ਵਿਜੀਲੈਂਸ ਨੇ ਥਾਣਾ ਚਾਟੀਵਿੰਡ ’ਚ ਤਾਇਨਾਤ ਏਐੱਸਆਈ ਨੂੰ 10 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਕਾਬੂ ਕੀਤਾ
ਚੰਡੀਗੜ੍ਹ, 13 ਜੂਨ
ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਥਾਣਾ ਚਾਟੀਵਿੰਡ (ਅੰਮ੍ਰਿਤਸਰ) ਵਿਖੇ ਤਾਇਨਾਤ ਸਹਾਇਕ ਸਬ ਇੰਸਪੈਕਟਰ (ਏਐੱਸਆਈ) ਭੁਪਿੰਦਰ ਸਿੰਘ ਨੂੰ 10000 ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਹੈ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਪੁਲੀਸ ਮੁਲਾਜ਼ਮ ਨੂੰ ਸਰਵਨ ਸਿੰਘ ਵਾਸੀ ਪਿੰਡ ਗੁਰਵਾਲੀ ਜ਼ਿਲ੍ਹਾ ਅੰਮ੍ਰਿਤਸਰ ਦੀ ਸ਼ਿਕਾਇਤ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਥਾਣਾ ਵਿਜੀਲੈਂਸ ਰੇਂਜ ਅੰਮ੍ਰਿਤਸਰ ਵਿਖੇ ਪਹੁੰਚ ਕਰਕੇ ਸ਼ਿਕਾਇਤ ਕੀਤੀ ਹੈ ਕਿ ਉਸ ਦੇ ਅਤੇ ਹੋਰਨਾਂ ਖ਼ਿਲਾਫ਼ ਥਾਣਾ ਚਾਟੀਵਿੰਡ ਵਿਖੇ ਧਾਰਾ 323, 379-ਏ, 427, 452, 506, 148 ਅਤੇ 149 ਤਹਿਤ 13-02-2023 ਨੂੰ ਦਰਜ ਹੋਏ ਮਾਮਲੇ ਵਿੱਚ ਹਾਈਕੋਰਟ ਤੋਂ ਰੈਗੂਲਰ ਜ਼ਮਾਨਤ ਕਰਵਾਉਣ ਬਦਲੇ ਏਐੱਸਆਈ ਭੁਪਿੰਦਰ ਸਿੰਘ ਨੇ ਉਸ ਕੋਲੋਂ 10,000 ਰੁਪਏ ਰਿਸ਼ਵਤ ਮੰਗੀ, ਕਿਉਂਕਿ ਉਹ ਕੇਸ ਦਾ ਪੜਤਾਲੀਆ ਅਫ਼ਸਰ ਸੀ। ਇਸ ਸ਼ਿਕਾਇਤ ਦੀ ਮੁਢਲੀ ਜਾਂਚ ਉਪਰੰਤ ਵਿਜੀਲੈਂਸ ਬਿਊਰੋ ਦੇ ਥਾਣਾ ਅੰਮ੍ਰਿਤਸਰ ਰੇਂਜ ਨੇ ਪੁਲੀਸ ਮੁਲਾਜ਼ਮ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 10,000 ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕਰ ਲਿਆ। ਇਸ ਸਬੰਧੀ ਏਐੱਸਆਈ ਖ਼ਿਲਾਫ਼ ਵਿਜੀਲੈਂਸ ਥਾਣਾ ਅੰਮ੍ਰਿਤਸਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।