ਵਿਦਿਆ ਬਾਲਨ ਦੇ ਸਿਨੇ ਜਗਤ ਵਿੱਚ 18 ਸਾਲ ਮੁਕੰਮਲ
ਮੁੰਬਈ: ਬੌਲੀਵੁੱਡ ਅਦਾਕਾਰਾ ਵਿਦਿਆ ਬਾਲਨ ਦੇ ਸਿਨੇ ਜਗਤ ਵਿੱਚ 18 ਸਾਲ ਮੁਕੰਮਲ ਹੋ ਗੲੇ ਹਨ। ਅਦਾਕਾਰਾ ਨੇ ਆਪਣੇ ਫਿਲਮੀ ਸਫ਼ਰ ਦਾ ਸਿਹਰਾ ਮਰਹੂਮ ਨਿਰਦੇਸ਼ਕ ਪ੍ਰਦੀਪ ਸਰਕਾਰ ਨੂੰ ਦਿੰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਜਾਣਕਾਰੀ ਅਨੁਸਾਰ ਵਿਦਿਆ ਬਾਲਨ ਦੀ ਪਹਿਲੀ ਫ਼ਿਲਮ ‘ਪਰਿਣੀਤਾ’ ਦਾ ਨਿਰਦੇਸ਼ਨ ਪ੍ਰਦੀਪ ਸਰਕਾਰ ਨੇ ਕੀਤਾ ਸੀ। ਅਦਾਕਾਰਾ ਨੇ ਇੰਸਟਾਗ੍ਰਾਮ ‘ਤੇ ਵੀਡੀਓ ਸਾਂਝੀ ਕਰਦਿਆਂ ਆਖਿਆ,”ਮੈਂ ਤੁਹਾਨੂੰ ਫ਼ਿਲਮ ‘ਪਰਿਣੀਤਾ’ ਲਈ ਵਿਅਕਤੀਗਤ ਤੌਰ ‘ਤੇ ਦੁਬਾਰਾ ਸ਼ੁਕਰੀਆ ਅਦਾ ਨਹੀਂ ਕਹਿ ਸਕਦੀ ਦਾਦਾ। ਅੱਜ ‘ਪਰਿਣੀਤਾ’ ਨੂੰ ਰਿਲੀਜ਼ ਹੋਇਆਂ 18 ਸਾਲ ਹੋ ਗਏ ਹਨ।” ਅਦਾਕਾਰਾ ਵੱਲੋਂ ਸਾਂਝੀ ਕੀਤੀ ਗਈ ਵੀਡੀਓ ਵਿੱਚ ਫ਼ਿਲਮ ਦੇ ਸੈੱਟ ਦੀ ਝਲਕ ਦਿਖਾਈ ਦਿੰਦੀ ਹੈ। ਇਸ ਵੀਡੀਓ ‘ਤੇ ਸਿਨੇ ਜਗਤ ਦੀਆਂ ਹਸਤੀਆਂ ਨੇ ਪ੍ਰਤੀਕਿਰਿਆਵਾਂ ਦਿੱਤੀਆਂ ਹਨ।
ਅਦਾਕਾਰਾ ਸਿਆਨੀ ਗੁਪਤਾ ਨੇ ਆਖਿਆ,”ਤੁਸੀ ਬਹੁਤ ਲਾਜਵਾਬ ਹੋ! ਫ਼ਿਲਮ ਵਿੱਚ ਸਭ ਕੁਝ ਸ਼ਾਨਦਾਰ ਅਤੇ ਦਿਲ ਨੂੰ ਛੂਹਣ ਵਾਲਾ ਹੈ! ਦਾਦਾ!” ਅਦਾਕਾਰਾ ਆਦਿਤੀ ਰਾਓ ਹੈਦਰੀ ਨੇ ਆਖਿਆ,”ਬਹੁਤ ਸਾਰਾ ਪਿਆਰ!” ਇਕ ਪ੍ਰਸ਼ੰਸਕ ਨੇ ਆਖਿਆ,”ਇਹ ਫ਼ਿਲਮ ਨਹੀਂ ਸਗੋਂ ਜਜ਼ਬਾਤ ਹਨ।” ਜਾਣਕਾਰੀ ਅਨੁਸਾਰ ਵਿਦਿਆ ਬਾਲਨ ਨੇ ਸਾਲ 2005 ਵਿਚ ਸਿਨੇ ਜਗਤ ਵਿੱਚ ਸਫਰ ਦੇ ਸ਼ੁਰੂ ਤੋਂ ਲੈ ਕੇ ਹੁਣ ਤਕ ਸ਼ਾਨਦਾਰ ਫ਼ਿਲਮਾਂ ਕੀਤੀਆਂ ਹਨ। ਸਾਲ 2014 ਵਿੱਚ ਵਿਦਿਆ ਬਾਲਨ ਨੂੰ ਪਦਮਸ੍ਰੀ ਪੁਰਸਕਾਰ ਨਾਲ ਨਿਵਾਜਿਆ ਗਿਆ ਸੀ। -ਏਐੱਨਆਈ