For the best experience, open
https://m.punjabitribuneonline.com
on your mobile browser.
Advertisement

ਕੁਦਰਤੀ ਖ਼ੂਬਸੂਰਤੀ ਨਾਲ ਭਰਪੂਰ ਦੇਸ਼ ਵੀਅਤਨਾਮ

07:26 PM Jun 29, 2023 IST
ਕੁਦਰਤੀ ਖ਼ੂਬਸੂਰਤੀ ਨਾਲ ਭਰਪੂਰ ਦੇਸ਼ ਵੀਅਤਨਾਮ
Advertisement

ਬਲਵਿੰਦਰ ਚਹਿਲ ਮੈਲਬੌਰਨ

Advertisement

ਕਾਲਜ ਪੜ੍ਹਦਿਆਂ ਤਿੰਨ ਘੋਲ ਚਰਚਾ ਵਿੱਚ ਰਹਿੰਦੇ: ਮੋਗਾ ਗੋਲੀ ਕਾਂਡ, ਬੱਸ ਕਿਰਾਇਆ ਘੋਲ ਤੇ ਵੀਅਤਨਾਮ ਵਿੱਚ ਚੱਲ ਰਹੀ ਅਸਾਵੀਂ ਜੰਗ। ਸੋਵੀਅਤ ਸੰਘ ਨੂੰ ਸੁਪਨਿਆਂ ਦੇ ਦੇਸ਼ ਵਜੋਂ ਉਭਾਰਿਆ ਜਾਂਦਾ ਤੇ ਵੀਅਤਨਾਮ ਨਾਲ ਹਮਦਰਦੀ ਵਜੋਂ ”ਤੇਰਾ ਨਾਮ ਮੇਰਾ ਨਾਮ ਵੀਅਤਨਾਮ” ਕਿਹਾ ਜਾਂਦਾ ਸੀ। ਸਮੇਂ ਦੇ ਚੱਲਦਿਆਂ ਸੋਵੀਅਤ ਸੰਘ ਜਾਣ ਦਾ ਸੁਪਨਾ ਕਦੀ ਵੀ ਪੂਰਾ ਨਾ ਹੋਇਆ ਤੇ ਫੇਰ ਸੋਵੀਅਤ ਸੰਘ ਹੀ ਟੁੱਟ ਕੇ ਰੂਸ ਹੋ ਗਿਆ, ਪਰ ਕੋਈ ਪੰਜਾਹ ਸਾਲਾਂ ਬਾਅਦ ਵੀਅਤਨਾਮ ਜਾਣ ਦਾ ਸਬੱਬ ਬਣ ਗਿਆ।

Advertisement

ਵੀਅਤਨਾਮ 1883 ਤੋਂ ਫਰਾਂਸ ਦੀ ਕਾਲੋਨੀ ਸੀ, ਪਰ 1890 ਵਿੱਚ ਜਨਮੇ ਹੋ ਚੀ ਮਿਨ ਨੇ ਜ਼ਿੰਦਗੀ ਦੇ ਪੰਜਾਹ ਸਾਲ ਲਾ ਕੇ ਕਮਿਊਨਿਸਟ ਪਾਰਟੀ ਖੜ੍ਹੀ ਕਰਕੇ 1945 ਵਿੱਚ ਆਜ਼ਾਦ ਵੀਅਤਨਾਮ ਦਾ ਐਲਾਨ ਕਰ ਦਿੱਤਾ ਸੀ। ਦਹਾਕੇ ਦੇ ਘਰੇਲੂ ਯੁੱਧ ਪਿੱਛੋਂ ਫਰਾਂਸ ਵੀਅਤਨਾਮ ਵਿੱਚੋਂ ਨਿਕਲ ਤਾਂ ਗਿਆ, ਪਰ ਜਾਂਦੇ ਜਾਂਦੇ ਦੇਸ਼ ਦੇ ਦੋ ਟੋਟੇ ਕਰ ਗਿਆ। ਉੱਤਰੀ ਤੇ ਦੱਖਣੀ ਵੀਅਤਨਾਮ। ਦੱਖਣੀ ਵੀਅਤਨਾਮ ਵਿੱਚ ਉਹ ਆਪਣੀ ਝੋਲੀ ਚੁੱਕ ਸਰਕਾਰ ਬਣਾ ਗਏ। ਹੋ ਚੀ ਜਿਹੜਾ ਚਾਚਾ ਹੋ ਕਰਕੇ ਜਾਣਿਆ ਜਾਂਦਾ ਸੀ, 1955 ਵਿੱਚ ਆਜ਼ਾਦ ਉੱਤਰੀ ਵੀਅਤਨਾਮ ਦਾ ਪਹਿਲਾ ਪ੍ਰਧਾਨ ਬਣਿਆ। ਉਸ ਨੇ ਦੱਖਣ ਵਾਲਿਆਂ ਨੂੰ ਦੋਵੇਂ ਦੇਸ਼ ਫੇਰ ਤੋਂ ਇਕੱਠੇ ਹੋਣ ਦਾ ਪ੍ਰਸਤਾਵ ਭੇਜਿਆ, ਪਰ ਅਗਲਿਆਂ ਇਕੱਠੇ ਤਾਂ ਹੋਣਾ ਦੂਰ ਦੀ ਗੱਲ ਅਮਰੀਕਾ ਤੋਂ ਸਹਾਇਤਾ ਮੰਗ ਲਈ। ਦੱਖਣੀ ਵੀਅਤਨਾਮ ਦੀ ਸਰਕਾਰ ਤੇ ਅਮਰੀਕਾ ਫੇਰ 1973 ਤੱਕ ਲੜਦੇ ਰਹੇ। ਕਹਿਣ ਨੂੰ ਇਹ ਦੋ ਦਹਾਕਿਆਂ ਤੱਕ ਲੜਿਆ ਯੁੱਧ ਹੀ ਲੱਗਦਾ ਹੈ, ਪਰ ਇਸ ਬਾਰੇ ਜਾਣ ਕੇ ਅੱਖਾਂ ‘ਚ ਲਹੂ ਆ ਜਾਂਦੈ। ਉਹ ਅਣਮਨੁੱਖੀ ਕਹਿਰ ਹੋਇਆ ਜਿਹੜਾ ਵਰਣਨ ਤੋਂ ਬਾਹਰ ਹੈ। ਇਸ ਦੌਰਾਨ ਚਾਚਾ ਹੋ 1969 ਵਿੱਚ ਸਰੀਰਕ ਤੌਰ ‘ਤੇ ਭਾਵੇਂ ਸੰਸਾਰ ਵਿੱਚ ਨਹੀਂ ਸੀ, ਪਰ ਉਹ ਅਖੀਰ ਤੱਕ ਮੋਢੀ ਬਣਿਆ ਰਿਹਾ। ਲੜਾਈ ਜਿੱਤਣ ਦੇ ਦਿਨ ਵੀ ਲੋਕ ਚਾਚਾ ਹੋ ਦੇ ਨਾਅਰੇ ਮਾਰ ਰਹੇ ਸਨ। ਇਸ ਯੁੱਧ ‘ਚੋਂ ਅਮਰੀਕਾ ਬੇਸ਼ਰਮ ਹੋ ਕੇ ਭੱਜਿਆ ਤੇ ਅਖੀਰ 1976 ਵਿੱਚ ਫੇਰ ਦੋਵੇਂ ਦੇਸ਼ ਇੱਕ ਸੋਸ਼ਲਿਸਟ ਰਿਪਬਲਿਕਨ ਆਫ ਵੀਅਤਨਾਮ ਬਣ ਗਏ।

ਹੋ ਚੀ ਮਿਨ ਸ਼ਹਿਰ ਵਿੱਚ ਮੁੜ ਮਿਲਾਪ ਇਮਾਰਤ (Reunion Palace) ਸਥਿਤ ਹੈ। ਇਹ ਉਹ ਥਾਂ ਸੀ ਜਿੱਥੇ ਦੋਵੇਂ ਦੇਸ਼ ਇੱਕ ਹੋਏ ਸਨ। ਬਾਹਰ ਉਹ ਟੈਂਕ ਖੜ੍ਹੇ ਸਨ ਜਿਹੜੇ ਸਿੱਧੇ ਕੰਧ ਜੰਗਲਾ ਤੋੜ ਕੇ ਅੰਦਰ ਆਏ ਸੀ ਤੇ ਦੱਖਣੀ ਵੀਅਤਨਾਮ ਦੀ ਸਰਕਾਰ ਨੇ ਬਿਨਾਂ ਸ਼ਰਤ ਹੱਥ ਖੜ੍ਹੇ ਕਰ ਦਿੱਤੇ ਸਨ। ਇਹਦੇ ਨਾਲ ਹੀ ‘ਜੰਗ ਦੇ ਨਿਸ਼ਾਨ – ਮਿਊਜ਼ੀਅਮ’ (war Reuminent miusium) ਸਥਿਤ ਹੈ। ਇੱਥੇ ਜ਼ੁਲਮਾਂ ਦੀ ਕਹਾਣੀ ਪਾਉਂਦੀਆਂ ਅਥਾਹ ਤਸਵੀਰਾਂ ਨੇ, ਜੰਗ ਦੇ ਨਿਸ਼ਾਨ ਨੇ ਤੇ ਜ਼ੁਲਮ ਸਹਿਣ ਕਰਦੇ ਲੋਕਾਂ ਦੀ ਇਬਾਦਤ ਹੈ। ਸਾਰੀ ਦੁਨੀਆ ਵੱਲੋਂ ਭੇਜੇ ਹਮਦਰਦੀ ਵਾਲੇ ਸੰਦੇਸ਼ ਨੇ। ਲੜਾਈ ਰੋਕਣ ਦੇ ਸੁਨੇਹੇ ਨੇ। ਇਸ ਵਿੱਚ ਸੀਪੀਆਈ ਬੰਗਾਲ ਇਕਾਈ ਵੱਲੋਂ ਹੋ ਚੀ ਲਈ ਭੇਟ ਕੀਤਾ ਲਾਲ ਸਲਾਮ ਵਾਲਾ ਪੋਸਟਰ ਵੀ ਹੈ।

ਯੁੱਧ ਦਾ ਮੈਦਾਨ ਵੀ ਦੇਖਣਯੋਗ ਹੈ। ਜਿੱਥੋਂ ਦੱਖਣੀ ਵੀਅਤਨਾਮ ਦੇ ਵੀਤਕਾਂਗ ਯੋਧੇ ਚਾਚਾ ਹੋ ਨਾਲ ਰਲ ਕੇ ਲੜੇ। ਗਿਣਤੀ ਦੇ ਮੰਗਵੇ ਹਥਿਆਰ, ਗੁਜ਼ਾਰੇ ਜੋਗਾ ਰਾਸ਼ਨ ਤੇ ਸਾਹਮਣੇ ਅਮਰੀਕਾ। ਧਰਤੀ ਹੇਠ ਸੁਰੰਗਾਂ ਦਾ ਅਜਿਹਾ ਜਾਲ ਵਿਛਾ ਕੇ ਰਾਤ ਨੂੰ ਹਮਲਾ ਕਰਦੇ ਤੇ ਅਮਰੀਕਾ ਦੇ ਫੌਜੀ ਓਧਰ ਜਾਂਦੇ ਤਾਂ ਟੋਏ ਪੁੱਟ ਕੇ ਬਾਂਸ ਦੇ ਤਿੱਖੇ ਤੀਰ ਲਾ ਕੇ ਉੱਪਰੋਂ ਸੀਲ ਲਾ ਦਿੰਦੇ। ਅਮਰੀਕਾ ਨੇੇ ਹਰ ਯਤਨ ਕਰ ਲਿਆ, ਪਰ ਇਹ ਮੋਰਚਾ ਤੋੜ ਨਹੀਂ ਸਕਿਆ। ਜੰਗਲ ਫੂਕ ਦਿੱਤੇ, ਰਸਾਇਣ ਸੁੱਟੇ ਗਏ, ਬੀ -52 ਵਰਗੇ ਜਹਾਜ਼ ਬੰਬ ਸੁੱਟ ਕੇ ਥੱਕ ਗਏ, ਪਰ ਵੀਅਤਨਾਮ ਦੇ ਲੋਕਾਂ ਦਾ ਹੌਸਲਾ ਨਹੀਂ ਤੋੜ ਸਕੇ।

ਇਸ ਦਾ ਅਗਲਾ ਦੇਖਣਯੋਗ ਸ਼ਹਿਰ ਹੈ ਦਾ ਨਾਗ। ਇਹ ਇੱਕ ਅੱਡ ਹੀ ਅਨੁਭਵ ਸੀ, ਇਹ ਸ਼ਹਿਰ ਮਾਰਬਲ ਦੀਆਂ ਮੂਰਤੀਆਂ ਕਰਕੇ ਵੀ ਮਸ਼ਹੂਰ ਹੈ। ਪਹਿਲਾਂ 75 ਫੁੱਟ ਉੱਚੀ ਬੁੱਧ ਦੀ ਮੂਰਤੀ ਦੇ ਦੀਦਾਰ ਕੀਤੇ। ਇੱਥੇ ਮਾਰਬਲ ਦੀਆਂ ਬਹੁਤ ਦੁਕਾਨਾਂ ਤੇ ਫੈਕਟਰੀਆਂ ਵੀ ਹਨ। ਇੱਥੇ ਹੀ 167 ਪੌੜੀਆਂ ਚੜ੍ਹ ਕੇ ਸਾਰਾ ਸ਼ਹਿਰ ਦਿਸਦਾ ਹੈ। ਅੱਗੇ ਹੈ ਦੁਨੀਆ ਦਾ ਮਸ਼ਹੂਰ ਸ਼ਹਿਰ ਹੋਇ ਆਨ ਜਿਸ ਨੂੰ ਲੋਕ ਰਾਤ ਵੇਲੇ ਹੀ ਵੇਖਦੇ ਹਨ। ਇਸ ਦਾ ਬਾਜ਼ਾਰ ਤੇ ਖਾਣ ਪੀਣ ਆਲ੍ਹਾ ਦਰਜੇ ਦਾ ਹੈ। ਸ਼ਹਿਰ ਦੇ ਵਿਚਕਾਰੋਂ ਲੰਘਦੇ ਦਰਿਆ ਵਿੱਚ ਲੋਕਾਂ ਨੇ ਕਾਗਜ਼ ਦੇ ਦੀਵੇ ਜਗਾ ਕੇ ਛੱਡੇ ਨੇ। ਉਨ੍ਹਾਂ ਦੀ ਮਾਨਤਾ ਹੈ ਕਿ ਇਸ ਨਾਲ ਇੱਛਾ ਪੂਰੀ ਹੋ ਜਾਂਦੀ ਹੈ। ਇੱਥੇ ਸ਼ਹਿਰ ਲਾਗੇ ਮਾਈ ਸਨ (My son) ਮੰਦਿਰ ਹੈ। ਮਾਈ ਸਨ ਦੇ ਮੰਦਿਰ ਨੂੰ ਭਾਰਤ ਸਰਕਾਰ ਨੇ ਠੀਕ ਹਾਲਤ ਵਿੱਚ ਰੱਖਿਆ ਹੋਇਆ ਹੈ। ਵੀਅਤਨਾਮ ਦੀ ਰਾਜਧਾਨੀ ਹੈ ਹੋਨੋਈ। ਇੱਥੇ ਸਥਿਤ ਹੈ ਹੋ ਚੀ ਮਿਊਜ਼ੀਅਮ ਜਿਸ ਵਿੱਚ ਦੁਨੀਆ ਭਰ ਦੇ ਉਨ੍ਹਾਂ ਸਿਆਸਤਦਾਨਾਂ ਦੀਆਂ ਤਸਵੀਰਾਂ ਹਨ ਜੋ ਵੀਅਤਨਾਮ ਪ੍ਰਤੀ ਲਗਾਓ ਰੱਖਦੇ ਸਨ ਤੇ ਅਮਰੀਕਾ ਵਿਰੁੱਧ ਨਾਰਾਜ਼ਗੀ ਜ਼ਾਹਰ ਕੀਤੀ ਸੀ। ਪੰਡਤ ਜਵਾਹਰ ਲਾਲ ਨਹਿਰੂ ਦੀ ਫੋਟੋ ਵੀ ਇਨ੍ਹਾਂ ਵਿੱਚ ਸ਼ੁਮਾਰ ਹੈ। ਨਾਲ ਦੀ ਇਮਾਰਤ ਵਿੱਚ ਚਾਚਾ ਹੋ ਦੀ ਸਮਾਧ ਹੈ ਜਿੱਥੋਂ ਉਹ ਅਜੇ ਵੀ ਅਗਵਾਈ ਕਰ ਰਿਹਾ ਹੈ। ਇੱਥੇ ਇੱਕ ਰੇਲਵੇ ਲਾਈਨ ਹੈ ਜਿਸ ਦੇ ਕਿਨਾਰੇ ‘ਤੇ ਦੁਕਾਨਾਂ ਹਨ। ਇੱਥੇ ਲੋਕ ਆ ਕੇ ਬੀਅਰ ਆਦਿ ਪੀਂਦੇ ਹਨ ਤੇ ਜਦੋਂ ਗੱਡੀ ਲੰਘੇ ਤਾਂ ਟਰੈਕ ਤੋਂ ਪਰੇ ਹੋ ਜਾਂਦੇ ਹਨ। ਗੱਲ ਤਾਂ ਬਸ ਆਨੰਦ ਦੀ ਹੈ।

ਵੀਅਤਨਾਮ ਦੀ ਪੁਰਾਣੀ ਰਾਜਧਾਨੀ ਹੈ ਹੈਲੋਈ। ਹੈਲੋਈ ਦੇ ਪਿਛਲੇ ਪਾਸੇ ਪਹਾੜਾਂ ਵਿੱਚ ਘਿਰੀ ਝੀਲ ਹੈ। ਝੀਲ ਵਿੱਚ ਛੋਟੀਆਂ ਚੱਪੂ ਕਿਸ਼ਤੀਆਂ ਚੱਲ ਰਹੀਆਂ ਸਨ ਤੇ ਪਾਸੇ ‘ਤੇ ਝੋਨਾ ਲਾਇਆ ਹੋਇਆ ਸੀ। ਕਿਸ਼ਤੀ ‘ਤੇ ਝੋਨਾ ਵੱਢ ਕੇ ਸਾਡੇ ਹਰੰਬੇ ਵਾਂਗ ਝਾੜ ਰਹੇ ਸਨ। ਦੋ ਹਜ਼ਾਰ ਦੇ ਕਰੀਬ ਨਿੱਕੇ ਵੱਡੇ ਟਾਪੂਆਂ ਵਿੱਚ ਘੁੰਮਣ ਦਾ ਆਨੰਦ ਹੀ ਵੱਖਰਾ ਹੈ। ਇੱਕ ਟਾਪੂ ਚਾਚਾ ਹੋ ਨੇ ਮਾਰਸ਼ਲ ਟੀਟੋ ਦੇ ਨਾਂ ਕੀਤਾ ਸੀ, ਜਦੋਂ ਉਹ ਇੱਥੇ ਆਇਆ ਸੀ।

ਅਜੇ ਤਾਂ ਦੇਸ਼ ਨੂੰ ਆਜ਼ਾਦ ਹੋਏ ਪੰਜਾਹ ਸਾਲ ਵੀ ਨਹੀਂ ਹੋਏ, ਪਰ ਇੱਥੇ ਸਾਫ਼ ਸਫ਼ਾਈ ਚੰਗੀ ਹੈ। ਕਿੱਧਰੇ ਕੋਈ ਕਿਸੇ ਤੋਂ ਪੈਸੇ ਮੰਗਦਾ ਨਹੀਂ ਵੇਖਿਆ, ਸਾਰੇ ਕੰਮ ਕਰਕੇ ਕਮਾਉਂਦੇ ਹਨ। ਇੱਥੇ ਆਵਾਜਾਈ ਦਾ ਵੱਡਾ ਸਾਧਨ ਮੋਟਰਸਾਈਕਲ ਜਾਂ ਸਕੂਟਰੀ ਹੈ। ਦੂਜੇ ਪਾਸੇ ਅਮੀਰਾਂ ਨੇ ਮਹਿੰਗੀਆਂ ਗੱਡੀਆਂ ਵੀ ਰੱਖੀਆਂ ਨੇ। ਪੁਲੀਸ ਕਿਧਰੇ ਨਜ਼ਰ ਨਹੀਂ ਆਉਂਦੀ, ਪਰ ਕਿਧਰੇ ਕਿਧਰੇ ਫੌਜੀ ਜ਼ਰੂਰ ਫਿਰਦੇ ਹਨ। ਲੋਕਾਂ ਵਿੱਚ ਸਾਦਗੀ ਤੇ ਨਿਮਰਤਾ ਹੈ। ਕੋਈ ਵੀ ਹੌਰਨ ਨਹੀਂ ਮਾਰਦਾ।

Advertisement
Tags :
Advertisement