ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੋਵਿਡ-19 ਦਾ ਦ੍ਰਿਸ਼

06:54 AM Jul 27, 2020 IST

ਕਿਸੇ ਮਹਾਮਾਰੀ ਦੀਆਂ ਅਲਾਮਤਾਂ ਕੀ ਹੁੰਦੀਆਂ ਹਨ? ਮਹਾਮਾਰੀਆਂ ਦਾ ਇਤਿਹਾਸ ਦੱਸਦਾ ਹੈ ਕਿ ਮਹਾਮਾਰੀਆਂ ਲਾਗ ਰਾਹੀਂ ਫੈਲਦੀਆਂ ਹਨ, ਵੱਡੀ ਗਿਣਤੀ ਵਿਚ ਲੋਕਾਂ ਨੂੰ ਪ੍ਰਭਾਵਿਤ ਕਰਦੀਆਂ ਹਨ ਅਤੇ ਇਨ੍ਹਾਂ ਕਾਰਨ ਹਜ਼ਾਰਾਂ-ਲੱਖਾਂ ਲੋਕ ਮਾਰੇ ਜਾਂਦੇ ਹਨ। ਕੋਵਿਡ-19 ਦੀ ਮਹਾਮਾਰੀ ਨੇ ਵੀ ਲੋਕਾਈ ਨੂੰ ਵੱਡੇ ਸੰਕਟ ਵਿਚ ਪਾਇਆ ਹੋਇਆ ਹੈ। ਹੁਣ ਤਕ ਸਾਰੀ ਦੁਨੀਆ ਵਿਚ 1.6 ਕਰੋੜ ਤੋਂ ਵੱਧ ਲੋਕ ਇਸ ਮਹਾਮਾਰੀ ਤੋਂ ਪ੍ਰਭਾਵਿਤ ਹੋਏ ਹਨ ਅਤੇ 6.4 ਲੱਖ ਤੋਂ ਵੱਧ ਮੌਤਾਂ ਹੋਈਆਂ ਹਨ। ਸਾਡੇ ਦੇਸ਼ ਵਿਚ ਲਗਭੱਗ 13 ਲੱਖ ਲੋਕ ਇਸ ਬਿਮਾਰੀ ਦਾ ਸ਼ਿਕਾਰ ਹੋਏ ਹਨ ਅਤੇ 31 ਹਜ਼ਾਰ ਤੋਂ ਵੱਧ ਲੋਕਾਂ ਦੀਆਂ ਜਾਨਾਂ ਗਈਆਂ ਹਨ। ਸੰਸਾਰ ਦੇ ਬਹੁਤ ਸਾਰੇ ਦੇਸ਼ਾਂ ਅਤੇ ਖ਼ਾਸ ਕਰਕੇ ਤੀਸਰੀ ਦੁਨੀਆਂ ਦੇ ਦੇਸ਼ਾਂ ਵਿਚ ਲੋਕਾਂ ਦੀ ਵੱਡੀ ਗਿਣਤੀ ਦੀ ਹਸਪਤਾਲਾਂ ਅਤੇ ਡਾਕਟਰਾਂ ਤਕ ਪਹੁੰਚ ਨਹੀਂ ਹੁੰਦੀ ਅਤੇ ਇਸ ਤਰ੍ਹਾਂ ਇਸ ਮਹਾਮਾਰੀ ਦਾ ਸ਼ਿਕਾਰ ਹੋਣ ਵਾਲੇ ਲੋਕਾਂ ਦੀ ਗਿਣਤੀ ਜ਼ਿਆਦਾ ਹੋ ਸਕਦੀ ਹੈ ਕਿਉਂਕਿ ਇਹ ਅੰਕੜੇ ਉਨ੍ਹਾਂ ਮਰੀਜ਼ਾਂ ਬਾਰੇ ਹਨ ਜਿਹੜੇ ਹਸਪਤਾਲਾਂ ਵਿਚ ਪਹੁੰਚ ਸਕੇ ਜਾਂ ਜਨਿ੍ਹਾਂ ਦੇ ਸਰਕਾਰੀ ਜਾਂ ਗ਼ੈਰਸਰਕਾਰੀ ਵਸੀਲਿਆਂ ਰਾਹੀਂ ਟੈਸਟ ਕੀਤੇ ਜਾ ਸਕੇ।

Advertisement

ਇਸ ਸਭ ਕੁਝ ਦੇ ਬਾਵਜੂਦ ਕੁਝ ਚੰਗੀਆਂ ਖ਼ਬਰਾਂ ਵੀ ਹਨ। ਸਰਕਾਰੀ ਅੰਕੜਿਆਂ ਅਨੁਸਾਰ ਸਾਡੇ ਦੇਸ਼ ਵਿਚ ਮਰੀਜ਼ਾਂ ਦੇ ਸਿਹਤਮੰਦ ਹੋਣ ਦੀ ਦਰ 63.45 ਫ਼ੀਸਦੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਦਾਖ਼ਲ ਹੋਏ ਮਰੀਜ਼ਾਂ ਵਿਚੋਂ ਬਹੁਤ ਘੱਟ ਮਰੀਜ਼ਾਂ ਦੀ ਹਾਲਤ ਗੰਭੀਰ ਹੈ। ਸੰਸਾਰ ਪੱਧਰ ਦੇ ਅੰਕੜੇ ਵੀ ਇਹ ਦੱਸਦੇ ਹਨ ਕਿ ਜਨਿ੍ਹਾਂ ਲੋਕਾਂ ਦੀ ਕਰੋਨਾਵਾਇਰਸ ਕਾਰਨ ਮੌਤ ਹੋਈ, ਉਨ੍ਹਾਂ ਵਿਚੋਂ ਬਹੁਤਿਆਂ ਨੂੰ ਕਈ ਹੋਰ ਗੰਭੀਰ ਬਿਮਾਰੀਆਂ ਸਨ। ਇਸ ਲਈ ਇਹ ਪੂਰੇ ਨਿਸ਼ਚੇ ਨਾਲ ਨਹੀਂ ਕਿਹਾ ਜਾ ਸਕਦਾ ਕਿ ਅਜਿਹੇ ਕੇਸਾਂ ਵਿਚ ਮੌਤ ਦਾ ਬੁਨਿਆਦੀ ਕਾਰਨ ਕਰੋਨਾਵਾਇਰਸ ਸੀ ਜਾਂ ਉਹ ਗੰਭੀਰ ਬਿਮਾਰੀ, ਜਿਸ ਤੋਂ ਮਰੀਜ਼ ਪਹਿਲਾਂ ਹੀ ਪ੍ਰਭਾਵਿਤ ਸੀ। ਇਸ ਤਰ੍ਹਾਂ ਇਸ ਮਹਾਮਾਰੀ ਤੋਂ ਹੋਣ ਵਾਲੀਆਂ ਮੌਤਾਂ ਦੀ ਦਰ ਕਾਫ਼ੀ ਘੱਟ ਅਤੇ ਸਾਡੇ ਦੇਸ਼ ਵਿਚ ਬਹੁਤ ਘੱਟ ਹੈ। ਇਹ ਗੱਲ ਵੀ ਧਿਆਨ ਦੇਣ ਯੋਗ ਹੈ ਕਿ ਕੋਈ ਅਜਿਹੀਆਂ ਖ਼ਬਰਾਂ ਵੀ ਨਹੀਂ ਆਈਆਂ ਕਿ ਕਿਸੇ ਸ਼ਹਿਰ, ਕਸਬੇ, ਪਿੰਡ, ਬਸਤੀ, ਮੁਹੱਲੇ, ਗਲੀ ਆਦਿ ਵਿਚ ਲੋਕਾਂ ਦੇ ਇਸ ਬਿਮਾਰੀ ਤੋਂ ਪ੍ਰਭਾਵਿਤ ਹੋਣ ਕਾਰਨ ਵੱਡੀ ਤਾਦਾਦ ਵਿਚ ਮੌਤਾਂ ਹੋਈਆਂ। ਬਹੁਤ ਸਾਰੇ ਪ੍ਰਭਾਵਿਤ ਮਰੀਜ਼, ਜਨਿ੍ਹਾਂ ਨੂੰ ਮਾਮੂਲੀ ਜਾਂ ਮਾਮੂਲੀ ਤੋਂ ਕੁਝ ਵੱਧ ਦਰਜੇ ਦੇ ਲੱਛਣ ਸਨ, ਘਰਾਂ ਵਿਚ ਇਕਾਂਤਵਾਸ ਕਰਕੇ ਹੀ ਸਿਹਤਮੰਦ ਹੋ ਗਏ। ਇਨ੍ਹਾਂ ਤੱਥਾਂ ਕਾਰਨ ਸਿਹਤ ਵਿਗਿਆਨੀ ਅਤੇ ਡਾਕਟਰ ਇਹ ਸਮਝ ਰਹੇ ਹਨ ਕਿ ਇਹ ਵਾਇਰਸ ਓਨਾ ਮਾਰੂ ਜਾਂ ਘਾਤਕ ਨਹੀਂ ਹੈ ਜਿੰਨਾ ਪਹਿਲਾਂ ਸਮਝਿਆ ਜਾ ਰਿਹਾ ਸੀ।

ਉੱਪਰ ਦਿੱਤੇ ਤੱਥਾਂ ਕਾਰਨ ਕੁਝ ਸਿਹਤ ਵਿਗਿਆਨੀਆਂ ਦਾ ਵਿਚਾਰ ਹੈ ਕਿ ਕੋਵਿਡ-19 ਵਾਇਰਸ ਨੂੰ ਵੀ ਆਮ ਫਲੂ (Flu) ਵਾਂਗ ਸਮਝ ਕੇ ਮਰੀਜ਼ਾਂ ਦਾ ਇਲਾਜ ਵੀ ਇਸੇ ਸਮਝ ਅਨੁਸਾਰ ਕੀਤਾ ਜਾਣਾ ਚਾਹੀਦਾ ਹੈ। ਨਿਸ਼ਚੇ ਹੀ ਕੋਵਿਡ-19 ਸਾਹ ਪ੍ਰਣਾਲੀ ਰਾਹੀਂ ਫੈਲਣ ਵਾਲਾ ਵਾਇਰਸ ਹੈ ਪਰ ਇਸ ਸਬੰਧ ਵਿਚ ਅਜਿਹੇ ਨਤੀਜਿਆਂ ’ਤੇ ਪਹੁੰਚਣ ਲਈ ਵਿਸ਼ਵ ਸਿਹਤ ਸੰਗਠਨ, ਖੋਜ ਕਰ ਰਹੀਆਂ ਯੂਨੀਵਰਸਿਟੀਆਂ, ਕੰਪਨੀਆਂ ਅਤੇ ਹੋਰ ਅਦਾਰਿਆਂ ਦੀ ਖੋਜ ਤੋਂ ਮਿਲਣ ਵਾਲੇ ਨਤੀਜਿਆਂ ਦੀ ਇੰਤਜ਼ਾਰ ਕਰਨੀ ਚਾਹੀਦੀ ਹੈ। ਇਸ ਦੇ ਨਾਲ ਨਾਲ ਇਸ ਤੋਂ ਬਚਣ ਲਈ ਦੱਸੇ ਗਏ ਤਰੀਕਿਆਂ ਜਿਵੇਂ ਸਰੀਰਕ ਦੂਰੀ ਬਣਾਈ ਰੱਖਣ, ਮਾਸਕ ਪਹਨਿਣ, ਹੱਥ ਵਾਰ ਵਾਰ ਧੋਣ, ਭੀੜ-ਭੜੱਕੇ ਵਾਲੀਆਂ ਥਾਵਾਂ ’ਤੇ ਨਾ ਜਾਣ ਆਦਿ ’ਤੇ ਅਮਲ ਕਰਨਾ ਚਾਹੀਦਾ ਹੈ। ਬਜ਼ੁਰਗਾਂ ਅਤੇ ਪਹਿਲਾਂ ਤੋਂ ਹੋਰ ਰੋਗਾਂ ਤੋਂ ਪ੍ਰਭਾਵਿਤ ਵਿਅਕਤੀਆਂ ਦਾ ਖ਼ਾਸ ਖ਼ਿਆਲ ਰੱਖਣ ਦੀ ਲੋੜ ਹੈ। ਲੋਕਾਂ ਨੂੰ ਕੋਵਿਡ-19 ਦੀ ਵੈਕਸੀਨ ਦਾ ਵੀ ਇੰਤਜ਼ਾਰ ਹੈ ਪਰ ਮਾਹਿਰਾਂ ਅਨੁਸਾਰ ਇਸ ਦੀ ਲੋਕਾਂ ਤਕ ਸਮੂਹਿਕ ਪਹੁੰਚ 2021 ਦੇ ਪਹਿਲੇ ਮਹੀਨਿਆਂ ਤਕ ਹੀ ਸੰਭਵ ਹੋਵੇਗੀ। ਇਹ ਗੱਲ ਵੀ ਸਪੱਸ਼ਟ ਹੋ ਰਹੀ ਹੈ ਕਿ ਲੌਕਡਾਊਨ ਜਾਂ ਕਰਫਿਊ ਇਸ ਮਹਾਮਾਰੀ ਨਾਲ ਲੜਨ ਦੇ ਕਾਰਗਰ ਸੰਦ ਨਹੀਂ। ਉਨ੍ਹਾਂ ਕਾਰਨ ਪੈਦਾ ਹੋਏ ਆਰਥਿਕ ਮੰਦਵਾੜੇ ਅਤੇ ਬੇਰੁਜ਼ਗਾਰੀ ਦੇ ਪ੍ਰਭਾਵ ਹੋਰ ਮਾਰੂ ਹੋ ਸਕਦੇ ਹਨ। ਇਸ ਲਈ ਕੋਵਿਡ-19 ਦੀ ਦਹਿਸ਼ਤ ’ਚੋਂ ਨਿਕਲਣ ਦੇ ਨਾਲ ਨਾਲ ਸਿਹਤ ਵਿਗਿਆਨੀਆਂ ਅਤੇ ਡਾਕਟਰਾਂ ਦੁਆਰਾ ਦੱਸੇ ਗਏ ਪਰਹੇਜ਼ ’ਤੇ ਅਮਲ ਕਰਨ ਦੀ ਜ਼ਰੂਰਤ ਹੈ।

Advertisement

Advertisement
Tags :
ਕੋਵਿਡ-19:ਦ੍ਰਿਸ਼