ਵਿਜੀਲੈਂਸ ਨੇ 1.24 ਕਰੋੜ ਰੁਪਏ ਤੋਂ ਵੱਧ ਦੀ ਕਣਕ ਖੁਰਦ-ਬੁਰਦ ਮਾਮਲੇ ’ਚ ਪਨਗ੍ਰੇਨ ਦਾ ਇੰਸਪੈਕਟਰ ਗ੍ਰਿਫ਼ਤਾਰ ਕੀਤਾ
ਚੰਡੀਗੜ੍ਹ, 30 ਅਗਸਤ
ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਪਨਗ੍ਰੇਨ ਦੇ ਇੰਸਪੈਕਟਰ (ਗਰੇਡ-1) ਬਿਕਰਮਜੀਤ ਸਿੰਘ ਨੂੰ ਸ੍ਰੀ ਖਡੂਰ ਸਾਹਿਬ, ਜ਼ਿਲ੍ਹਾ ਤਰਨ ਤਾਰਨ ਵਿਖੇ ਪਨਗ੍ਰੇਨ ਗੁਦਾਮਾਂ ਦੇ ਇੰਚਾਰਜ ਵਜੋਂ ਆਪਣੀ ਤਾਇਨਾਤੀ ਦੌਰਾਨ ਕਣਕ ਵਿੱਚ ਕਥਿਤ ਗਬਨ ਕਰਨ ਅਤੇ ਸਰਕਾਰੀ ਖ਼ਜ਼ਾਨੇ ਨੂੰ 1.24 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਇੰਸਪੈਕਟਰ ਹੁਣ ਗੁਰਦਾਸਪੁਰ ਵਿਖੇ ਤਾਇਨਾਤ ਹੈ ਅਤੇ ਉਸ ਨੂੰ ਮੁਅੱਤਲ ਕੀਤਾ ਗਿਆ ਹੈ।
ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਵਿਭਾਗ ਦੀ ਤਰਨ ਤਾਰਨ ਯੂਨਿਟ ਨੇ ਤਕਨੀਕੀ ਟੀਮ ਨਾਲ ਮਿਲ ਕੇ ਸ੍ਰੀ ਖਡੂਰ ਸਾਹਿਬ ਵਿਖੇ ਪਨਗ੍ਰੇਨ ਦੇ ਗੁਦਾਮਾਂ ਦੀ ਚੈਕਿੰਗ ਕੀਤੀ ਸੀ ਅਤੇ ਗੁਦਾਮਾਂ ਵਿੱਚ ਸਟੋਰ ਕੀਤੇ ਸਟਾਕ ਵਿੱਚੋਂ ਕ੍ਰਮਵਾਰ 2019-2020 ਅਤੇ 2020-2021 ਦੌਰਾਨ 760 ਕੁਇੰਟਲ ਅਤੇ 229 ਕੁਇੰਟਲ ਕਣਕ ਗਾਇਬ ਪਾਈ ਗਈ, ਜਿਸ ਦੀ ਕੁੱਲ ਮਾਰਕੀਟ ਕੀਮਤ 1,24,93,709 ਰੁਪਏ ਹੈ। ਜਾਂਚ ਬਾਅਦ ਥਾਣਾ ਵਿਜੀਲੈਂਸ ਬਿਊਰੋ ਅੰਮ੍ਰਿਤਸਰ ਰੇਂਜ ਵਿਖੇ ਇੰਸਪੈਕਟਰ ਬਿਕਰਮਜੀਤ ਸਿੰਘ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(1) (ਏ), 13 (2) ਅਤੇ ਆਈਪੀਸੀ ਦੀ ਧਾਰਾ 409 ਤਹਿਤ ਮਿਤੀ 30 ਅਗਸਤ 2023 ਨੂੰ ਕੇਸ ਦਰਜ ਕੀਤਾ ਗਿਆ ਹੈ। ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਇੰਸਪੈਕਟਰ ਦੀਆਂ ਚੱਲ-ਅਚੱਲ ਜਾਇਦਾਦਾਂ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ।