ਵਿਜੀਲੈਂਸ ਨੇ ਧਰਮਸੋਤ ਤੇ ਗਿਲਜ਼ੀਆਂ ’ਤੇ ਕਾਨੂੰਨੀ ਸ਼ਿਕੰਜਾ ਕੱਸਿਆ
ਦਵਿੰਦਰ ਪਾਲ
ਚੰਡੀਗੜ੍ਹ, 22 ਜਨਵਰੀ
ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਦੇ ਸਾਬਕਾ ਜੰਗਲਾਤ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਸਾਧੂ ਸਿੰਘ ਧਰਮਸੋਤ ਖਿਲਾਫ਼ ਸ਼ਿਕੰਜਾ ਕੱਸਦਿਆਂ ਸਾਬਕਾ ਮੰਤਰੀ ਦੇ ਓਐੱਸਡੀ ਰਹੇ ਤੇ ਵਿਭਾਗ ਦੇ ਸੇਵਾਮੁਕਤ ਅਧਿਕਾਰੀ ਚਮਕੌਰ ਸਿੰਘ ਨੂੰ ਵਾਅਦਾ ਮੁਆਫ਼ ਗਵਾਹ ਬਣਾ ਲਿਆ ਹੈ। ਵਿਜੀਲੈਂਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਚਮਕੌਰ ਸਿੰਘ ਨੂੰ ਅਦਾਲਤੀ ਦੀ ਪ੍ਰਵਾਨਗੀ ਉਪਰੰਤ ਵਾਅਦਾ ਮੁਆਫ਼ ਗਵਾਹ ਬਣਾਇਆ ਗਿਆ ਹੈ ਤੇ ਉਸ ਦੇ ਬਿਆਨ ਵੀ ਅਦਾਲਤ ਵਿੱਚ ਦਰਜ ਕਰਵਾ ਦਿੱਤੇ ਹਨ। ਸਾਧੂ ਸਿੰਘ ਧਰਮਸੋਤ ਇਸ ਸਮੇਂ ਈਡੀ ਦੀ ਗ੍ਰਿਫਤਾਰੀ ਤੋਂ ਬਾਅਦ ਅਦਾਲਤੀ ਹਿਰਾਸਤ ਅਧੀਨ ਹੈ। ਇਸ ਤਰ੍ਹਾਂ ਵਿਜੀਲੈਂਸ ਅਤੇ ਈਡੀ ਵੱਲੋਂ ਕਾਨੂੰਨੀ ਘੇਰਾਬੰਦੀ ਕਰਨ ਕਰਕੇ ਸਾਬਕਾ ਮੰਤਰੀ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਇਸ ਸਾਬਕਾ ਮੰਤਰੀ ਨੂੰ ਵਿਜੀਲੈਂਸ ਵੱਲੋਂ ਵੀ ਇੱਕ ਵਾਰ ਭ੍ਰਿਸ਼ਟਾਚਾਰ ਤੇ ਦੂਜੀ ਵਾਰੀ ਸਰੋਤਾਂ ਤੋਂ ਜ਼ਿਆਦਾ ਆਮਦਨ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਈਡੀ ਦੀ ਕਾਰਵਾਈ ਚੱਲ ਰਹੀ ਹੈ ਤੇ ਈਡੀ ਵੱਲੋਂ ਵੀ ਸਾਬਕਾ ਮੰਤਰੀ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਗਏ ਹਨ। ਵਿਜੀਲੈਂਸ ਨੇ ਇਸ ਮਾਮਲੇ ਵਿੱਚ ਕਾਂਗਰਸ ਦੇ ਹੀ ਇੱਕ ਹੋਰ ਆਗੂ ਅਤੇ ਸਾਬਕਾ ਜੰਗਲਾਤ ਮੰਤਰੀ ਸੰਗਤ ਸਿੰਘ ਗਿਲਜ਼ੀਆਂ ਅਤੇ ਇਸ ਕਾਂਗਰਸ ਆਗੂ ਦੇ ਭਤੀਜੇ ਨੂੰ ਵੀ ਨਾਮਜ਼ਦ ਕੀਤਾ ਸੀ। ਵਿਜੀਲੈਂਸ ਅਧਿਕਾਰੀਆਂ ਦਾ ਦਾਅਵਾ ਹੈ ਕਿ ਚਮਕੌਰ ਸਿੰਘ ਨੂੰ ਵਾਅਦਾ ਮੁਆਫ਼ ਗਵਾਹ ਬਣਾਏ ਜਾਣ ਕਾਰਨ ਭ੍ਰਿਸ਼ਟਾਚਾਰ ਦਾ ਕੇਸ ਮਜ਼ਬੂਤ ਹੋ ਗਿਆ ਹੈ ਤੇ ਗਿਲਜ਼ੀਆਂ ਤੇ ਉਨ੍ਹਾਂ ਦੇ ਭਤੀਜੇ ਦੀਆਂ ਮੁਸ਼ਕਿਲਾਂ ਵੀ ਵਧ ਸਕਦੀਆਂ ਹਨ। ਵਿਜੀਲੈਂਸ ਨੇ ਜੂਨ 2022 ਵਿੱਚ ਇਹ ਮਾਮਲਾ ਦਰਜ ਕੀਤਾ ਸੀ। ਵਿਜੀਲੈਂਸ ਨੇ ਧਰਮਸੋਤ ’ਤੇ ਖੈਰ ਦੇ ਦਰੱਖਤਾਂ ਦੀ ਕਟਾਈ ਲਈ ਪਰਮਿਟ ਜਾਰੀ ਕਰਨ, ਅਧਿਕਾਰੀਆਂ ਦੇ ਤਬਾਦਲੇ, ਖਰੀਦਦਾਰੀ ਅਤੇ ਐੱਨ.ਓ.ਸੀ. ਜਾਰੀ ਕਰਨ ਆਦਿ ਸਬੰਧੀ ਸੰਗਠਿਤ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਹੋਣ ਦੇ ਦੋਸ਼ ਲਾਏ ਸਨ। ਵਿਜੀਲੈਂਸ ਮੁਤਾਬਕ ਹਰਮੋਹਿੰਦਰ ਸਿੰਘ ਉਰਫ ਹਮੀ ਨਾਮੀ ਠੇਕੇਦਾਰ ਆਪਣੀ ਫਰਮ ਗੁਰੂਹਰ ਐਸੋਸੀਏਟਸ ਦੇ ਨਾਮ ’ਤੇ ਜੰਗਲਾਤ ਵਿਭਾਗ ਤੋਂ ਕਟਾਈ ਲਈ ਲੋੜੀਂਦਾ ਪਰਮਿਟ ਪ੍ਰਾਪਤ ਕਰਕੇ ਰਾਜ ਵਿੱਚ ਖੈਰ ਦੇ ਦਰੱਖਤਾਂ ਨੂੰ ਕੱਟਣ ਅਤੇ ਵੇਚਣ ਦਾ ਕਾਰੋਬਾਰ ਕਰਦਾ ਸੀ। ਉਸ ਨੇ ਅਕਤੂਬਰ-ਮਾਰਚ ਸੀਜ਼ਨ ਲਈ ਲਗਭਗ 7000 ਦਰੱਖਤ ਕੱਟਣ ਲਈ ਪਰਮਿਟ ਲਏ ਸਨ ਜਿਸ ਲਈ ਉਸ ਨੂੰ 1000 ਰੁਪਏ ਪ੍ਰਤੀ ਰੁੱਖ ਰਿਸ਼ਵਤ ਦੇਣੀ ਪਈ ਜਿਸ ਵਿੱਚੋਂ ਸਾਧੂ ਸਿੰਘ ਧਰਮਸੋਤ, ਸਾਬਕਾ ਜੰਗਲਾਤ ਮੰਤਰੀ ਨੂੰ 500 ਰੁਪਏ ਪ੍ਰਤੀ ਰੁੱਖ, ਡਿਵੀਜ਼ਨਲ ਜੰਗਲਾਤ ਅਫਸਰ ਨੂੰ 200 ਅਤੇ ਰੇਂਜ ਅਫਸਰ, ਬਲਾਕ ਅਫਸਰ ਅਤੇ ਵਣ ਗਾਰਡ ਨੂੰ ਕ੍ਰਮਵਾਰ 100-100 ਰੁਪਏ ਪ੍ਰਤੀ ਰੁੱਖ ਰਿਸ਼ਵਤ ਦਿੱਤੀ। ਇਸ ਤਰਾਂ ਠੇਕੇਦਾਰ ਨੇ ਸੀਜ਼ਨ ਦੌਰਾਨ 7 ਲੱਖ ਰੁਪਏ ਦੀ ਰਿਸ਼ਵਤ ਦਿੱਤੀ ਸੀ। ਇਸ ਤੋਂ ਇਲਾਵਾ ਮੁਹਾਲੀ ਵਿੱਚ 15 ਹੋਰ ਠੇਕੇਦਾਰ ਸਨ, ਜਿਨ੍ਹਾਂ ਨੂੰ ਵੀ ਇਸ ਠੇਕੇਦਾਰ ਵਾਂਗ ਹੀ ਰਿਸ਼ਵਤ ਦੇਣੀ ਪਈ, ਅਜਿਹਾ ਨਾ ਕਰਨ ’ਤੇ ਉਨ੍ਹਾਂ ਨੂੰ ਪਰਮਿਟ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਜਾਂ ਭਾਰੀ ਜੁਰਮਾਨੇ ਦੀ ਧਮਕੀ ਦੇ ਕੇ ਪ੍ਰੇਸ਼ਾਨ ਕੀਤਾ ਜਾਂਦਾ ਰਿਹਾ। ਵਿਜੀਲੈਂਸ ਮੁਤਾਬਕ ਸਾਬਕਾ ਮੰਤਰੀ ਧਰਮਸੋਤ, ਉਨਾਂ ਦੇ ਓਐੱਸਡੀ ਚਮਕੌਰ ਸਿੰਘ ਅਤੇ ਉਪਰੋਕਤ ਮੁਲਜ਼ਮ ਕਮਲਜੀਤ ਸਿੰਘ ਰਾਹੀਂ ਡੀਐਫਓ ਦੇ ਤਬਾਦਲੇ ਲਈ 10 ਤੋਂ 20 ਲੱਖ ਰੁਪਏ, ਰੇਂਜਰ ਲਈ 5 ਤੋਂ 8 ਲੱਖ ਰੁਪਏ ਬਲਾਕ ਅਫਸਰ ਤੇ ਵਣ ਗਾਰਡ ਲਈ 2 ਤੋਂ 3 ਲੱਖ ਰੁਪਏ ਦੀ ਰਿਸ਼ਵਤ ਲੈਂਦਾ ਸੀ। ਵਿਜੀਲੈਂਸ ਦਾ ਦਾਅਵਾ ਹੈ ਕਿ ਹਰਮੋਹਿੰਦਰ ਸਿੰਘ ਠੇਕੇਦਾਰ ਨੇ ਗਿਲਜ਼ੀਆਂ ਨੂੰ ਮੁਹਾਲੀ ਜ਼ਿਲੇ ਦੇ ਪਿੰਡ ਨਾਡਾ ਵਿਖੇ ਖੈਰ ਦੇ ਦਰੱਖਤਾਂ ਦੀ ਕਟਾਈ ਦਾ ਪਰਮਿਟ ਜਾਰੀ ਕਰਵਾਉਣ ਲਈ ਕੁਲਵਿੰਦਰ ਸਿੰਘ ਰਾਹੀਂ 5 ਲੱਖ ਰੁਪਏ ਰਿਸ਼ਵਤ ਦਿੱਤੀ ਸੀ। ਗਿਲਜ਼ੀਆਂ ਨੇ ਹਰਮੋਹਿੰਦਰ ਠੇਕੇਦਾਰ ਦੀ ਪੰਜਾਬ ਦੇ ਡੀਐਫਓਜ਼ ਨਾਲ ਮੀਟਿੰਗ ਕਰਵਾਈ ਸੀ ਅਤੇ ਹਦਾਇਤ ਕੀਤੀ ਸੀ ਕਿ ਪੌਦਿਆਂ ਦੀ ਸੁਰੱਖਿਆ ਲਈ ਟ੍ਰੀ-ਗਾਰਡਾਂ ਦੀ ਖਰੀਦ ਸਿਰਫ ਸਚਿਨ ਕੁਮਾਰ ਤੋਂ ਹੀ ਕੀਤੀ ਜਾਵੇਗੀ। ਬਿਊਰੋ ਨੇ ਅਮਿਤ ਚੌਹਾਨ, ਆਈ.ਐਫ.ਐੱਸ., ਗੁਰਮਨਪ੍ਰੀਤ ਸਿੰਘ, ਡੀ.ਐਫ.ਓ., ਦਿਲਪ੍ਰੀਤ ਸਿੰਘ ਵਣ ਗਾਰਡ, ਐੱਸ.ਐੱਸ. ਧਰਮਸੋਤ, ਐੱਸ.ਐੱਸ. ਗਿਲਜੀਆਂ ਸਾਬਕਾ ਮੰਤਰੀ, ਧਰਮਸੋਤ ਦੇ ਓ.ਐੱਸ.ਡੀ ਰਹੇ ਚਮਕੌਰ ਸਿੰਘ, ਕੰਵਲਜੀਤ ਸਿੰਘ ਖੰਨਾ ਸ਼ਹਿਰ, ਐੱਸ.ਐੱਸ. ਗਿਲਜੀਆਂ ਦੇ ਪੀਏ ਕੁਲਵਿੰਦਰ ਸਿੰਘ ਸ਼ੇਰਗਿੱਲ ਤੇ ਸਚਿਨ ਕੁਮਾਰ ਵਿਰੁੱਧ ਮਾਮਲਾ ਦਰਜ ਕੀਤਾ ਸੀ।