ਵਿਕਾਸ ਕਾਰਜਾਂ ਦੀ ਵਿਜੀਲੈਂਸ ਜਾਂਚ ਮੰਗੀ
ਬੀਰਬਲ ਰਿਸ਼ੀ
ਧੂਰੀ, 8 ਦਸੰਬਰ
ਗੰਨਾ ਸੰਘਰਸ਼ ਕਮੇਟੀ ਦੇ ਪ੍ਰਧਾਨ ਤੇ ਪਿੰਡ ਬੁਗਰਾ ਦੇ ਮੌਜੂਦਾ ਸਰਪੰਚ ਹਰਜੀਤ ਸਿੰਘ ਬੁਗਰਾ ਨੇ ਪੰਚਾਇਤਾਂ ਭੰਗ ਹੋਣ ਮਗਰੋਂ ਪ੍ਰਬੰਧਕਾਂ ਦੇ ਕਾਰਜਕਾਲ ਦੌਰਾਨ ਹੋਏ ਵਿਕਾਸ ਕਾਰਜਾਂ ਦੀ ਵਿਜੀਲੈਂਸ ਜਾਂਚ ਦੀ ਮੰਗ ਕੀਤੀ ਹੈ। ਇਸ ਸਬੰਧੀ ਉਨ੍ਹਾਂ 10 ਦਸੰਬਰ ਨੂੰ ਬੀਡੀਪੀਓ ਦਫ਼ਤਰ ਧੂਰੀ ਅੱਗੇ ਧਰਨਾ ਦੇਣ ਦਾ ਵੀ ਐਲਾਨ ਕੀਤਾ।
ਕਿਸਾਨ ਆਗੂ ਹਰਜੀਤ ਸਿੰਘ ਬੁਗਰਾ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਨੂੰ ਇੱਕ ਪੈਸੇ ਦੀ ਵੀ ਆਮਦਨ ਨਹੀਂ ਪਰ ਵਿਭਾਗ ਨੇ ਪ੍ਰਬੰਧਕ ਦੇ ਕਾਰਜਕਾਲ ਦੌਰਾਨ ਸਟੇਡੀਅਮ ਦੇ ਆਲੇ-ਦੁਆਲੇ ਲਾਈਟਾਂ ਲਗਵਾ ਦਿੱਤੀਆਂ ਅਤੇ ਜਿੰਮ ਬਣਵਾ ਦਿੱਤੇ ਜਿਨ੍ਹਾਂ ਦੇ ਖਰਚੇ ਕਥਿਤ ਦੁੱਗਣੇ ਜਾਪ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਪਹਿਲੀਆਂ ਪੰਚਾਇਤਾਂ ਭੰਗ ਹੋਣ ਮਗਰੋਂ ਪ੍ਰਬੰਧਕ ਨੇ ਆਪਣਾ ਵੱਖਰਾ ਰਜਿਸਟਰ ਲਗਾ ਲਿਆ ਪਰ ਹੁਣ ਨਵੀਂ ਪੰਚਾਇਤ ਨੂੰ ਚਾਰਜ ਦੇਣ ਮੌਕੇ ਇਸ ਮਾਮਲੇ ’ਤੇ ਕਥਿਤ ਭੰਬਲਭੂਸਾ ਪੈਦਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਉਸਨੂੰ ਕੁੱਝ ਹੋਰ ਸਰਪੰਚਾਂ ਦੇ ਵੀ ਫੋਨ ਆ ਰਹੇ ਹਨ ਪਰ ਇਹ ਮਾਮਲਾ ਹਾਲ ਦੀ ਘੜੀ ਉਨ੍ਹਾਂ ਪਿੰਡ ਪੱਧਰ ਤੱਕ ਸੀਮਤ ਰੱਖਿਆ ਹੈ। ਉਧਰ, ਸੂਤਰਾਂ ਦੀ ਮੰਨੀਏ ਤਾਂ ਇਸ ਮਾਮਲੇ ਨੂੰ ਨਿਬੇੜਨ ਲਈ ਵੀ ਸਰਗਰਮੀਆਂ ਤੇਜ਼ ਹੋ ਚੁੱਕੀਆਂ ਹਨ।
ਬੀਡੀਪੀਓ ਨੇ ਦੋਸ਼ ਨਕਾਰੇ
ਬੀਡੀਪੀਓ ਪ੍ਰਦੀਪ ਸ਼ਾਰਧਾ ਨੇ ਉਪਰੋਕਤ ਦੋਸ਼ਾਂ ਨੂੰ ਝੂਠੇ ’ਤੇ ਬੇਬੁਨਿਆਦ ਕਰਾਰ ਦਿੰਦਿਆਂ ਕਿਹਾ ਕਿ ਇਸ ਦੀ ਜਾਂਚ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਸਰਪੰਚ ਵੱਲੋਂ ਇਸ ਸਬੰਧੀ ਲਿਖਤੀ ਸ਼ਿਕਾਇਤ ਨਹੀਂ ਮਿਲੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਕਤ ਕੰਮਾਂ ਨੂੰ ਗਰਾਂਟ ਦੋ ਸਾਲ ਪਹਿਲਾਂ ਆਈ ਸੀ ਜਿਸਨੂੰ ਖਰਚਣਾ ਜ਼ਰੂਰੀ ਸੀ। ਹਾਲਾਂਕਿ ਮੌਜੂਦਾ ਸਰਪੰਚ ਤੇ ਉਸ ਦੇ ਸਾਥੀ ਪ੍ਰਬੰਧਕ ਦੇ ਕਾਰਜਕਾਲ ਦੌਰਾਨ ਛੱਪੜ ਸਮੇਤ ਕੁੱਝ ਹੋਰ ਕੰਮ ਰੋਕਦੇ ਸੀ।