For the best experience, open
https://m.punjabitribuneonline.com
on your mobile browser.
Advertisement

ਕਾਂਗਰਸੀ ਆਗੂਆਂ ਖ਼ਿਲਾਫ਼ ਵਿਜੀਲੈਂਸ ਤਫ਼ਤੀਸ਼ ਨੇ ਫੜੀ ਰਫ਼ਤਾਰ

07:57 AM Jul 06, 2023 IST
ਕਾਂਗਰਸੀ ਆਗੂਆਂ ਖ਼ਿਲਾਫ਼ ਵਿਜੀਲੈਂਸ ਤਫ਼ਤੀਸ਼ ਨੇ ਫੜੀ ਰਫ਼ਤਾਰ
Advertisement

ਦਵਿੰਦਰ ਪਾਲ
ਚੰਡੀਗੜ੍ਹ, 5 ਜੁਲਾਈ
ਪੰਜਾਬ ਵਿਜੀਲੈਂਸ ਬਿਊਰੋ ਨੇ ਕਾਂਗਰਸ ਦੇ ਸਾਬਕਾ ਮੰਤਰੀਆਂ ਖ਼ਿਲਾਫ਼ ਕਾਰਵਾਈ ’ਚ ਮੁੜ ਸਰਗਰਮੀ ਫੜ ਲਈ ਹੈ। ਬਿਊਰੋ ਦੀ ਟੀਮ ਨੇ ਅੱਜ ਇੱਕ ਪਾਸੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸਰੋਤਾਂ ਤੋਂ ਜ਼ਿਆਦਾ ਆਮਦਨ ਦੇ ਮਾਮਲੇ ਦੀ ਤਫ਼ਤੀਸ਼ ਵਿੱਚ ਚੌਥੀ ਵਾਰੀ ਸ਼ਾਮਲ ਕਰਕੇ ਜਾਇਦਾਦ ਦੇ ਵੇਰਵੇ ਇਕੱਠੇ ਕੀਤੇ। ਉਧਰ, ਸਾਬਕਾ ਮੰਤਰੀ ਬ੍ਰਹਮ ਮਹਿੰਦਰਾ ਦੇ ਨਿਊ ਚੰਡੀਗੜ੍ਹ ਖੇਤਰ ਵਿੱਚ ਸਥਿਤ ‘ਫਾਰਮ ਹਾਊਸ’ ਉਤੇ ਛਾਪਾ ਮਾਰਿਆ। ਵਿਜੀਲੈਂਸ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸਾਬਕਾ ਮੁੱਖ ਮੰਤਰੀ ਵੱਲੋਂ ਜਾਇਦਾਦ ਦੇ ਵੇਰਵੇ ਵਿਜੀਲੈਂਸ ਦੇ ਤਫ਼ਤੀਸ਼ੀ ਅਫ਼ਸਰਾਂ ਨੂੰ ਸੌਂਪ ਦਿੱਤੇ ਹਨ ਤੇ ਵਿਜੀਲੈਂਸ ਦਾ ਨਿਰਧਾਰਤ ਪ੍ਰਫਾਰਮਾ ਵੀ ਭਰ ਕੇ ਦੇ ਦਿੱਤਾ ਹੈ। ਵਿਜੀਲੈਂਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਚੰਨੀ ਵੱਲੋਂ ਆਪਣੇ ਨਿੱਜੀ ਅਤੇ ਪਰਿਵਾਰਕ ਮੈਂਬਰਾਂ ਦੇ ਨਾਮ ’ਤੇ ਜਾਇਦਾਦ ਤੇ ਹੋਰਨਾਂ ਅਸਾਸਿਆਂ ਸਣੇ ਬੈਂਕ ਖਾਤਿਆਂ ਦੀ ਜੋ ਜਾਣਕਾਰੀ ਮੁਹੱਈਆ ਕਰਾਈ ਗਈ ਹੈ ਉਸ ਦਾ ਮਿਲਾਣ ਵਿਜੀਲੈਂਸ ਵੱਲੋਂ ਆਪਣੇ ਸਰੋਤਾਂ ਤੋਂ ਇਕੱਠੇ ਕੀਤੇ ਤੱਥਾਂ ਅਤੇ ਦਸਤਾਵੇਜ਼ਾਂ ਨਾਲ ਕੀਤਾ ਜਾਵੇਗਾ। ਵਿਜੀਲੈਂਸ ਅਧਿਕਾਰੀ ਦਾ ਦੱਸਣਾ ਹੈ ਕਿ ਸਾਬਕਾ ਮੁੱਖ ਮੰਤਰੀ ਖ਼ਿਲਾਫ਼ ਸਰੋਤਾਂ ਤੋਂ ਵਧੇਰੇ ਆਮਦਨ ਦੇ ਮਾਮਲੇ ਵਿੱਚ ਪੁਖਤਾ ਸਬੂਤ ਇਕੱਤਰ ਕੀਤੇ ਜਾਣ ਮਗਰੋਂ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਵਿਜੀਲੈਂਸ ਨੇ ਸਾਬਕਾ ਮੰਤਰੀ ਬ੍ਰਹਮ ਮਹਿੰਦਰਾ ਖ਼ਿਲਾਫ਼ ਸਰੋਤਾਂ ਤੋਂ ਜ਼ਿਆਦਾ ਆਮਦਨ ਦੇ ਮਾਮਲੇ ਵਿੱਚ ਵੀ ਤਫ਼ਤੀਸ਼ ਤੇਜ਼ ਕਰ ਦਿੱਤੀ ਹੈ।
ਵਿਜੀਲੈਂਸ ਅਧਿਕਾਰੀਆਂ ਦਾ ਦੱਸਣਾ ਹੈ ਕਿ ਸ੍ਰੀ ਮਹਿੰਦਰਾ ਨੇ ਹੋਟਲ ਸੁਖ ਵਿਲਾਸ ਨੇੜੇ ਫਾਰਮ ਹਾਊਸ ਸਥਾਪਤ ਕੀਤਾ ਹੈ। ਇਹ ਫਾਰਮ ਹਾਊਸ 7 ਏਕੜ ਵਿੱਚ ਬਣਿਆ ਹੋਇਆ ਹੈ ਤੇ ਵਿਜੀਲੈਂਸ ਅਧਿਕਾਰੀਆਂ ਨੇ ਇਸ ਫਾਰਮ ਹਾਊਸ ’ਤੇ ਛਾਪਾ ਮਾਰ ਕੇ ਫਾਰਮ ਦੀ ਪੈਮਾਇਸ਼ ਕੀਤੀ ਅਤੇ ਇਸ ਦੀ ਮਾਰਕੀਟ ਕੀਮਤ ਦਾ ਅੰਦਾਜ਼ਾ ਲਾਇਆ ਗਿਆ। ਵਿਜੀਲੈਂਸ ਅਧਿਕਾਰੀਆਂ ਨੇ ਦੱਸਿਆ ਕਿ ਸਾਬਕਾ ਮੁੱਖ ਮੰਤਰੀ ਤੋਂ ਕਈ ਸਵਾਲ ਪੁੱਛੇ ਗਏ ਹਨ। ਪਿਛਲੇ ਦਿਨੀਂ ਖਰੜ ਖੇਤਰ ’ਚ ਸਰਗਰਮ ਪਰਵੀਨ ਨਾਮੀ ਬਿਲਡਰ ਨੂੰ ਬਿਊਰੋ ਵੱਲੋਂ ਗ੍ਰਿਫ਼ਤਾਰ ਕਰਨ ਨਾਲ ਕਈ ਵੱਡੇ ਖੁਲਾਸੇ ਹੋਏ ਸਨ। ਇਹ ਬਿਲਡਰ ਕਿਉਂਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਰੀਬੀ ਮੰਨਿਆ ਜਾਂਦਾ ਹੈ।
ਮਾਈਨਿੰਗ ਦੇ ਦੋਸ਼ਾਂ ’ਚ ਗ੍ਰਿਫ਼ਤਾਰ ਕੀਤੇ ਸਰਪੰਚ ਜਸਪਾਲ ਸਿੰਘ ਨਾਲ ਸਬੰਧਾਂ ਬਾਰੇ ਵੀ ਸਵਾਲ ਕੀਤੇ ਗਏ। ਸਾਬਕਾ ਮੁੱਖ ਮੰਤਰੀ ਨੂੰ ਇਹ ਵੀ ਪੁੱਛਿਆ ਗਿਆ ਸੀ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਈਡੀ ਵੱਲੋਂ ਕਾਬੂ ਕੀਤੇ ਕਰੀਬੀ ਰਿਸ਼ਤੇਦਾਰ ਦੇ ਕੋਲੋਂ ਬਰਾਮਦ ਹੋਇਆ 10 ਕਰੋੜ ਰੁਪਈਆ ਕਿਸ ਦਾ ਸੀ ਤੇ ਉਸ ਨੂੰ ਪੰਜਾਬ ਪੁਲੀਸ ਦੀ ਸੁਰੱਖਿਆ ਛਤਰੀ ਕਿਵੇਂ ਦਿੱਤੀ ਗਈ। ਵਿਜੀਲੈਂਸ ਨੇ ਵਿਧਾਨ ਸਭਾ ਚੋਣਾਂ ਤੋਂ ਤੁਰੰਤ ਬਾਅਦ ਵਿਦੇਸ਼ ਦੌਰੇ ਨੂੰ ਤਫ਼ਤੀਸ਼ ਦਾ ਹਿੱਸਾ ਬਣਾਉਂਦਿਆਂ ਵਿਦੇਸ਼ ’ਚ ਕਿੱਥੇ ਰਹੇ ਤੇ ਇਸ ਦੌਰੇ ਦਾ ਖ਼ਰਚ ਕਿੰਨਾ ਤੇ ਕਿਸ ਵੱਲੋਂ ਕੀਤਾ ਗਿਆ, ਬਾਰੇ ਵੀ ਪੁੱਛਿਆ ਗਿਆ। ਮੁੱਖ ਮੰਤਰੀ ਹੁੰਦੇ ਹੋੲੇ ਮਹੱਤਵਪੂਰਨ ਫੈਸਲਿਆਂ ਬਾਰੇ ਵੀ ਵਿਜੀਲੈਂਸ ਨੇ ਜਾਣਕਾਰੀ ਮੰਗੀ।

Advertisement

ਪਿਛਲੇ ਸਾਲ ਦਸੰਬਰ ’ਚ ਸਾਬਕਾ ਮੁੱਖ ਮੰਤਰੀ ਖ਼ਿਲਾਫ਼ ਹੋਈ ਸੀ ਜਾਂਚ ਸ਼ੁਰੂ
ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਲੰਘੇ ਸਾਲ ਦਸੰਬਰ ਦੌਰਾਨ ਸਾਬਕਾ ਮੁੱਖ ਮੰਤਰੀ ਖ਼ਿਲਾਫ਼ ਜਾਂਚ ਉਦੋਂ ਸ਼ੁਰੂ ਕੀਤੀ ਗਈ ਸੀ ਜਦੋਂ ਵਿਜੀਲੈਂਸ ਨੂੰ ਸੈਰ ਸਪਾਟਾ ਵਿਭਾਗ ਵਿੱਚ ਕਰੋੜਾਂ ਰੁਪਏ ਦੀਆਂ ਵਿੱਤੀ ਬੇਨਿਯਮੀਆਂ ਦੇ ਦੋਸ਼ਾਂ ਤਹਿਤ ਸ਼ਿਕਾਇਤ ਮਿਲੀ ਸੀ। ਸ਼ਿਕਾਇਤਕਰਤਾ ਵੱਲੋਂ 6 ਪੰਨ੍ਹਿਆਂ ਦੀ ਸ਼ਿਕਾਇਤ ਦੇ ਨਾਲ ਪੂਰੇ ਦਸਤਾਵੇਜ਼ ਨੱਥੀ ਕਰਦਿਆਂ ਦੋਸ਼ ਲਾਇਆ ਗਿਆ ਹੈ ਕਿ ਨਵੰਬਰ 2021 ਵਿੱਚ ਸਾਬਕਾ ਮੁੱਖ ਮੰਤਰੀ ਦੇ ਵਿਧਾਨ ਸਭਾ ਹਲਕਾ ਚਮਕੌਰ ਸਾਹਿਬ ਵਿੱਚ ‘ਦਾਸਤਾਨ ਏ ਸ਼ਹਾਦਤ’ ਦੇ ਸਮਾਗਮ ਦੌਰਾਨ ਕਰੋੜਾਂ ਰੁਪਏ ਦਾ ਘਪਲਾ ਹੋਇਆ ਹੈ। ਸ਼ਿਕਾਇਤਕਰਤਾ ਨੇ ਇਹ ਵੀ ਦੋਸ਼ ਲਾਇਆ ਹੈ ਕਿ ਇਸ ਸਮਾਗਮ ’ਤੇ ਕੀਤੇ ਖਰਚ ਦੀ ਆੜ ਹੇਠ ਸਾਬਕਾ ਮੁੱਖ ਮੰਤਰੀ ਦੇ ਪੁੱਤਰ ਦੇ ਵਿਆਹ ’ਤੇ ਹੋਏ ਖਰਚ ਨੂੰ ਐਡਜਸਟ ਕੀਤਾ ਗਿਆ ਹੈ। ਸ਼ਿਕਾਇਤ ਵਿੱਚ ਦੋਸ਼ ਲਾਇਆ ਗਿਆ ਹੈ ਕਿ ‘ਦਾਸਤਾਨ ਏ ਸ਼ਹਾਦਤ’ ਸਮਾਗਮ ਦੌਰਾਨ ਹੋਏ ਖਰਚ ਦੌਰਾਨ 1.47 ਕਰੋੜ ਦਾ ਘਪਲਾ ਹੋਇਆ ਹੈ।

Advertisement
Tags :
Author Image

sukhwinder singh

View all posts

Advertisement
Advertisement
×