ਸਤਲੁਜ ’ਚ ਫੈਲਾਇਆ ਜਾ ਰਿਹੈ ਪ੍ਰਦੂਸ਼ਣ ਰੋਕਣ ਲਈ ਹੰਭਲਾ
ਸਤਵਿੰਦਰ ਬਸਰਾ
ਲੁਧਿਆਣਾ, 15 ਜੁਲਾਈ
ਕਾਲੇ ਪਾਣੀ ਦੇ ਮੋਰਚੇ ਦੀ ਅਗਵਾਈ ਕਰ ਰਹੀਆਂ ਸੰਸਥਾਵਾਂ ਨਰੋਆ ਪੰਜਾਬ ਮੰਚ, ਪੀਏਸੀ ਮੱਤੇਵਾੜਾ ਅਤੇ ਪੰਜਾਬ ਵਾਤਾਵਰਨ ਚੇਤਨਾ ਲਹਿਰ ਵੱਲੋਂ ਬੁੱਢਾ ਦਰਿਆ ਰਾਹੀਂ ਸਤਲੁਜ ਵਿੱਚ ਫੈਲਾਏ ਜਾ ਰਹੇ ਪ੍ਰਦੂਸ਼ਣ ਬਾਰੇ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਪੰਜਾਬੀ ਗਾਇਕ ਕੰਵਰ ਗਰੇਵਾਲ ਸਣੇ ਕਈ ਵਿਦਵਾਨਾਂ ਅਤੇ ਪੰਜਾਬ ਦਰਦੀਆਂ ਨੇ ਸ਼ਮੂਲੀਅਤ ਕੀਤੀ।
ਕੰਵਰ ਗਰੇਵਾਲ ਨੇ ਕਿਹਾ ਕਿ ਜੋ ਲੋਕ ਇਹ ਦਰਿਆ ਪਲੀਤ ਕਰ ਰਹੇ ਹਨ ਕੀ ਉਹ ਆਪਣੇ ਬੱਚਿਆਂ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਇਹ ਕਹਿ ਸਕਦੇ ਹਨ ਕਿ ਕੁਝ ਪੈਸਿਆਂ ਵਾਸਤੇ ਲੋਕਾਂ ਨੂੰ ਜ਼ਹਿਰੀਲਾ ਪਾਣੀ ਪਿਆਉਣਾ ਜਾਇਜ਼ ਹੈ। ਜਸਕੀਰਤ ਸਿੰਘ ਨੇ ਕਿਹਾ ਕਿ ਜ਼ੀਰਾ ਸ਼ਰਾਬ ਫੈਕਟਰੀ ਹੋਵੇ, ਭਾਵੇਂ ਲੁਧਿਆਣਾ ਦਾ ਬੁੱਢਾ ਦਰਿਆ, ਦੋਵੇਂ ਹੀ ਸਨਅਤਕਾਰਾਂ ਅਤੇ ਪ੍ਰਦੂਸ਼ਣ ਬੋਰਡ ਦੀ ਮਿਲੀਭੁਗਤ ਨਾਲ ਪੰਜਾਬ ਦੇ ਪਾਣੀਆਂ ਨੂੰ ਜ਼ਹਿਰੀਲਾ ਕਰ ਰਹੇ ਹਨ। ਪ੍ਰਦੂਸ਼ਣ ਨੂੰ ਖਤਮ ਕਰਨ ਲਈ ਇਸ ਮਿਲੀਭੁਗਤ ਵਾਲੇ ਗੱਠਜੋੜ ਨੂੰ ਤੋੜਨ ਦੀ ਲੋੜ ਹੈ। ਫਿਲਮ ਡਾਇਰੈਕਟਰ ਅਮਿਤੋਜ ਮਾਨ ਨੇ ਕਿਹਾ ਕਿ ਦੁਨੀਆ ਭਰ ਵਿੱਚ ਵੱਡੀ ਤੋਂ ਵੱਡੀ ਇੰਡਸਟਰੀ ਹੈ ਪਰ ਇਸ ਤਰ੍ਹਾਂ ਦਾ ਪ੍ਰਦੂਸ਼ਣ ਕਿਤੇ ਵੀ ਦੇਖਣ ਨੂੰ ਨਹੀਂ ਮਿਲਦਾ। ਖੇਤੀ ਅਰਥਸ਼ਾਸਤਰੀ ਦਵਿੰਦਰ ਸ਼ਰਮਾ ਨੇ ਦੱਸਿਆ ਕਿ ਦਰਿਆਵਾਂ ਨੂੰ ਪਲੀਤ ਕਰਨ ਨਾਲ ਜੀਡੀਪੀ ਵਧਦੀ ਹੈ ਕਿਉਂਕਿ ਫੈਕਟਰੀਆਂ ਨੂੰ ਮੁਨਾਫਾ ਹੁੰਦਾ ਹੈ ਅਤੇ ਹਸਪਤਾਲਾਂ ਨੂੰ ਵੀ ਮੁਨਾਫ਼ਾ ਹੁੰਦਾ ਹੈ। ਇਸ ਨਾਲ ਸਫ਼ਾਾਈ ਠੇਕੇਦਾਰ ਵੀ ਲਾਭ ਵਿੱਚ ਹੀ ਹੁੰਦੇ ਹਨ। ਇਹ ਅਜੀਬ ਹੀ ਆਰਥਿਕ ਮਾਡਲ ਹੈ। ਭਾਈ ਮਨਧੀਰ ਸਿੰਘ ਨੇ ਦੱਸਿਆ ਕਿ ਨੌਕਰਸ਼ਾਹੀ ਦਰਿਆਵਾਂ ਨੂੰ ਪ੍ਰਦੂਸ਼ਿਤ ਰੱਖ ਕੇ ਹੀ ਖੁਸ਼ ਹੈ। ਸੀਨੀਅਰ ਪੱਤਰਕਾਰ ਹਮੀਰ ਸਿੰਘ ਨੇ ਕਿਹਾ ਕਿ ਇਸ ਮਸਲੇ ਦਾ ਹੱਲ ਸੰਗਤ ਹੀ ਕਰ ਸਕਦੀ ਹੈ ਅਤੇ ਪਿੰਡਾਂ ਵਾਲਿਆਂ ਨੂੰ ਗ੍ਰਾਮ ਸਭਾ ਦੇ ਮਤੇ ਪਾ ਕੇ ਸਰਕਾਰ ਨੂੰ ਭੇਜਣੇ ਚਾਹੀਦੇ ਹਨ, ਜਿਸ ਨਾਲ ਨੌਕਰਸ਼ਾਹੀ ਇੰਡਸਟਰੀ ਅਤੇ ਪ੍ਰਦੂਸ਼ਣ ਬੋਰਡ ਦੇ ਇਸ ਨਾਪਾਕ ਗੱਠਜੋੜ ਨੂੰ ਤੋੜਿਆ ਜਾ ਸਕਦਾ ਹੈ। ਪ੍ਰੋਫੈਸਰ ਮਨਜੀਤ ਸਿੰਘ ਨੇ ਦੱਸਿਆ ਕਿ ਲੋਕ ਆਮ ਹੀ ਕਚਰਾ ਭਰ ਕੇ ਲਿਫਾਫੇ ਸਤਲੁਜ ਵਿੱਚ ਸੁੱਟ ਦਿੰਦੇ ਹਨ, ਜਿਸ ਨੂੰ ਰੋਕੇ ਜਾਣ ਦੀ ਬਹੁਤ ਲੋੜ ਹੈ। ਪਰਮਜੀਤ ਸਿੰਘ ਗਾਜ਼ੀ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਸਾਨੂੰ ਸਾਰਿਆਂ ਨੂੰ ਦਰਿਆਵਾਂ ਦੇ ਪ੍ਰਦੂਸ਼ਣ ਨੂੰ ਰੋਕਣ ਲਈ ਤੁਰੰਤ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ। ਮਹਿੰਦਰਪਾਲ ਲੂੰਬਾ ਨੇ ਦੱਸਿਆ ਕਿ ਮੋਰਚੇ ਲਈ ਮੋਗਾ, ਫਰੀਦਕੋਟ, ਫਿਰੋਜ਼ਪੁਰ, ਬਠਿੰਡਾ, ਮਾਨਸਾ ਅਤੇ ਸੰਗਰੂਰ ਵਿੱਚ ਲਾਮਬੰਦੀ ਵੱਡੇ ਪੱਧਰ ’ਤੇ ਸ਼ੁਰੂ ਹੋ ਚੁੱਕੀ ਹੈ ਤੇ ਅਗਲੇ ਦਿਨਾਂ ਵਿੱਚ ਹੋਰ ਜ਼ਿਲ੍ਹੇ ਵੀ ਕਵਰ ਕੀਤੇ ਜਾਣਗੇ। 15 ਅਗਸਤ ਦੇ ਪ੍ਰਦੂਸ਼ਣ ਤੋਂ ਆਜ਼ਾਦੀ ਮਾਰਚ ਲਈ ਅਜਿਹੇ ਪ੍ਰੋਗਰਾਮ ਕਰਵਾ ਕੇ ਸਾਰੇ ਪੰਜਾਬ ਵਿੱਚੋਂ ਵੱਧ ਤੋਂ ਵੱਧ ਲਾਮਬੰਦੀ ਕੀਤੀ ਜਾਵੇਗੀ।