ਵਿਧਾਨ ਸਭਾ ਦਾ ਰਿਕਾਰਡ ਹੁਣ ਇੰਟਰਨੈੱਟ ’ਤੇ ਹੋਵੇਗਾ ਉਪਲੱਬਧ: ਸੰਧਵਾਂ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 10 ਜੁਲਾਈ
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਦੀਆਂ ਬਹਿਸਾਂ ਦਾ ਰਿਕਾਰਡ 1937 ਤੋਂ ਲੈ ਕੇ ਹੁਣ ਗੂਗਲ ’ਤੇ ਖੋਜਣਯੋਗ ਬਣਾ ਦਿੱਤਾ ਜਾਵੇਗਾ। ਪਹਿਲੀਆਂ ਸਰਕਾਰਾਂ ’ਚ ਕਿਸ ਨੇ ਵਿਧਾਨ ਸਭਾ ਵਿੱਚ ਪੰਜਾਬ ਪੱਖੀ ਰੋਲ ਨਿਭਾਇਆ ਤੇ ਕਿਸ ਨੇ ਪੰਜਾਬ ਵਿਰੋਧੀ ਰੋਲ ਨਿਭਾਇਆ ਹੁਣ ਉਹ ਹਰ ਵਿਅਕਤੀ ਇੰਟਰਨੈੱਟ ’ਤੇ ਪੜ੍ਹ ਸਕੇਗਾ। ਪਹਿਲੀਆਂ ਸਰਕਾਰ ਵਿਧਾਨ ਸਭਾ ਦੀਆਂ ਕਾਰਵਾਈਆਂ ਹਰ ਵਿਅਕਤੀ ਤੋਂ ਇਸ ਕਰ ਕੇ ਦੂਰ ਰੱਖਦੀਆਂ ਸਨ ਕਿਉਂਕਿ ਕਈਆਂ ਨੇ ਪੰਜਾਬ ਦੇ ਵਿਰੋਧ ਵਿੱਚ ਵੱਡਾ ਰੋਲ ਨਿਭਾਇਆ ਹੈ। ਸ੍ਰੀ ਸੰਧਵਾਂ ਅੱਜ ਪਟਿਆਲਾ ਵਿੱਚ ਡਾ. ਅਮਰ ਸਿੰਘ ਆਜ਼ਾਦ ਦੇ ਸ਼ਰਧਾਂਜਲੀ ਸਮਾਰੋਹ ਵਿਚ ਪੁੱਜੇ ਹੋਏ ਸਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਲਾਹੌਰ ਦੀ ਪੰਜਾਬ ਵਿਧਾਨ ਸਭਾ ਦਾ ਰਿਕਾਰਡ ਵੀ ਉਪਲਬਧ ਕਰਵਾਏਗੀ। ਸਪੀਕਰ ਸੰਧਵਾਂ ਨੇ ਇੱਥੇ ਕਿਹਾ ਕਿ ਪੰਜਾਬ ਵਿਧਾਨ ਸਭਾ ਵਿਚ ਲਾਇਬ੍ਰੇਰੀ ਵਿੱਚ ਪੁਰਾਣੇ ਰਿਕਾਰਡ ਦਾ ਡਿਜੀਟਲਾਈਜੇਸ਼ਨ ਕਾਫ਼ੀ ਸਮਾਂ ਪਹਿਲਾਂ ਹੋ ਚੁੱਕਾ ਹੈ। ਹੁਣ ਇਸ ਦਾ ਕੰਮ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਹਵਾਲੇ ਕੀਤਾ ਹੈ।