਨੋਗ੍ਰਾਫ਼ਰ ਨੂੰ ਆਪਣੇ ਨਾਲ ਲੈ ਕੇ ਗਏ ਹਨ। ਇਹ ਵੀ ਦੱਸਣਯੋਗ ਹੈ ਕਿ ਵਿਜੀਲੈਂਸ ਵਿਭਾਗ ਦੀ ਟੀਮ ਵੱਲੋਂ ਜਨਿ੍ਹਾਂ ਅਧਿਕਾਰੀਆਂ ਨੂੰ ਆਪਣੀ ਹਿਰਾਸਤ ਵਿੱਚ ਲਿਆ ਗਿਆ ਹੈ ,ਉਹ ਸਾਰੇ ਅਧਿਕਾਰੀ ਉਸ ਵੇਲੇ ਬਟਾਲਾ ਨਗਰ ਕੌਂਸਲ ਵਿੱਚ ਤਾਇਨਾਤ ਸਨ।
ਦੱਸਣਯੋਗ ਹੈ ਕਿ ਸਾਲ 2017 ਵਿੱਚ ਉਸ ਵੇਲੇ ਦੇ ਨਗਰ ਕੌਂਸਲ ਬਟਾਲਾ ਦੇ ਮੀਤ ਪ੍ਰਧਾਨ ਹਰਿੰਦਰ ਕਲਸੀ ਵੱਲੋਂ ਵਿਜੀਲੈਂਸ ਵਿਭਾਗ ਨੂੰ ਸ਼ਿਕਾਇਤ ਕੀਤੀ ਗਈ ਸੀ ਕਿ ਨਗਰ ਕੌਂਸਲ ਬਟਾਲਾ ਦੇ ਤਤਕਾਲ ਪ੍ਰਧਾਨ ਵੱਲੋਂ ਭ੍ਰਿਸ਼ਟਾਚਾਰ ਕੀਤਾ ਜਾ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਅੱਜ ਅੰਮ੍ਰਿਤਸਰ ਤੋਂ ਵਿਭਾਗ ਦੇ ਅਧਿਕਾਰੀਆਂ ਵੱਲੋਂ ਕਾਰਵਾਈ ਕੀਤੀ ਗਈ। ਫ਼ਿਲਹਾਲ ਵਿਭਾਗ ਦੇ ਅਧਿਕਾਰੀ ਕੁਝ ਵੀ ਦੱਸਣ ਤੋਂ ਮਨਾਂ ਕਰ ਰਹੇ ਹਨ।
ਸ਼ਿਕਾਇਤਕਰਤਾ ਹਰਿੰਦਰ ਕਲਸੀ ਨੇ ਦੱਸਿਆ ਕਿ ਉਨ੍ਹਾਂ 2017 ਵਿੱਚ ਤਤਕਾਲੀ ਕੌਂਸਲ ਪ੍ਰਧਾਨ ਖ਼ਿਲਾਫ਼ ਭ੍ਰਿਸ਼ਟਾਚਾਰ ਕਰਨ ਦੀ ਸ਼ਿਕਾਇਤ ਕੀਤੀ ਸੀ। ਅੱਜ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਉਸ ਸ਼ਿਕਾਇਤ ਅਨੁਸਾਰ ਵਿਜੀਲੈਂਸ ਵਿਭਾਗ ਵੱਲੋਂ ਕੌਂਸਲ ਅਧਿਕਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਸ਼ਿਕਾਇਤ ਵਿੱਚ ਕਿਸੇ ਅਧਿਕਾਰੀ ਦਾ ਨਾਮ ਦਰਜ ਨਹੀਂ ਸੀ। ਸਾਬਕਾ ਮੀਤ ਪ੍ਰਧਾਨ ਸ੍ਰੀ ਕਲਸੀ ਨੇ ਦੱਸਿਆ ਸੀ ਕਿ ਨਗਰ ਕੌਂਸਲ ਬਟਾਲਾ ਵਿੱਚ ਨਵੇਂ ਟਰੈਕਟਰ ਅਤੇ ਸਕਰੈਪ ਦੀ ਕਥਿਤ ਘਪਲੇਬਾਜ਼ੀ ਹੋਈ। ਊਨ੍ਹਾਂ ਕਿਹਾ ਸੀ ਕਿ ਕੌਂਸਲ ਵੱਲੋਂ ਫਾਇਨਾਂਸ ’ਤੇ ਟਰੈਕਟਰ ਲਿਆਂਦੇ ਹੋਣ ਦੇ ਬਾਵਜੂਦ ਕੌਂਸਲ ਪ੍ਰਧਾਨ ਬਾਹਰ ਦੇ ਟਰੈਕਟਰਾਂ ਨੂੰ ਕੰਮ ਦੇਵੇ ਤਾਂ ਫਿਰ ਕੌਂਸਲ ਦੇ ਟਰੈਕਟਰ ਕਿਸ ਮਨੋਰਥ ਲਈ ਲਿਆਂਦੇ ਗਏ ਸਨ। ਸ੍ਰੀ ਕਲਸੀ ਨੇ ਕਿਹਾ ਕਿ ਸਥਾਨਕ ਬੱਸ ਸਟੈਂਡ ਦੇ ਕਥਿਤ ਘਪਲੇ ਸਬੰਧੀ ਸ਼ਿਕਾਇਤ ਵਿਭਾਗ ਦੇ ਡਾਇਰੈਕਟਰ ਨੂੰ ਕੀਤੇ ਜਾਣ ’ਤੇ ਕੁਝ ਦਨਿਾਂ ਵਿੱਚ ਹੀ ਮਹੀਨੇ ’ਚ ਡੇਢ ਕਰੋੜ ਰੁਪਏ ਦੀ ਕੁਲੈਕਸ਼ਨ ਵਧ ਗਈ।
ਤਤਕਾਲੀ ਪ੍ਰਧਾਨ ਸਣੇ 9 ਖ਼ਿਲਾਫ਼ ਕੇਸ ਦਰਜ, ਪੰਜ ਗ੍ਰਿਫ਼ਤਾਰ
ਇਥੇ ਵਿਜੀਲੈਂਸ ਨੇ ਨਗਰ ਕੌਂਸਲ ਬਟਾਲਾ ਦੇ ਤਤਕਾਲੀ ਪ੍ਰਧਾਨ ਅਤੇ ਭਾਜਪਾ ਆਗੂ ਨਰੇਸ਼ ਮਹਾਜਨ ਸਮੇਤ ਕੁੱਲ 9 ਜਣਿਆਂ ’ਤੇ ਵੱਖ-ਵੱਖ ਧਾਰਾਵਾਂ ਤਹਤਿ ਮਾਮਲਾ ਦਰਜ ਕੀਤਾ ਹੈ। ਮਹਾਜਨ ਭਾਜਪਾ ਦੇ ਆਗੂ ਹਨ, ਉਸ ਨੂੰ ਹਾਲ ਹੀ ਵਿੱਚ ਪਾਰਟੀ ਨੇ ਸੂਬਾ ਕਾਰਜਕਾਰੀ ਮੈਂਬਰ ਚੁਣਿਆ ਹੈ। ਇਸੇ ਤਰ੍ਹਾਂ ਪੰਜ ਜਣਿਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਵਿਜੀਲੈਂਸ ਨੇ ਨਰੇਸ਼ ਮਹਾਜਨ, ਤਤਕਾਲੀ ਈਓ ,ਚੀਫ ਸੈਨੇਟਰੀ ਇੰਸਪੈਕਟਰ, ਲੇਖਾਕਾਰ, ਸੁਪਰਡੰਟ , ਸਟੈਨੋਗ੍ਰਾਫਰ, ਸਬ ਫਾਈਰ ਅਫਸਰ ਨਗਰ ਕੌਂਸਰ ਬਟਾਲਾ, ਦੀਪਕ ਮਹਾਜਨ ਪ੍ਰੋਪ ਪਾਰਥ ਐਂਡ ਕੰਪਨੀ ਬਟਾਲਾ ਖ਼ਿਲਾਫ਼ ਧਾਰਾ 409/120ਬੀ/7,13 ( 1 ) (ਏ ) (2 ) ਤਹਿਤ ਕੇਸ ਦਰਜ ਕੀਤ ਗਿਆ ਹੈ। ਵਿਜੀਲੈਂਸ ਟੀਮ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਪੰਜ ਜਣਿਆਂ ’ਚ ਲੇਖਾਕਾਰ ਗੁਰਲਾਲ ਸਿੰਘ, ਸਟੈਨੋਗ੍ਰਾਫਰ ਸਵੀਟਾ, ਦੀਪਕ ਮਹਾਜਨ ਪ੍ਰੋ ਪਾਰਥ ਐਂਡ ਕੰਪਨੀ ਬਟਾਲਾ, ਅਲਿਲ ਕੁਮਾਰ ਪ੍ਰੋ. ਇਲੈਕਟ੍ਰਿਕ ਵਰਕਸ, ਸੈਨੇਟਰੀ ਇੰਸਪੈਕਟਰ ਹਰਪਾਲ ਸਿੰਘ ਸ਼ਾਮਲ ਹਨ। ਵਿਜੀਲੈਂਸ ਟੀਮ ਨੇ ਇਹ ਕਾਰਵਾਈ ਨਗਰ ਕੌਂਸਲ ਬਟਾਲਾ ਦੇ ਤਤਕਾਲੀ ਨਗਰ ਕੌਂਸਲ ਦੇ ਉਪ ਪ੍ਰਧਾਨ ਹਰਿੰਦਰਪਾਲ ਸਿੰਘ ਕਲਸੀ ਦੀ ਸ਼ਿਕਾਇਤ ’ਤੇ ਕੀਤੀ ਹੈ।