For the best experience, open
https://m.punjabitribuneonline.com
on your mobile browser.
Advertisement

ਵਿਦਿਆ ਵੀਚਾਰੀ...

06:10 AM Mar 21, 2024 IST
ਵਿਦਿਆ ਵੀਚਾਰੀ
Advertisement

ਹਰਦੀਪ ਚਿੱਤਰਕਾਰ

Advertisement

ਸਕੂਲ ਦੀਆਂ ਕੰਧਾਂ ’ਤੇ ਲਿਖਿਆ ਵਿਚਾਰ ‘ਵਿਦਿਆ ਵੀਚਾਰੀ ਤਾਂ ਪਰਉਪਕਾਰੀ’ ਬਚਪਨ ਤੋਂ ਪੜ੍ਹਦੇ ਰਹੇ। ਅਰਥ ਸਮਝ ਨਹੀਂ ਸੀ ਆਏ। ਜਦੋਂ ਉੱਚ ਵਿਦਿਆ ਪ੍ਰਾਪਤ ਸ਼ਖ਼ਸੀਅਤਾਂ ਦੇ ਪਰਉਪਕਾਰਾਂ ਦਾ ਮੀਂਹ ਸਾਡੇ ਪਿੰਡ ’ਤੇ ਵਰ੍ਹਿਆ ਤਾਂ ਇਲਾਕੇ ਦਾ ਬੱਚਾ-ਬੱਚਾ ਬਿਨਾਂ ਸਮਝਾਏ ਸਮਝ ਗਿਆ ਕਿ ਵਿਦਿਆ ਹੀ ਉਹ ਸ਼ਕਤੀ ਹੈ ਜਿਸ ਨਾਲ ਮਨੁੱਖ ਸੁਖੀ ਸਮਾਜ ਸਿਰਜ ਸਕਦਾ ਹੈ।
ਸਾਡੇ ਇਲਾਕੇ ਦੇ ਲੋਕ ਆਪਣੇ ਪੁਰਖਿਆਂ ਦੀ ਯਾਦ ਵਿੱਚ ਆਪੋ-ਆਪਣੀ ਸਮਰੱਥਾ ਮੁਤਾਬਿਕ ਪੁੰਨ-ਦਾਨ ਕਰਦੇ ਹਨ। ਕਈ ਥਾਈਂ ਅੰਤਿਮ ਅਰਦਾਸ ਸਮੇਂ ਸਪੀਕਰਾਂ ਵਿੱਚ ਬੋਲਦੇ ਸੁਣੀਂਦੈ- ‘ਭਾਈ ਸੰਗਤੇ! ਵਿਛੜ ਚੁੱਕੀ ਆਤਮਾ ਦੀ ਯਾਦ ਵਿੱਚ ਉਨ੍ਹਾਂ ਦੇ ਪਰਿਵਾਰ ਵੱਲੋਂ ਧਾਰਮਿਕ ਸਥਾਨ ਨੂੰ ਐਨੇ ਹਜ਼ਾਰ, ਬਾਬੇ ਦੇ ਡੇਰੇ ਨੂੰ ਐਨੇ ਸੌ ਅਤੇ ਮੜ੍ਹੀ ਨੂੰ ਐਨੇ ਸੌ ਦਾਨ ਕੀਤਾ ਹੈ। ਪਰਮਾਤਮਾ ਇਨ੍ਹਾਂ ਦੀ ਕਮਾਈ ’ਚ ਬਰਕਤਾਂ ਪਾਵੇ।’
ਦਸ ਸਾਲ ਪਹਿਲਾਂ ਸਾਡੇ ਪਿੰਡ ਰਾਜਗੜ੍ਹ ਕੁੱਬੇ ਦਾ ਅਮਰੀਕਾ ਵਸਦਾ ਇੱਕ ਪਰਿਵਾਰ ਆਪਣੇ ਬਜ਼ੁਰਗਾਂ ਦੀ ਅੰਤਿਮ ਅਰਦਾਸ ਕਰਵਾਉਣ ਪਿੰਡ ਆਇਆ। ਗੁਰਦੁਆਰੇ ਵਿੱਚ ਪਾਠ ਦੇ ਭੋਗ ਤੋਂ ਬਾਅਦ ਪਿੰਡ ਦੀ ਸੰਗਤ ਸਾਹਮਣੇ ਪਰਿਵਾਰ ਨੇ ਪ੍ਰਸਤਾਵ ਰੱਖਿਆ: “ਅਸੀਂ ਆਪਣੇ ਦਾਦਾ ਜੀ ਦੀ ਯਾਦ ਵਿੱਚ ਸਮੂਹ ਲੋਕਾਂ ਦੇ ਕੰਮ ਆਉਣ ਵਾਲੀ ਸਹੂਲਤ ਦੇਣੀ ਚਾਹੁੰਦੇ ਹਾਂ, ਦੱਸਣਾ ਤੁਸੀਂ ਹੈ ਕਿ ਪਿੰਡ ਨੂੰ ਲੋੜ ਕਿਸ ਚੀਜ਼ ਦੀ ਹੈ।” ਲੋਕਾਂ ਨੇ ਸਾਂਝੀ ਰਾਇ ਬਣਾ ਕੇ ਦੱਸਿਆ ਕਿ ਪਿੰਡ ਵਿੱਚ ਖੁਸ਼ੀ ਗ਼ਮੀ ਦੇ ਸਮਾਜਿਕ ਕਾਰਜਾਂ ਲਈ ਵੱਡੇ ਹਾਲ ਦੀ ਜ਼ਰੂਰਤ ਹੈ। ਲੋਕ ਰਾਇ ਨੂੰ ਸਵੀਕਾਰਦੇ ਹੋਏ ਪਰਿਵਾਰ ਨੇ ਇਹ ਕਾਰਜ ਪੂਰਾ ਕਰਨ ਦਾ ਵਾਅਦਾ ਕੀਤਾ।
ਕੁਝ ਦਿਨਾਂ ਵਿੱਚ ਹੀ ਕਮਿਊਨਿਟੀ ਹਾਲ ਦਾ ਨਕਸ਼ਾ ਵਿਦੇਸ਼ੋਂ ਬਣ ਕੇ ਆ ਪਹੁੰਚਿਆ। ਇਮਾਰਤਸਾਜ਼ੀ ਦਾ ਸਮਾਨ ਪਹੁੰਚਣ ਲੱਗਿਆ। ਛੋਟੇ ਅਤੇ ਖੰਡਰ ਬਣੇ ਪੰਚਾਇਤ ਘਰ ਦੀ ਥਾਂ ਵੱਡੀ ਇਮਾਰਤ ਉਸਰਨ ਲੱਗੀ। ਵੱਡਾ ਹਾਲ, ਸਮੂਹ ਦੇ ਖਾਣਾ ਬਣਾਉਣ ਲਈ ਰਸੋਈ, ਖਾਣਾ ਵਰਤਾਉਣ ਵਾਲਾ ਕਮਰਾ ਅਤੇ ਸੁੰਦਰ ਬਰਾਮਦੇ ਵਾਲਾ ਇਹ ਆਧੁਨਿਕ ਕਮਿਊਨਟੀ ਹਾਲ ਬਣ ਕੇ ਤਿਆਰ ਹੋ ਗਿਆ।
ਪਿੰਡ ਵਾਸੀਆਂ ਲਈ ਉਹ ਖੁਸ਼ੀਆਂ ਭਰਿਆ ਦਿਨ ਵੀ ਆ ਗਿਆ ਜਦੋਂ ਇਹ ਪਰਿਵਾਰ ਆਪਣੇ ਰਿਸ਼ਤੇਦਾਰਾਂ, ਸੱਜਣਾਂ ਸਮੇਤ ਪਿੰਡ ਪਹੁੰਚਿਆ। ਉਨ੍ਹਾਂ ਸ਼ਾਨਦਾਰ ਗੈਰ-ਰਾਜਨੀਤਕ ਸਮਾਗਮ ਰਚਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ’ਚ ਇਮਾਰਤ ਮਨੁੱਖਤਾ ਦੇ ਸਪੁਰਦ ਕੀਤੀ। ਪਿੰਡ ਵਾਸੀਆਂ ਨੇ ਪ੍ਰਬੰਧਕ ਕਮੇਟੀ ਚੁਣ ਕੇ ਵਾਜਬਿ ਕਿਰਾਇਆ ਤੈਅ ਕੀਤਾ ਜਿਸ ਨਾਲ ਇਮਾਰਤ ਦੀ ਸਫਾਈ ਤੇ ਸਾਂਭ-ਸੰਭਾਲ ਹੁੰਦੀ ਰਹੇ।
ਮੱਧਵਰਗੀ ਅਤੇ ਗ਼ਰੀਬ ਪਿੰਡ ਵਾਸੀ ਜੋ ਸ਼ਹਿਰੀ ਮੈਰਿਜ ਪੈਲੇਸਾਂ ਦੇ ਖਰਚਿਆਂ ਤੋਂ ਅਸਮਰੱਥ ਸਨ, ਜਿਨ੍ਹਾਂ ਨੂੰ ਵਿਆਹ ਸ਼ਾਦੀਆਂ ਵੇਲ਼ੇ ਮਜਬੂਰਨ ਘਰਾਂ, ਗਲ਼ੀਆਂ ’ਚ ਬੇਤਰਤੀਬੇ ਟੈਂਟ ਲਾਉਣ ਵਰਗੀਆਂ ਮੁਸ਼ਕਲਾਂ ਨਾਲ ਜੂਝਣਾ ਪੈਂਦਾ ਸੀ, ਇਸ ਦਾ ਲਾਭ ਉਠਾਉਣ ਲੱਗੇ। ਆਪਣਿਆਂ ਤੋਂ ਮਿਲੇ ਵਰਦਾਨ ਦਾ ਸੁਖ ਭੋਗਦੇ ਪਿੰਡ ਦੇ ਲੋਕ ਅੱਜ ਫੁੱਲੇ ਨਹੀਂ ਸਮਾਉਂਦੇ। ਦੁੱਖ ਸੁੱਖ ਵਿੱਚ ਜੁੜਦੀ ਸੰਗਤ ਦੇ ਸਿਰਾਂ ਦੀ ਛਾਂ ਬਣਦਾ ਇਹ ਹਾਲ ਹਰ ਜਾਤ ਗੋਤ, ਅਮੀਰ ਗਰੀਬ ਨੂੰ ਸਾਂਝੇ ਚੁੱਲ੍ਹੇ ਖਾਣ ਪਕਾਉਣ ਦੀ ਭਾਈਚਾਰਕ ਅਮੀਰੀ ਬਖ਼ਸ਼ਣ ਲੱਗਿਆ; ਬੇਸ਼ੱਕ ਪਹਿਲਾਂ ਹੀ 4600 ਦੀ ਆਬਾਦੀ ਵਾਲ਼ਾ ਸਾਡਾ ਪਿੰਡ ਇੱਕ ਹੀ ਗੁਰਦੁਆਰਾ ਅਤੇ ਇੱਕੋ ਸ਼ਮਸ਼ਾਨਘਾਟ ਹੋਣ ਕਾਰਨ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ। ਇਸ ਅੰਦਰ ਇਸ ਹਾਲ ਨੇ ਹੋਰ ਸੁਹਜ ਭਰ ਦਿੱਤਾ। ਪਿੰਡ ਵਿੱਚ ਧੜਕਦੀ ਜਿ਼ੰਦਗੀ ’ਚੋਂ ਸੱਭਿਆਚਾਰਕ ਸਾਂਝ ਦੀ ਮਹਿਕ ਆਉਣ ਲੱਗੀ।
ਇਥੇ ਹੁੰਦੇ ਸਮਾਗਮਾਂ ਵਿੱਚ ਬਾਹਰੋਂ ਸ਼ਾਮਿਲ ਹੋਣ ਵਾਲੇ ਹਰ ਸ਼ਖ਼ਸ ਦਾ ਇਸ ਵਰਤਾਰੇ ਨੂੰ ਸਲਾਹੁਣਾ ਸਭਾਵਿਕ ਹੈ। ਪਿੱਛੇ ਜਿਹੇ ਲੱਗੇ ਸਿਹਤ ਸਹੂਲਤਾਂ ਦੇ ਕੈਂਪ ਵਿੱਚ ਸ਼ਾਮਿਲ ਹੋਣ ਸ਼ਹਿਰੋਂ ਆਏ ਡਾਕਟਰਾਂ ਨੇ ਇਮਾਰਤ ਨਿਹਾਰਦਿਆਂ ਸਵਾਲ ਕੀਤਾ, “ਕੌਣ ਸੀ ਇਹ ਕਿਹਰ ਸਿੰਘ ਜਿਸ ਦੀ ਯਾਦ ਵਿੱਚ ਇਹ ਇਮਾਰਤ ਬਣੀ ਐ।”
ਮਰੀਜ਼ਾਂ ਦੀ ਕਤਾਰ ’ਚੋਂ ਅੱਗੇ ਬੈਠੀ ਬਜ਼ੁਰਗ ਮਾਈ ਬੋਲੀ, “ਸੀ ਤਾਂ ਪੁੱਤ ਉਹ ਸਾਡੇ ’ਚੋਂ ਹੀ ਪਰ ਬਹੁਤ ਵਰ੍ਹੇ ਹੋਏ ਉਨ੍ਹਾਂ ਦਾ ਪਰਿਵਾਰ ਬਾਹਰਲੇ ਦੇਸ਼ ਜਾ ਵਸਿਆ। ਉਥੇ ਸੁਖ ਨਾਲ ਬਥੇਰੀ ਤਰੱਕੀ ਕਰ’ਗੇ, ਫੇਰ ਵੀ ਆਪਣੇ ਪਿਛਲੇ ਭਾਈਚਾਰੇ ਨੂੰ ਭੁੱਲੇ ਨੀ। ਦੇਖ ਲੋ ਕਿੰਨੀ ਸੋਹਣੀ ਚੀਜ ਬਣਾ ਕੇ ਦਿੱਤੀ ਐ ਸਾਨੂੰ।”
ਪਿੱਛੇ ਖੜ੍ਹੇ ਖੂੰਡੇ ਵਾਲੇ ਬਜ਼ੁਰਗ ਨੇ ਨੇੜੇ ਹੁੰਦਿਆਂ ਕਿਹਾ, “ਡਾਕਟਰ ਸਾਹਿਬ, ਇਹ ਸਭ ਵਿਦਿਆ ਦੀ ਦੇਣ ਐ। ਸਾਡੇ ਪਿੰਡ ਕੋਈ ਨੱਬੇ ਵਰ੍ਹੇ ਪਹਿਲਾਂ ਪੰਜ ਜਮਾਤਾਂ ਦਾ ਸਕੂਲ ਬਣ ਗਿਆ ਸੀ। ਉਨ੍ਹਾਂ ਸਮਿਆਂ ’ਚ ਕੋਈ ਵਿਰਲਾ ਹੀ ਬੱਚਿਆਂ ਨੂੰ ਸਕੂਲ ਪੜ੍ਹਨ ਭੇਜਦਾ ਸੀ। ਕਿਹਰ ਸਿਉਂ ਦੂਰਅੰਦੇਸ਼ੀ ਇਨਸਾਨ ਸੀ। ਉਹਨੂੰ ਵਿਦਿਆ ਦੀ ਅਹਿਮੀਅਤ ਦਾ ਗਿਆਨ ਸੀ। ਉਹਨੇ ਮਿਹਨਤ ਕਰ ਕੇ ਆਪਣੇ ਸਾਰੇ ਬੱਚੇ ਚਾਰ ਪੁੱਤਾਂ ਅਤੇ ਇੱਕ ਧੀ ਨੂੰ ਵਿਦਿਆ ਹਾਸਿਲ ਕਰਵਾਈ। ਉਹ ਉੱਚ ਵਿਦਿਆ ਪ੍ਰਾਪਤ ਕਰ ਕੇ ਵੱਡੇ ਅਹੁਦਿਆਂ ’ਤੇ ਪਹੁੰਚ ਗਏ। ਪੁਰਖਿਆਂ ਤੋਂ ਮਿਲੇ ਲੋਕ ਪੱਖੀ ਸੰਸਕਾਰ ਅਤੇ ਵਿਦਿਆ ਦਾ ਸੁਮੇਲ ਇਸ ਵਰਤਾਰੇ ਦਾ ਪੂਰਕ ਬਣਿਆ ਤਾਂ ਹੀ ਪਰਦੇਸੀਂ ਵੱਸਦੇ ਹੋਣ ਦੇ ਬਾਵਜੂਦ ਕਿਹਰ ਸਿੰਘ ਦੇ ਪਰਿਵਾਰ ਨੇ ਮਿਹਨਤ ਦੀ ਕਮਾਈ ਨੂੰ ਸੋਹਣੀ ਤਰ੍ਹਾਂ ਲੇਖੇ ਲਾ ਕੇ ਆਪਣੀਆਂ ਜੜ੍ਹਾਂ ਜੱਦੀ ਪਿੰਡ ਵਿੱਚ ਲਾ ਦਿੱਤੀਆਂ।”
ਸੰਪਰਕ: 94176-81880

Advertisement
Author Image

joginder kumar

View all posts

Advertisement
Advertisement
×